ਸਰਕਾਰ ਨੇ ਸਲੱਮ ਬਸਤੀਆਂ ਦੇ ਪਰਿਵਾਰਾਂ ਨੂੰ ਜ਼ਮੀਨਾਂ ਦੇ ਮਾਲਕਾਨਾਂ ਹੱਕ ਦੇ ਕੇ ਦੀਵਾਲੀ ਦਾ ਤੋਹਫਾ ਦਿੱਤਾ : ਨਾਗਰਾ

ਵਿਧਾਇਕ ਅਤੇ ਡੀ.ਸੀ ਨੇ ਸਲੱਮ ਬਸਤੀ ’ਚ ਰਹਿੰਦੇ 117 ਪਰਿਵਾਰਾਂ ਨੂੰ ਜ਼ਮੀਨ ਦੇ ਮਾਲਕਾਨਾਂ ਹੱਕ ਦੇ ਸਰਟੀਫਿਕੇਟ ਵੰਡੇ

(ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਿੱਥੇ ਬਿਜਲੀ ਦੇ ਰੇਟਾਂ ਵਿਚ 3 ਰੁਪਏ ਦਾ ਘਾਟਾ ਕਰਕੇ ਪੰਜਾਬ ਨੂੰ ਦੇਸ਼ ਦਾ ਸਭ ਤੋਂ ਸਸਤੀ ਬਿਜਲੀ ਦੇਣ ਵਾਲਾ ਸੂਬਾ ਬਣਿਆ ਹੈ ਉੱਥੇ ਹੀ ਸਲੱਮ ਬਸਤੀਆਂ ਵਿਚ ਰਹਿੰਦੇ ਪਰਿਵਾਰਾਂ ਨੂੰ ਜ਼ਮੀਨ ਦੇ ਮਾਲਕਾਨਾਂ ਹੱਕ ਦੇ ਕੇ ਦੀਵਾਲੀ ਦਾ ਤੋਹਫ਼ਾ ਦਿੱਤਾ ਗਿਆ ਹੈ ਤਾਂ ਜੋ ਕੋਈ ਵੀ ਆਪਣੇ ਘਰ ਤੋਂ ਵਾਂਝਾ ਨਾ ਰਹੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਦੇ ਨਾਲ ਸਰਹਿੰਦ ਦੀ ਸਲੱਮ ਬਸਤੀ ਵਿਚ ਰਹਿੰਦੇ 117 ਪਰਿਵਾਰਾਂ ਨੂੰ ਮੁੱਖ ਮੰਤਰੀ ਬਸੇਰਾ ਯੋਜਨਾ ਅਧੀਨ ਮਾਲਕਾਨਾਂ ਹੱਕ ਦੇ ਸਰਟੀਫਿਕੇਟ ਵੰਡਣ ਮੌਕੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਦੀ ਜਿੰਦਗੀ ਦਾ ਇਹ ਸੁਪਨਾ ਹੁੰਦਾ ਹੈ ਕਿ ਉਸ ਦਾ ਆਪਣਾ ਘਰ ਹੋਵੇ ਅਤੇ ਮੁੱਖ ਮੰਤਰੀ ਬਸੇਰਾ ਸਕੀਮ ਨੇ ਪੰਜਾਬ ਦੇ ਲੱਖਾਂ ਅਜਿਹੇ ਪਰਿਵਾਰਾਂ ਦਾ ਸੁਪਨਾ ਪੂਰਾ ਕੀਤਾ ਹੈ ਜਿਨ੍ਹਾਂ ਦੇ ਆਪਣੇ ਘਰ ਨਹੀਂ ਸਨ।

ਵਿਧਾਇਕ ਨਾਗਰਾ ਨੇ ਕਿਹਾ ਕਿ ਮੁੱਖ ਮੰਤਰੀ ਸ. ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਬਣਦੇ ਹੀ ਵਿਸ਼ੇਸ ਤੌਰ ’ਤੇ ਗ਼ਰੀਬ ਵਰਗ ਦੇ ਲੋਕਾਂ ਨੂੰ ਮੁਫ਼ਤ ਬਿਜਲੀ ਦੇਣ ਦੇ ਨਾਲ-ਨਾਲ ਬਿਜਲੀ ਦੇ ਰੇਟਾਂ ਵਿਚ 3 ਰੁਪਏ ਤੱਕ ਦੀ ਕਟੌਤੀ ਕਰਕੇ ਦੀਵਾਲੀ ਤੋਂ ਪਹਿਲਾਂ ਇੱਕ ਅਜਿਹਾ ਤੋਹਫਾ ਦਿੱਤਾ ਹੈ ਜੋ ਕਿ ਦੇਸ਼ ਭਰ ਵਿਚ ਹੋਰ ਕਿਸੇ ਵੀ ਸੂਬੇ ਵਿਚ ਨਹੀਂ ਦਿੱਤੀ ਜਾ ਰਹੀ। ਇਸ ਤੋਂ ਇਲਾਵਾ ਸ਼ਗਨ ਸ਼ਕੀਮ, ਪੈਨਸ਼ਨ ਸਕੀਮਾਂ ਤੇ ਹੋਰ ਲਾਭਕਾਰੀ ਸਕੀਮਾਂ ਅਧੀਨ ਮਿਲਣ ਵਾਲੀ ਰਾਸ਼ੀ ਨੂੰ ਵਧਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਗਰੀਬ ਲੋਕ 40-50 ਸਾਲ ਤੋਂ ਜਿਸ ਜ਼ਮੀਨ ’ਤੇ ਰਹਿ ਰਹੇ ਹਨ ਉਨ੍ਹਾਂ ਪਾਸ ਇਸ ਜ਼ਮੀਨ ਦੇ ਮਾਲਕਾਨਾਂ ਹੱਕ ਨਾ ਹੋਣ ਕਾਰਨ ਉਹ ਕਈ ਸਕੀਮਾਂ ਤੋ ਵਾਂਝੇ ਰਹਿ ਜਾਂਦੇ ਸਨ ਪ੍ਰੰਤੂ ਹੁਣ ਉਨ੍ਹਾਂ ਨੂੰ ਸਰਕਾਰ ਦੀਆਂ ਹੋਰ ਸਕੀਮਾਂ ਦਾ ਲਾਭ ਵੀ ਮਿਲ ਸਕੇਗਾ।

ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗਰੀਬਾਂ ਨੂੰ ਜ਼ਮੀਨ ਦੇ ਮਾਲਕਾਨਾਂ ਹੱਕ ਦੇ ਕੇ ਇਹ ਸਾਬਤ ਕੀਤਾ ਹੈ ਕਿ ਸਰਕਾਰ ਹਰੇਕ ਵਰਗ ਦੇ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਮੀਨ ਦੇ ਮਾਲਕਾਨਾਂ ਹੱਕ ਮਿਲਣ ਨਾਲ ਹੁਣ ਇਹ ਲੋਕ ਆਪਣੇ ਘਰਾਂ ਨੂੰ ਆਪਣੇ ਸੁਪਨਿਆਂ ਵਾਂਗ ਸਜਾ ਸਕਣਗੇ ਅਤੇ ਹੁਣ ਇਨ੍ਹਾਂ ਨੂੰ ਹੋਰ ਸਕੀਮਾਂ ਦਾ ਲਾਭ ਵੀ ਮਿਲ ਸਕੇਗਾ। ਇਸ ਮੌਕੇ ਵਿਧਾਇਕ ਨਾਗਰਾ ਦੀ ਧਰਮਪਤਨੀ ਮਨਦੀਪ ਕੌਰ ਨਾਗਰਾ, ਵਧੀਕ ਡਿਪਟੀ ਕਮਿਸ਼ਨਰ ਅਨੁਪਿ੍ਰਤਾ ਜੌਹਲ, ਐਸ.ਡੀ.ਐਮ ਫ਼ਤਹਿਗੜ੍ਹ ਸਾਹਿਬ ਹਿਮਾਂਸ਼ੂ ਸ਼ਰਮਾ, ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਸਰਹਿੰਦ ਗੁਰਪਾਲ ਸਿੰਘ, ਜ਼ਿਲ੍ਹਾ ਪ੍ਰਧਾਨ ਸੁਭਾਸ਼ ਸੂਦ, ਕੌਂਸਲਰ ਅਸ਼ੋਕ ਕੁਮਾਰ, ਚਰੰਜੀਵ ਜੋਸ਼ੀ, ਤਿਰਲੋਕੀ, ਜਗਜੀਤ ਸਿੰਘ ਕੋਕੀ, ਨਰਿੰਦਰ ਪਿ੍ਰੰਸ, ਅਰਵਿੰਦਰ ਸਿੰਘ ਬਿੱਟੂ, ਵਿਸਾਖੀ ਰਾਮ ਆਦਿ ਮੌਜੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ