ਅਧਿਆਪਕਾਂ ਨੇ ਵੱਖ-ਵੱਖ ਸਕੂਲਾਂ ਵਿਚ ਅਧਿਆਪਕ ਵਿਰੋਧੀ ਪੱਤਰ ਦੀਆਂ ਕਾਪੀਆਂ ਫੂਕੀਆਂ
ਕੋਟਕਪੂਰਾ, ( ਸੁਭਾਸ਼ ਸ਼ਰਮਾ/ਅਜੈ ਮਨਚੰਦਾ)। ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ (Government School Teachers Union) ਪੰਜਾਬ ਦੇ ਸੂਬਾ ਪ੍ਰਧਾਨ ਸੁਰਿੰਦਰ ਕੁਮਾਰ ਕੁਆਰੀ, ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸਿੰਘ ਖਾਨਪੁਰ ਤੇ ਪ੍ਰਵੀਨ ਕੁਮਾਰ ਲੁਧਿਆਣਾ, ਜਨਰਲ ਸਕੱਤਰ ਗੁਰਪ੍ਰੀਤ ਮਾੜੀਮੇਘਾ, ਵਿੱਤ ਸਕੱਤਰ ਨਵੀਨ ਸਚਦੇਵਾ, ਪ੍ਰੈੱਸ ਸਕੱਤਰ ਟਹਿਲ ਸਿੰਘ ਸਰਾਭਾ, ਮਾਲਵਾ ਜ਼ੋਨ 5 ਦੇ ਜਥੇਬੰਦਕ ਸਕੱਤਰ ਅਤੇ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਸ਼ਿੰਦਰਪਾਲ ਸਿੰਘ ਢਿੱਲੋਂ , ਜ਼ਿਲ੍ਹਾ ਫ਼ਰੀਦਕੋਟ ਦੇ ਜਨਰਲ ਸਕੱਤਰ ਸੁਖਚੈਨ ਸਿੰਘ ਰਾਮਸਰ ਤੇ ਜ਼ਿਲ੍ਹਾ ਕਮੇਟੀ ਮੈਂਬਰ ਬੇਅੰਤ ਸਿੰਘ ਮੌੜ ਨੇ ਪਿਛਲੇ ਸਮੇਂ ਦੌਰਾਨ ਅਧਿਆਪਕਾਂ ਦੀਆਂ ਹੋਈਆਂ ਬਦਲੀਆਂ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਸਿੱਖਿਆ ਮੰਤਰੀ ਪੰਜਾਬ ਦੇ ਖਿਲਾਫ ਵਿਰੋਧ ਕਰ ਰਹੇ ਅਧਿਆਪਕਾਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਕਰਨ ਲਈ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ (ਐਲੀਮੈਂਟਰੀ ਸਿੱਖਿਆ) ਵੱਲੋਂ ਕੱਲ੍ਹ 4 ਅਪਰੈਲ ਨੂੰ ਪੰਜਾਬ ਰਾਜ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੇ ਨਾਂਅ ਜਾਰੀ ਕੀਤੇ ਗਏ ਪੱਤਰ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ।
ਤੁਰੰਤ ਅਧਿਆਪਕਾਂ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਹੱਕੀ ਅਤੇ ਜਾਇਜ਼ ਮੰਗਾਂ ਪੂਰੀਆਂ ਕੀਤੀਆਂ ਜਾਣ
ਇਸ ਪੱਤਰ ਦੇ ਜਾਰੀ ਹੋਣ ਤੋਂ ਬਾਅਦ ਗੁੱਸੇ ਵਿੱਚ ਆਏ ਅਧਿਆਪਕਾਂ ਨੇ ਅੱਜ ਪੰਜਾਬ ਦੇ ਵੱਖ-ਵੱਖ ਸਕੂਲਾਂ ਵਿੱਚ ਇਸ ਅਧਿਆਪਕ ਵਿਰੋਧੀ ਪੱਤਰ ਦੀਆਂ ਕਾਪੀਆਂ ਫੂਕੀਆਂ ਗਈਆਂ। ਅਧਿਆਪਕ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਨਵੇਂ ਬਣੇ ਸਿੱਖਿਆ ਮੰਤਰੀ ਮੀਤ ਹੇਅਰ ਨੂੰ ਇਹ ਗੱਲ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਅਧਿਆਪਕਾਂ ਨਾਲ ਬੇਇਨਸਾਫੀ ਕਰਨ ਵਾਲੇ ਤੇ ਅਧਿਆਪਕਾਂ ਵਿਰੋਧੀ ਵਤੀਰਾ ਅਪਣਾਉਣ ਵਾਲੇ ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਜਥੇਦਾਰ ਤੋਤਾ ਸਿੰਘ ,ਸਿਕੰਦਰ ਸਿੰਘ ਮਲੂਕਾ , ਡਾ. ਦਲਜੀਤ ਸਿੰਘ ਚੀਮਾ ਤੇ ਵਿਜੈ ਇੰਦਰ ਸਿੰਗਲਾ ਅਧਿਆਪਕਾਂ ਦੇ ਤਿੱਖੇ ਵਿਰੋਧ ਕਾਰਨ ਮੁੜ ਪੰਜਾਬ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਨ ਨੂੰ ਤਰਸ ਰਹੇ ਹਨ ।
ਅਧਿਆਪਕ ਆਗੂਆਂ ਨੇ ਪੰਜਾਬ ਦੇ ਸਿੱਖਿਆ ਮੰਤਰੀ ਮੀਤ ਹੇਅਰ ਨੂੰ ਸੁਝਾਅ ਦਿੱਤਾ ਕਿ ਤੁਰੰਤ ਅਧਿਆਪਕਾਂ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਹੱਕੀ ਅਤੇ ਜਾਇਜ਼ ਮੰਗਾਂ ਦੇ ਨਿਪਟਾਰੇ ਲਈ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਲੀਡਰਸ਼ਿਪ ਨਾਲ ਤੁਰੰਤ ਮੀਟਿੰਗ ਕਰ ਕੇ ਮਸਲੇ ਹੱਲ ਕਰਨ । ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਵੱਲੋਂ ਜਾਰੀ ਕੀਤੇ ਗਏ ਇਹ ਹੁਕਮ ਤੁਰੰਤ ਵਾਪਸ ਲਏ ਜਾਣ ਤੇ ਜੇਕਰ ਇਹ ਹੁਕਮ ਡੀ .ਪੀ. ਆਈ. (ਐਲੀਮੈਂਟਰੀ ਸਿੱਖਿਆ) ਪੰਜਾਬ ਨੇ ਆਪਣੇ ਪੱਧਰ ’ਤੇ ਜਾਰੀ ਕੀਤੇ ਹਨ ਤਾਂ ਤੁਰੰਤ ਇਸ ਅਧਿਕਾਰੀ ਦੇ ਖ਼ਿਲਾਫ਼ ਬਣਦੀ ਯੋਗ ਕਾਰਵਾਈ ਕੀਤੀ ਜਾਵੇ ।
ਇਸ ਮੌਕੇ’ ਤੇ ਹੋਰਨਾਂ ਤੋਂ ਇਲਾਵਾ ਅਧਿਆਪਕ ਜਸਕਰਨ ਸਿੰਘ , ਸੋਮਵੀਰਾ , ਚਰਨਜੀਤ ਸਿੰਘ , ਕੁਲਵਿੰਦਰ ਕੌਰ ,ਰਾਣੀ ਕੌਰ ,ਬੇਅੰਤ ਕੌਰ , ਮਨਜੀਤ ਕੌਰ, ਕਮਲਜੀਤ ਕੌਰ ਮੁੱਖ ਅਧਿਆਪਕਾ ਔਲਖ ,ਦਵਿੰਦਰ ਸਿੰਘ ਗਿੱਲ,ਨਵਲ ਕਿਸ਼ੋਰ ,ਭੁਪਿੰਦਰਪਾਲ ਸਿੰਘ ,ਰੇਸ਼ਮ ਸਿੰਘ ਸਰਾਂ , ਗੁਰਿੰਦਰਪਾਲ ਸਿੰਘ ,ਤੇਜਿੰਦਰ ਸਿੰਘ ,ਸੱਜਣ ਕੁਮਾਰ ,ਰਣਜੀਤ ਕੌਰ ,ਨੀਰੂ ਸ਼ਰਮਾ ,ਹਰਜਿੰਦਰ ਕੌਰ ,ਰਾਜਵੀਰ ਕੌਰ ,ਦਵਿੰਦਰ ਕੌਰ ,ਗੁਰਸੇਵਕ ਸਿੰਘ ,ਸੰਸਾਰ ਸਿੰਘ ਸਫਰੀ ,ਨਿਰਮਲਜੀਤ ਕੌਰ, ਰਾਜ ਕੁਮਾਰ ਤੇ ਅਮਰਜੀਤ ਕੌਰ ਆਦਿ ਸ਼ਾਮਲ ਸਨ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ