government | ਹੁਣ ਅਤੁਲ ਨੰਦਾ ਦੁਆਲੇ ਹੋਏ ਬਾਜਵਾ ਹਟਾਉਣ ਲਈ ਕਿਹਾ
ਸੁਰੇਸ਼ ਕੁਮਾਰ ਦਾ ਕੇਸ ਹਾਰਨ ਤੋਂ ਬਾਅਦ ਡੀਜੀਪੀ ਦਾ ਵੀ ਕੇਸ ਹਾਰੇ ਨੰਦਾ, ਇੱਕ ਵੀ ਕੇਸ ਨਹੀਂ ਜਿੱਤੇ : ਬਾਜਵਾ
ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਸਰਕਾਰ ਉੱਚ ਅਦਾਲਤਾਂ ਵਿੱਚ ਜਿਆਦਾ ਕੇਸ ਹਾਰਨ ਵਿੱਚ ਰਿਕਾਰਡ ਬਣਾਉਣ ਵਿੱਚ ਲਗੀ ਹੋਈ ਹੈ। ਇੱਕ ਕੇਸ ਤੋਂ ਬਾਅਦ ਇੱਕ ਕੇਸ ਹਾਰਨ ਵਾਲੀ ਪੰਜਾਬ ਸਰਕਾਰ ਹੁਣ ਆਪਣੇ ਡੀਜੀਪੀ ਨੂੰ ਵੀ ਬਚਾਉਣ ਵਿੱਚ ਕਾਮਯਾਬ ਸਾਬਤ ਨਹੀਂ ਹੋਈ ਹੈ। ਸਰਕਾਰ ਨੂੰ ਅਦਾਲਤਾਂ ਵਿੱਚ ਕੇਸ ਜਿਤਾਉਣ ਦੀ ਭੂਮਿਕਾ ਨਿਭਾਉਣ ਵਿੱਚ ਅਸਫ਼ਲ ਹੁੰਦੇ ਨਜ਼ਰ ਆ ਰਹੇ ਐਡਵੋਕੇਟ ਅਤੁਲ ਨੰਦਾ ਦੇ ਦੁਆਲੇ ਹੁਣ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਹੋ ਗਏ ਹਨ। ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਅਤੁਲ ਨੰਦਾ ‘ਤੇ ਤਿੱਖਾ ਹਮਲਾ ਕੀਤਾ ਸੀ।
ਅਤੁਲ ਨੰਦਾ ‘ਤੇ ਹਰ ਕੇਸ ਹਾਰਨ ਦਾ ਦੋਸ਼ ਲਗਾਉਂਦੇ ਹੋਏ ਪ੍ਰਤਾਪ ਬਾਜਵਾ ਨੇ ਉਨਾਂ ਨੂੰ ਐਡਵੋਕੇਟ ਜਨਰਲ ਦੀ ਕੁਰਸੀ ਤੋਂ ਲਾਂਭੇ ਕਰਨ ਦੀ ਹੀ ਮੰਗ ਕਰ ਦਿੱਤੀ ਹੈ। ਪ੍ਰਤਾਪ ਬਾਜਵਾ ਨੇ ਇਸ ਮਾਮਲੇ ਵਿੱਚ ਇੱਕ ਖੁੱਲਾ ਪੱਤਰ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਲਿਖਿਆ ਹੈ। ਪ੍ਰਤਾਪ ਬਾਜਵਾ ਨੇ ਲਿਖਿਆ ਹੈ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਨਜਦੀਕੀ ਹੋਣ ਕਰਕੇ ਅਤੁਲ ਨੰਦਾ ਦੀ ਨਿਯੁਕਤੀ ਬਤੌਰ ਐਡਵੋਕੇਟ ਜਨਰਲ ਕੀਤੀ ਗਈ ਸੀ ਪਰ ਇਹ ਨਿਯੁਕਤੀ ਪੰਜਾਬ ਨੂੰ ਕਾਫ਼ੀ ਜਿਆਦਾ ਭਾਰੀ ਪੈ ਰਹੀਂ ਹੈ,
ਧੁਆਈ ਮਾਮਲੇ ਵਿੱਚ ਕੇਸ ਹਾਰਦੇ ਹੋਏ ਅਤੁਲ ਨੰਦਾ ਨੇ ਪੰਜਾਬ ਦੇ ਲੋਕਾਂ ‘ਤੇ ਵਾਧੂ ਬੋਝ ਪਵਾ ਦਿੱਤਾ
ਪ੍ਰਤਾਪ ਬਾਜਵਾ ਨੇ ਲਿਖਿਆ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਚੀਫ਼ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਦਾ ਕੇਸ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸਰਕਾਰ ਨੂੰ ਹਰ ਹਾਲਤ ਵਿੱਚ ਜਿੱਤਣਾ ਚਾਹੀਦਾ ਸੀ ਪਰ ਪੰਜਾਬ ਸਰਕਾਰ ਇਸ ਕੇਸ ਨੂੰ ਹਾਰ ਗਈ। ਇਸ ਤੋਂ ਬਾਅਦ ਕੋਲੇ ਦੀ ਧੁਆਈ ਮਾਮਲੇ ਵਿੱਚ ਕੇਸ ਹਾਰਦੇ ਹੋਏ ਅਤੁਲ ਨੰਦਾ ਨੇ ਪੰਜਾਬ ਦੇ ਲੋਕਾਂ ‘ਤੇ ਵਾਧੂ ਬੋਝ ਪਵਾ ਦਿੱਤਾ ਹੈ।
ਪ੍ਰਤਾਪ ਬਾਜਵਾ ਨੇ ਕਿਹਾ ਕਿ ਇਸ ਤੋਂ ਇਲਾਵਾ ਸ਼ੁੱਕਰਵਾਰ ਨੂੰ ਹੀ ਪੁਲਿਸ ਮੁੱਖੀ ਨੂੰ ਹਟਾਉਣ ਦਾ ਆਦੇਸ਼ ਆ ਗਿਆ ਹੈ ਕੈਟ ਵਿੱਚ ਪੰਜਾਬ ਸਰਕਾਰ ਜਿੱਤ ਨਹੀਂ ਪਾਈ ਹੈ। ਪ੍ਰਤਾਪ ਬਾਜਵਾ ਨੇ ਕਿਹਾ ਇਸ ਦੇ ਨਾਲ ਹੀ ਡਰਗਜ਼ ਦੇ ਮਾਮਲੇ ਵਿੱਚ ਕੇਸ ਸਰਕਾਰ ਹਾਈ ਕੋਰਟ ਵਿੱਚ ਲਗਵਾ ਨਹੀਂ ਸਕੀ ਤਾਂ ਮਾਈਨਿੰਗ ਦੇ ਮਾਮਲੇ ਵਿੱਚ ਵੀ ਸਰਕਾਰ ਦੀ ਕਿਰਕਿਰੀ ਹੋਈ ਹੈ। ਇਸ ਤੋਂ ਇਲਾਵਾ ਲੈਦਰ ਕੰਪਲੈਕਸ ਜਲੰਧਰ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਿੱਚ ਵੀ ਸਰਕਾਰ ਨੂੰ ਮੂੰਹ ਦੀ ਖਾਣੀ ਪਈ ਸੀ।
ਅਤੁਲ ਨੰਦਾ ਬਾਰੇ ਕਿੰਤੂ-ਪ੍ਰੰਤੂ ਕਰਨਾ ਤੁਹਾਡਾ ਕੰਮ ਨਹੀਂ : ਅਮਰਿੰਦਰ ਸਿੰਘ
ਰਾਜ ਸਭਾ ਮੈਂਬਰ ਵੱਲੋਂ ਐਡਵੋਕੇਟ ਜਨਰਲ ਅਤੁਲ ਨੰਦਾ ਨੂੰ ਹਟਾਉਣ ਲਈ ਕੀਤੀ ਗਈ ਮੰਗ ਨੂੰ ਬੇਤੁਕੀ ਅਤੇ ਗਲਤ ਦੱਸਦੇ ਹੋਏ ਇਸ ਨੂੰ ਰੱਦ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਆਖਿਆ ਕਿ ਉਹ ਮੇਰੀ ਸਰਕਾਰ ਦੇ ਕੰਮਕਾਜ ਤੋਂ ਪਾਸੇ ਰਹਿਣ ਜਿਸ ਤੋਂ ਉਹ ਪੂਰੀ ਤਰਾਂ ਅਣਜਾਣ ਹੋ।
ਬਾਜਵਾ ਦੇ ਖੁੱਲੇ ਪੱਤਰ ਜਿਸ ਵਿੱਚ ਐਡਵੋਕੇਟ ਜਨਰਲ ਦੀਆਂ ਕਥਿਤ ਨਾਕਾਮੀਆਂ ਦਾ ਜ਼ਿਕਰ ਕੀਤਾ ਗਿਆ ਹੈ, ਉਪਰ ਸਖ਼ਤ ਰੁਖ ਅਪਣਾਉਂਦਿਆਂ ਮੁੱਖ ਮੰਤਰੀ ਨੇ ਇਸ ਨੂੰ ਪੰਜਾਬ ਕਾਂਗਰਸ ਦੇ ਸਾਬਕਾ ਮੁਖੀ ਵੱਲੋਂ ਸਿਆਸੀ ਸ਼ੋਹਰਤ ਖੱਟਣ ਲਈ ਤੜਫਣ ਦੀ ਨਿਸ਼ਾਨੀ ਦੱਸਿਆ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ,”ਮੈਨੂੰ ਐਡਵੋਕੇਟ ਜਨਰਲ ਵਿੱਚ ਪੂਰਨ ਵਿਸ਼ਵਾਸ ਹੈ।” ਮੁੱਖ ਮੰਤਰੀ ਨੇ ਸ੍ਰੀ ਬਾਜਵਾ ਨੂੰ ਕਿਹਾ,”ਅਤੁਲ ਨੰਦਾ ਦੀ ਕਾਬਲੀਅਤ ਨੂੰ ਸਮਝਣ ਦੇ ਤੁਸੀਂ ਨਾ ਤਾਂ ਸਮਰੱਥ ਹੋ ਅਤੇ ਨਾ ਹੀ ਯੋਗ ਅਤੇ ਜਿਨਾਂ ਮਸਲਿਆਂ ਬਾਰੇ ਤੁਹਾਨੂੰ ਕੁਝ ਪਤਾ ਹੀ ਨਹੀਂ ਹੈ, ਉਨਾਂ ਉਪਰ ਕਿੰਤੂ-ਪ੍ਰੰਤੂ ਜਾਂ ਦਖ਼ਲ-ਅੰਦਾਜ਼ੀ ਕਰਨ ਦਾ ਤੁਹਾਡਾ ਕੋਈ ਕੰਮ ਨਹੀਂ।”
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।