ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਦਾ ਤੁਗਲਕੀ ਫ਼ਰਮਾਨ, ਉਮੀਦਵਾਰ ਹੀ ਹੋਣ ਪਰੇਸ਼ਾਨ
- ਹਰ ਜਵਾਬ ‘ਤੇ ਸੁਆਲਿਆ ਨਿਸ਼ਾਨ ਲਈ ਦੇਣੇ ਪੈਣਗੇ 590 ਰੁਪਏ, ਜੇਕਰ 10 ਜਵਾਬ ਗਲਤ ਤਾਂ ਦੇਣੇ ਪੈਣਗੇ 5900 ਰੁਪਏ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ‘ਚ ਰੁਜ਼ਗਾਰ ਮੇਲੇ ਲਾ ਕੇ ਰੁਜ਼ਗਾਰ ਦੇਣ ਵਾਲੀ ਪੰਜਾਬ ਸਰਕਾਰ ਨੇ ਹੁਣ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ‘ਲੁੱਟ ਦਾ ਸ਼ਿਕਾਰ’ ਬਣਾਉਣ ਲਈ ਤੁਗਲਕ ਫ਼ਰਮਾਨ ਚਾੜ੍ਹਨੇ ਸ਼ੁਰੂ ਕਰ ਦਿੱਤੇ ਹਨ। ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਇਸੇ ਮਹੀਨੇ ਅਪਰੈਲ ‘ਚ ਟੈਕਸ ਅਤੇ ਆਬਕਾਰੀ ਇੰਸਪੈਕਟਰ ਤੋਂ ਇਲਾਵਾ ਚੋਣ ਕਾਨੂੰਗੋ ਲਈ ਪ੍ਰੀਖਿਆ ਲੈਣ ਜਾ ਰਿਹਾ ਹੈ। ਜੇਕਰ ਇਸ ਪ੍ਰੀਖਿਆ ਵਿੱਚ ਬੋਰਡ ਵੱਲੋਂ ਕੋਈ ਗਲਤੀ ਹੋਈ ਤਾਂ ਵਿਦਿਆਰਥੀ ਨੂੰ ਬੋਰਡ ਦੀ ਗਲਤੀ ਦੱਸਣ ਲਈ ਇਮਾਨ ਮਿਲਣ ਦੀ ਥਾਂ ‘ਤੇ ਉਲਟਾ ਵਿਦਿਆਰਥੀ ਨੂੰ ਹੀ 590 ਰੁਪਏ ਦੇਣੇ ਪੈਣਗੇ। ਜਿਹੜੇ ਕਿ ਸਿਰਫ਼ ਇੱਕ ਸਵਾਲ ਲਈ ਹੋਣਗੇ। ਜੇਕਰ ਤੁਹਾਨੂੰ ਬੋਰਡ ਦੀ ਗਲਤੀ ਇੱਕ ਤੋਂ ਵੱਧ ਥਾਂ ‘ਤੇ ਨਜ਼ਰ ਆ ਰਹੀ ਹੈ ਤਾਂ ਵਿਦਿਆਰਥੀ ਨੂੰ ਹਰ ਗਲਤੀ ਦੀ ਜਾਣਕਾਰੀ ਲਈ 590 ਰੁਪਏ ਦੇਣਗੇ ਹੋਣਗੇ।
ਐੱਸਐੱਸਐੱਸ ਬੋਰਡ ਦੇ ਇਸ ਤੁਗਲਕ ਫ਼ਰਮਾਨ ਨੂੰ ਜਾਰੀ ਕਰਨ ਵਾਲੇ ਬੋਰਡ ਦੇ ਚੇਅਰਮੈਨ ਨੂੰ ਹੀ ਇਸ ਸਬੰਧੀ ਜਾਣਕਾਰੀ ਨਹੀਂ ਹੈ। ਜਾਣਕਾਰੀ ਅਨੁਸਾਰ ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ 8 ਅਪਰੈਲ ਨੂੰ ਟੈਕਸ ਅਤੇ ਆਬਕਾਰੀ ਇੰਸਪੈਕਟਰ ਦੇ ਨਾਲ ਹੀ ਚੋਣ ਕਾਨੂੰਗੋ ਦੀ ਪੋਸਟਾਂ ਲਈ ਪ੍ਰੀਖਿਆ ਲੈਣ ਜਾ ਰਿਹਾ ਹੈ। ਇਸੇ ਦਿਨ 8 ਅਪਰੈਲ ਨੂੰ ਪ੍ਰੀਖਿਆ ਹੋਣ ਤੋਂ ਬਾਅਦ ਸ਼ਾਮ 5 ਵਜੇ ਐੱਸਐੱਸਐੱਸ ਬੋਰਡ ਪੰਜਾਬ ਵੱਲੋਂ ਆਪਣੀ ਵੈਬਸਾਈਟ ‘ਤੇ ਸਵਾਲਾਂ ਦੇ ਜਵਾਬ ਵੀ ਜਾਰੀ ਕਰ ਦਿੱਤੇ ਜਾਣਗੇ। ਜੇਕਰ ਤੁਹਾਨੂੰ ਲੱਗਦਾ ਹੈ ਕਿ ਬੋਰਡ ਵੱਲੋਂ ਜਾਰੀ ਕੀਤੇ ਗਏ ਉੱਤਰਾਂ ‘ਚੋਂ ਕੁਝ ਉੱਤਰ ਹਨ ਤਾਂ ਕੋਈ ਵੀ ਵਿਦਿਆਰਥੀ ਇੱਕ ਫਾਰਮ ਭਰਦੇ ਹੋਏ ਉਨ੍ਹਾਂ ਸਵਾਲਾਂ ਦੇ ਉੱਤਰਾਂ ਨੂੰ ਚੁਣੌਤੀ ਦੇ ਸਕਦਾ ਹੈ ਪਰ ਇਸ ਚੁਣੌਤੀ ਨੂੰ ਦੇਣ ਲਈ ਹਰ ਵਿਦਿਆਰਥੀ ਨੂੰ ਕਥਿਤ ‘ਲੁੱਟ’ ਦਾ ਸ਼ਿਕਾਰ ਹੋਣਾ ਪਏਗਾ।
ਇਹ ਵੀ ਪੜ੍ਹੋ : ਕਿਸਾਨ ਸਿਖਲਾਈ ਕੈਂਪ ’ਚ ਦੱਸੇ ਸਰਕਾਰੀ ਸਕੀਮਾਂ ਦੇ ਫਾਇਦੇ
ਵਿਦਿਆਰਥੀ ਵੱਲੋਂ ਹਰ ਸਵਾਲ ਦੇ ਉੱਤਰ ਲਈ ਚੁਣੌਤੀ ਦੇਣ ਲਈ 590 ਰੁਪਏ ਦਾ ਡਰਾਫਟ ਐੱਸਐੱਸਐੱਸ ਬੋਰਡ ਨੂੰ ਦੇਣਾ ਪਏਗਾ। ਜੇਕਰ ਕਿਸੇ ਵੀ ਵਿਦਿਆਰਥੀ ਨੂੰ ਲੱਗਦਾ ਹੈ ਕਿ ਬੋਰਡ ਨੇ ਵੱਡੀ ਗਲਤੀ ਕਰਦੇ ਹੋਏ 10 ਸਵਾਲਾਂ ਦੇ ਜਵਾਬ ਗਲਤ ਦਿੱਤੇ ਹਨ ਤਾਂ ਹਰ ਚੁਣੌਤੀ ਲਈ 590 ਰੁਪਏ ਦੇਣੇ ਪੈਣਗੇ। ਇਸ ਹਿਸਾਬ ਨਾਲ 5900 ਰੁਪਏ ਬੋਰਡ ‘ਚ ਜਮ੍ਹਾ ਕਰਵਾਉਣੇ ਪੈਣਗੇ। ਇੱਥੇ ਖ਼ਾਸ ਗੱਲ ਇਹ ਹੈ ਜੇਕਰ ਬੋਰਡ ਦੀ ਗਲਤੀ ਨਿਕਲ ਆਉਂਦੀ ਹੈ ਤਾਂ ਐੱਸਐੱਸਐੱਸ ਬੋਰਡ ਆਪਣੀ ਗਲਤੀ ਨੂੰ ਸੁਧਾਰਦੇ ਹੋਏ ਚੁਣੌਤੀ ਦੇਣ ਵਾਲੇ ਵਿਦਿਆਰਥੀ ਨੂੰ ਉਸ ਦਾ ਫਾਇਦਾ ਤਾਂ ਦੇ ਦੇਵੇਗਾ ਪਰ ਇਸ ਤੋਂ ਇਲਾਵਾ ਕਿਸੇ ਵੀ ਵਿਦਿਆਰਥੀ ਨੂੰ ਉਸ ਸਰਕਾਰੀ ਗਲਤੀ ਦਾ ਫਾਇਦਾ ਨਹੀਂ ਮਿਲੇਗਾ। ਜਿਹੜਾ ਕਿ ਨਾ ਸਿਰਫ਼ ਹੈਰਾਨੀਜਨਕ ਹੈ ਸਗੋਂ ਬੋਰਡ ਦੇ ਗਲਤ ਫੈਸਲਿਆਂ ‘ਚੋਂ ਇੱਕ ਗਲਤ ਫੈਸਲਾ ਹੈ। ਕਿਉਂਕਿ ਗਲਤੀ ਫੜ੍ਹੀ ਜਾਣ ‘ਤੇ ਪ੍ਰੀਖਿਆ ‘ਚ ਬੈਠੇ ਹਰ ਵਿਦਿਆਰਥੀ ਨੂੰ ਉਸ ਦਾ ਫਾਇਦਾ ਮਿਲਣਾ ਚਾਹੀਦਾ ਹੈ, ਜਦੋਂ ਕਿ ਐੱਸਐੱਸਐੱਸ ਬੋਰਡ ਇੰਜ ਨਹੀਂ ਕਰ ਰਿਹਾ ਹੈ।
ਤਿੰਨ ਮਹੀਨਿਆਂ ਵਿੱਚ ਫੀਸ ‘ਚ ਕਰ ਦਿੱਤਾ 600 ਫੀਸਦੀ ਵਾਧਾ
ਐੱਸਐੱਸਐੱਸ ਬੋਰਡ ਵੱਲੋਂ ਪਿਛਲੇ ਸਾਲ 5 ਨਵੰਬਰ 2017 ਨੂੰ ਲਈ ਗਈ ਉਪ ਵੈਦ ਦੀਆਂ ਅਸਾਮੀਆਂ ਲਈ ਪ੍ਰੀਖਿਆ ‘ਚ ਸਵਾਲਾਂ ਦੇ ਜਵਾਬ ਲਈ ਇਤਰਾਜ਼ ਜ਼ਾਹਿਰ ਕਰਨ ਲਈ 100 ਰੁਪਏ ਪ੍ਰਤੀ ਸਵਾਲ ਫੀਸ ਤੈਅ ਕੀਤੀ ਗਈ ਸੀ। ਇਸ ਪ੍ਰੀਖਿਆ ਨੂੰ ਹੋਏ ਸਿਰਫ਼ 3 ਮਹੀਨੇ ਹੀ ਬੀਤੇ ਹਨ ਕਿ ਬੋਰਡ ਨੇ ਇਤਰਾਜ਼ ਫੀਸ ‘ਚ 600 ਫੀਸਦੀ ਵਾਧਾ ਕਰਦੇ ਹੋਏ 100 ਰੁਪਏ ਤੋਂ ਸਿੱਧਾ 590 ਰੁਪਏ ਫੀਸ ਕਰ ਦਿੱਤੀ ਹੈ। ਇਸ ਦੇਸ਼ ਭਰ ‘ਚ ਸਭ ਤੋਂ ਜ਼ਿਆਦਾ ਇਤਰਾਜ਼ ਫੀਸ ਹੈ ਤੇ ਕਾਫ਼ੀ ਸੂਬਿਆਂ ‘ਚ ਤਾਂ ਮੁਫ਼ਤ ‘ਚ ਇਤਰਾਜ਼ ਲਏ ਜਾਂਦੇ ਹਨ।
ਚੇਅਰਮੈਨ ਨੂੰ ਜਾਣਕਾਰੀ ਨਹੀਂ, ਸਕੱਤਰ ਬੋਰਡ ਵੀ ਅਨਜਾਣ
ਐੱਸਐੱਸਐੱਸ ਬੋਰਡ ਦੇ ਚੇਅਰਮੈਨ ਰਮਨ ਬਹਿਲ ਨੂੰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਹੈ ਕਿਉਂਕਿ ਉਨ੍ਹਾਂ ਦੀ ਸਿਰਫ਼ 4-5 ਦਿਨ ਪਹਿਲਾਂ ਹੀ ਬਤੌਰ ਚੇਅਰਮੈਨ ਨਿਯੁਕਤੀ ਹੋਈ ਹੈ। ਜਦੋਂ ਕਿ ਚੇਅਰਮੈਨ ਤੋਂ ਬਾਅਦ ਬੋਰਡ ਦੇ ਕਰਤਾ-ਧਰਤਾ ਸਕੱਤਰ ਕਮਲ ਗਰਗ ਨੇ ਵੀ ਇਸ ਤੋਂ ਅਨਜਾਣ ਹੋਣ ਦੀ ਗੱਲ ਦੁਹਰਾਈ। ਜਦੋਂ ਕਿ ਸਕੱਤਰ ਕਮਲ ਗਰਗ ਨੇ ਬਾਅਦ ‘ਚ ਮੰਨਿਆ ਕਿ 590 ਰੁਪਏ ਗਲਤੀ ਨਾਲ ਫੀਸ ਬੋਰਡ ਦੀ ਵੈਬਸਾਈਟ ‘ਤੇ ਜਾਰੀ ਹੋ ਗਈ ਸੀ, ਜਿਸ ਨੂੰ ਕਿ ਜਲਦ ਹੀ ਠੀਕ ਕਰਦੇ ਹੋਏ 100 ਰੁਪਏ ਕਰ ਦਿੱਤਾ ਜਾਏਗਾ ਪਰ ਵਿਦਿਆਰਥੀ ਨੂੰ ਇਤਰਾਜ਼ ਜ਼ਾਹਿਰ ਕਰਨ ਲਈ ਫੀਸ ਤਾਂ ਦੇਣੀ ਪਏਗੀ।