ਪ੍ਰੇਮੀ ਮਨੋਹਰ ਲਾਲ ਦੇ ਕਾਤਲਾਂ ਨੂੰ ਸਰਕਾਰ ਤੁਰੰਤ ਕਰੇ ਗ੍ਰਿਫਤਾਰ: ਪਵਨ ਗੁਪਤਾ

ਕਿਹਾ, ਡੇਰਾ ਸ਼ਰਧਾਲੂ ਦਾ ਕਤਲ ਕਾਇਰਤਾ ਭਰਿਆ ਕਾਰਾ, ਪ੍ਰਸ਼ਾਸਨ ਅਤੇ ਸਰਕਾਰ ਅਜਿਹੇ ਅਨਸਰਾਂ ‘ਤੇ ਪਾਵੇ ਨੱਥ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਸ਼ਿਵ ਸੈਨਾ ਹਿੰਦੁਸਤਾਨ ਦੇ ਕੌਮੀ ਪ੍ਰਧਾਨ ਪਵਨ ਗੁਪਤਾ ਵੱਲੋਂ ਪ੍ਰੇਮੀ ਮਨੋਹਰ ਲਾਲ ਇੰਸਾਂ ਦੇ ਕਤਲ ਦੀ ਨਿਖੇਧੀ ਕਰਦਿਆਂ ਅਜਿਹੇ ਸ਼ਰਾਰਤੀ ਅਨਸਰਾਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਜਿਹੇ ਲੋਕ ਸਿਰਫ਼ ਨਿਹੱਥੇ ਅਤੇ ਬੇਕਸੂਰ ਲੋਕਾਂ ਉੱਪਰ ਗੋਲੀਆਂ ਚਲਾਉਣਾ ਹੀ ਜਾਣਦੇ ਹਨ। ਸ੍ਰੀ ਪਵਨ ਗੁਪਤਾ ਨੇ ਕਿਹਾ ਕਿ ਜੇਕਰ ਸਰਕਾਰਾਂ ਪਹਿਲਾਂ ਹੋਏ ਡੇਰਾ ਪ੍ਰੇਮੀਆਂ ਦੇ ਕਤਲਾਂ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਕੇ ਸਲਾਖਾ ਪਿੱਛੇ ਸੁੱਟਦੀ ਤਾਂ ਅੱਜ ਇੱਕ ਹੋਰ ਨਿਦਰੋਸ਼ ਵਿਅਕਤੀ ਦੀ ਜਾਨ ਬਚ ਸਕਦੀ ਸੀ। ਉਨ੍ਹਾਂ ਕਿਹਾ ਕਿ ਘਟੀਆ ਮਾਨਸਿਕਤਾ ਵਾਲੇ ਲੋਕਾਂ ਵੱਲੋਂ ਪੰਜਾਬ ਦੀ ਸਾਂਤੀ ਨੂੰ ਲਾਬੂ ਲਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ  ਜਦਕਿ ਸਰਕਾਰ ਅਤੇ ਪ੍ਰਸ਼ਾਸਨ ਅਜਿਹੇ ਲੋਕਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਬੁਰੀ ਤਰ੍ਹਾਂ ਨਾਕਾਮ ਹੋਈ ਹੈ।

ਸ੍ਰੀ ਗੁਪਤਾ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਵੱਲੋਂ ਮਾਨਵਤਾ ਭਲਾਈ ਦੇ ਅਨੇਕਾਂ ਕਾਰਜ਼ ਕੀਤੇ ਜਾ ਰਹੇ ਹਨ, ਪਰ ਸਮਾਜ ਦੇ ਦੋਖੀ ਵਿਅਕਤੀਆਂ ਵੱਲੋਂ ਉਨ੍ਹਾਂ ਨੂੰ ਗੋਲੀਆਂ ਮਾਰ ਕੇ ਇਨਾਮ ਦਿੱਤਾ ਜਾ ਰਿਹਾ ਹੈ, ਜੋ ਕਿ ਬਹੁਤ ਹੀ ਘਟੀਆ ਕਾਰਾ ਹੈ।  ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਕਾਂਡ ਨੂੰ ਅੰਜਾਮ ਦੇਣ ਵਾਲੇ ਲੋਕਾਂ ਦੇ ਗਿਰੇਬਾਨ ਤੱਕ ਪੁੱਜੇ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਆਕਾ ਤੱਕ ਪਹੁੰਚੇ ਜੋ ਕਿ ਅਜਿਹੇ ਘਟੀਆ ਕਾਰੇ ਕਰਵਾ ਰਹੇ ਹਨ। ਗੁਪਤਾ ਨੇ ਕਿਹਾ ਕਿ ਨਿਰਦੋਸ਼ ਡੇਰਾ ਸ਼ਰਧਾਲੂ ਦੇ ਕਤਲ ਦਾ ਉਨ੍ਹਾਂ ਨੂੰ ਬਹੁਤ ਦੁੱਖ ਹੈ ਅਤੇ ਸਮਾਜ ਦੇ ਲੋਕਾਂ ਨੂੰ ਅੱੱਗੇ ਆਕੇ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਸ਼ਰਾਰਤੀ ਤੱਤਾਂ ਦਾ ਵਿਰੋਧ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿਵ ਸੈਨਾ ਹਿੰਦੂਸਤਾਨ ਅਜਿਹੇ ਲੋਕਾਂ ਦਾ ਡੱਟ ਕੇ ਵਿਰੋਧ ਕਰਦੀ ਰਹੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.