ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਵਿੱਦਿਅਕ ਅਦਾਰੇ ਖੋਲ੍ਹਣ ਦੀ ਮੰਗ

techer

ਜੇਕਰ ਸਾਰਾ ਜਨਜੀਵਨ ਆਮ ਵਾਂਗ ਤਾਂ ਫਿਰ ਵਿੱਦਿਅਕ ਅਦਾਰੇ ਬੰਦ ਕਿਉਂ ? (Teachers Union Punjab)

ਕੋਟਕਪੂਰਾ,(ਸੁਭਾਸ਼ ਸ਼ਰਮਾ)। ਕੋਵਿਡ-19 ਸੰਬੰਧੀ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ ਅੱਜ ਮਿਤੀ 1 ਫਰਵਰੀ ਨੂੰ ਨਵੀਆਂ ਹਦਾਇਤਾਂ ਜਾਰੀ ਕਰਦੇ ਹੋਏ ਵੱਖ-ਵੱਖ ਪੱਧਰ ਤੇ ਪਾਬੰਦੀਆਂ ਅਤੇ ਛੋਟਾਂ ਪ੍ਰਦਾਨ ਕੀਤੀਆਂ ਗਈਆਂ ਹਨ ‘ ਜਿਸ ਅਨੁਸਾਰ ਬਾਹਰੀ ਇਕੱਠ ਕਰਨ ਲਈ 1000 ਵਿਅਕਤੀਆਂ ਅਤੇ ਅੰਦਰੂਨੀ ਇਕੱਠ ਲਈ 500 ਵਿਅਕਤੀਆਂ ਤੱਕ ਛੋਟ ਪ੍ਰਦਾਨ ਕੀਤੀ ਗਈ ਹੈ ਤੇ ਇਸ ਪੱਤਰ ਵਿਚ ਹੀ ਪੰਜਾਬ ਦੇ ਸਾਰੇ ਵਿੱਦਿਅਕ ਅਦਾਰੇ ਸਕੂਲ-ਕਾਲਜ 8 ਫਰਵਰੀ ਤੱਕ ਬੰਦ ਰੱਖਣ ਦੇ ਆਦੇਸ਼ ਦਿੱਤੇ ਗਏ ਹਨ।

ਸਾਰੀ ਦੁਨੀਆਂ ਚੰਗੀ ਤਰ੍ਹਾਂ ਜਾਣਦੀ ਹੈ ਕਿ ਵਿਦਿਆਰਥੀਆਂ ਦੀਆਂ ਸਾਲਾਨਾ ਪ੍ਰੀਖਿਆਵਾਂ ਬਿਲਕੁਲ ਸਿਰ ’ਤੇ ਹਨ । ਪੰਜਾਬ ਸਰਕਾਰ ਵੱਲੋਂ ਸਾਰੇ ਵਿੱਦਿਅਕ ਅਦਾਰੇ ਪਿਛਲੇ ਕਾਫੀ ਸਮੇਂ ਤੋਂ ਬੰਦ ਰੱਖਣ ਦੇ ਫ਼ੈਸਲੇ ਤੇ ਟਿੱਪਣੀ ਕਰਦੇ ਹੋਏ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ (Teachers Union Punjab) ਦੇ ਸੂਬਾ ਪ੍ਰਧਾਨ ਸੁਰਿੰਦਰ ਕੁਮਾਰ ਪੁਆਰੀ, ਜਨਰਲ ਸਕੱਤਰ ਬਲਕਾਰ ਵਲਟੋਹਾ, ਸੀਨੀਅਰ ਮੀਤ ਪ੍ਰਧਾਨ ਪ੍ਰੇਮ ਚਾਵਲਾ, ਸਰਪ੍ਰਸਤ ਚਰਨ ਸਿੰਘ ਸਰਾਭਾ, ਨਵੀਨ ਸੱਚਦੇਵਾ, ਗੁਰਪ੍ਰੀਤ ਸਿੰਘ ਮਾੜੀਮੇਘਾ, ਪਰਵੀਨ ਕੁਮਾਰ ਲੁਧਿਆਣਾ, ਟਹਿਲ ਸਿੰਘ ਸਰਾਭਾ , ਬਾਜ ਸਿੰਘ ਭੁੱਲਰ ਤੇ ਕਾਰਜ ਸਿੰਘ ਕੈਰੋਂ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਵੱਲੋਂ ਹਜ਼ਾਰ-ਹਜ਼ਾਰ ਵਿਅਕਤੀਆਂ ਦੇ ਇਕੱਠ ਕਰਨ ਅਤੇ ਪੰਜਾਬ ਵਿਧਾਨ ਸਭਾ ਚੋਣਾਂ ਸਿਰ ਤੇ ਹੋਣ ਕਾਰਨ ਚੋਣ ਰੈਲੀਆਂ ਕਰਨ ਦੀ ਇਜਾਜ਼ਤ ਪ੍ਰਦਾਨ ਕੀਤੀ ਹੋਈ ਹੈ ਤੇ ਦੂਜੇ ਪਾਸੇ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਲਈ ਸਕੂਲ ਖੋਲ੍ਵਣ ਲਈ ਪਾਬੰਦੀ ਲਾਈਆਂ ਹੋਈਆਂ ਹਨ ਅਤੇ ਆਨਲਾਈਨ ਸਿਸਟਮ ਰਾਹੀਂ ਸਿੱਖਿਆ ਪ੍ਰਦਾਨ ਕਰਨ ਲਈ ਜ਼ੋਰ ਪਾਇਆ ਜਾ ਰਿਹਾ ਹੈ।

ਜੇਕਰ ਸਾਰਾ ਜਨਜੀਵਨ ਆਮ ਵਾਂਗ ਤਾਂ ਫਿਰ ਵਿੱਦਿਅਕ ਅਦਾਰੇ ਬੰਦ ਕਿਉਂ ?

ਅਧਿਆਪਕ ਆਗੂਆਂ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਆਮ ਘਰਾਂ ਦੇ ਬੱਚਿਆਂ ਕੋਲ ਵੱਡੇ ਪੱਧਰ ਤੇ ਮੋਬਾਈਲ ਫੋਨਾਂ ਅਤੇ ਇੰਟਰਨੈੱਟ ਡਾਟੇ ਦੀ ਕਮੀ ਹੈ। ਜਿਸ ਨਾਲ ਉਨ੍ਹਾਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ । ਇਸ ਤੋਂ ਇਲਾਵਾ ਜਮਾਤ ਦੇ ਵਿੱਚ ਕਰਵਾਈ ਗਈ ਪੜ੍ਹਾਈ ਆਨਲਾਈਨ ਪੜ੍ਹਾਈ ਨਾਲੋਂ ਕਿਤੇ ਬਿਹਤਰ ਹੁੰਦੀ ਹੈ। ਅਧਿਆਪਕ ਆਗੂਆਂ ਨੇ ਦੋਸ਼ ਲਾਇਆ ਕਿ ਹੁਕਮਰਾਨ ਕੇਂਦਰੀ ਅਤੇ ਰਾਜ ਸਰਕਾਰਾਂ ਸਮੇਤ ਪੰਜਾਬ ਸਰਕਾਰ ਪੰਜਾਬ ਦੇ ਗਰੀਬ ਤੇ ਮੱਧ ਵਰਗੀ ਪਰਿਵਾਰਾਂ ਦੇ ਬੱਚਿਆਂ ਨੂੰ ਸਿੱਖਿਆ ਤੋਂ ਦੂਰ ਕਰਨ ਲਈ ਉਨ੍ਹਾਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੀਆਂ ਹਨ।

ਅਧਿਆਪਕ ਆਗੂਆਂ ਨੇ ਕਿਹਾ ਕਿ ਵਿੱਦਿਅਕ ਅਦਾਰੇ ਬੰਦ ਹੋਣ ਕਾਰਨ ਸਕੂਲਾਂ ਅਤੇ ਕਾਲਜਾਂ ਵਿਚ ਪੜ੍ਹਦੇ ਵਿਦਿਆਰਥੀ, ਵਿਦਿਆਰਥੀਆਂ ਦੇ ਮਾਪੇ ਅਤੇ ਅਧਿਆਪਕ ਮਾਨਸਿਕ ਸੰਤਾਪ ਝੱਲ ਰਹੇ ਹਨ। ਜੱਥੇਬੰਦੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਾਰੇ ਵਿੱਦਿਅਕ ਅਦਾਰੇ ਤੁਰੰਤ ਖੋਲ੍ਹੇ ਜਾਣ ਤਾਂ ਜੋ ਵਿਦਿਆਰਥੀਆਂ ਦੀ ਜ਼ਿੰਦਗੀ ਨਾਲ ਹੋ ਰਿਹਾ ਖਿਲਵਾੜ ਬੰਦ ਹੋ ਸਕੇ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ