ਸਰਕਾਰੀ ਸਕੂਲਾਂ ਦੇ ਵਿਦਿਆਰਥੀ ਅਜੇ ਤੱਕ ਕਿਤਾਬਾਂ ਤੋਂ ਵਾਂਝੇ

student

ਸਿੱਖਿਆ ਦਾ ਮਿਆਰ ਉੱਚਾ ਚੁੱਕਣ ਦਾ ਦਾਅਵਾ ਕਰਨ ਵਾਲੇ ਭਗਵੰਤ ਸਿੰਘ ਮਾਨ ਦੇ ਰਾਜ ’ਚ ਸਿੱਖਿਆ ਦਾ ਮੰਦਾ ਹਾਲ (Government school )

  •  ਹੁਣ ਤੱਕ ਇੱਕਾ-ਦੁੱਕਾ ਕਿਤਾਬਾਂ ਹੀ ਮਿਲੀਆਂ
  • ਕਿਵੇਂ ਪੂਰੇ ਹੋਣਗੇ ਦਿੱਲੀ ਮਾਡਲ ਲਾਗੂ ਕਰਨ ਦੇ ਸੁਪਨੇ ?
  • ਪੰਜਾਬ ਦੇ ਸਿੱਖਿਆ ਮੰਤਰੀ ਮੀਤ ਹੇਅਰ ਤੁਰੰਤ ਇਸ ਮਸਲੇ ਵੱਲ ਨਿੱਜੀ ਧਿਆਨ ਦੇਣ

ਫਰੀਦਕੋਟ , (ਸੁਭਾਸ਼ ਸ਼ਰਮਾ)। ਸਿੱਖਿਆ ਦਾ ਮਿਆਰ ਉੱਚਾ ਚੁੱਕਣ ਦਾ ਦਾਅਵਾ ਕਰਨ ਵਾਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਰਾਜ ਵਿੱਚ ਸਰਕਾਰੀ ਸਕੂਲਾਂ ਵਿੱਚ ਪਹਿਲੀ ਤੋਂ 10+2 ਜਮਾਤ ਤੱਕ ਪੜ੍ਹਦੇ ਲੱਖਾਂ ਵਿਦਿਆਰਥੀ ਵਿੱਦਿਅਕ ਸੈਸ਼ਨ 2022- 23 ਸ਼ੁਰੂ ਹੋਣ ਦੇ ਇੱਕ ਮਹੀਨਾ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਕਿਤਾਬਾਂ ਤੋਂ ਵਾਂਝੇ ਹਨ ਤੇ ਹੁਣ ਤੱਕ ਵਿਦਿਆਰਥੀਆਂ ਨੂੰ ਇੱਕਾ-ਦੁੱਕਾ ਕਿਤਾਬਾਂ ਹੀ ਮਿਲੀਆਂ ਹਨ । (Government school )

ਇਸ ਮਾਮਲੇ ਸਬੰਧੀ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਰਿੰਦਰ ਕੁਮਾਰ ਪੁਆਰੀ , ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸਿੰਘ ਖਾਨਪੁਰ ਅਤੇ ਪ੍ਰਵੀਨ ਕੁਮਾਰ ਲੁਧਿਆਣਾ , ਵਿੱਤ ਸਕੱਤਰ ਨਵੀਨ ਸੱਚਦੇਵਾ, ਜਨਰਲ ਸਕੱਤਰ ਗੁਰਪ੍ਰੀਤ ਮਾਡ਼ੀ ਮੇਘਾ , ਪ੍ਰੈੱਸ ਸਕੱਤਰ ਟਹਿਲ ਸਿੰਘ ਸਰਾਭਾ, ਸਲਾਹਕਾਰ ਬਲਕਾਰ ਵਲਟੋਹਾ ਤੇ ਪ੍ਰੇਮ ਚਾਵਲਾ ਨੇ ਦੱਸਿਆ ਹੈ ਕਿ ਅੱਜ 29 ਅਪ੍ਰੈਲ ਤੱਕ ਪਹਿਲੀ ਤੇ ਦੂਜੀ ਜਮਾਤ ਲਈ ਕਿਤਾਬ ਸਵਾਗਤ ਜ਼ਿੰਦਗੀ,

ਤੀਜੀ ਜਮਾਤ ਲਈ ਗਣਿਤ, ਚੌਥੀ ਜਮਾਤ ਲਈ ਹਿੰਦੀ ਤੇ ਵਾਤਾਵਰਨ ਸਿੱਖਿਆ , ਪੰਜਵੀਂ ਜਮਾਤ ਲਈ ਪੰਜਾਬੀ , ਗਣਿਤ ਤੇ ਹਿੰਦੀ , ਛੇਵੀਂ ਜਮਾਤ ਲਈ ਚਿੱਤਰਕਲਾ , ਅੰਗਰੇਜ਼ੀ , ਵਿਗਿਆਨ, ਪੰਜਾਬੀ ਤੇ ਗਣਿਤ , ਸੱਤਵੀਂ ਜਮਾਤ ਲਈ ਗਣਿਤ , ਸਿਹਤ ਤੇ ਸਰੀਰਕ ਸਿੱਖਿਆ , ਵਿਗਿਆਨ , ਹਿੰਦੀ ਤੇ ਕੰਪਿਊਟਰ ਸਿੱਖਿਆ , ਅੱਠਵੀਂ ਜਮਾਤ ਲਈ ਪੰਜਾਬੀ , ਅੰਗਰੇਜ਼ੀ, ਸਮਾਜਿਕ ਸਿੱਖਿਆ ਤੇ ਚਿੱਤਰਕਲਾ , ਨੌਵੀਂ ਜਮਾਤ ਲਈ ਪੰਜਾਬੀ ਵਿਆਕਰਨ, ਸਪਲੀਮੈਂਟਰੀ ਇੰਗਲਿਸ਼ , ਸਾਹਿਤ ਮਾਲਾ , ਸਿਹਤ ਤੇ ਸਰੀਰਕ ਸਿੱਖਿਆ , ਸਮਾਜਿਕ ਸਿੱਖਿਆ ਤੇ ਹਿੰਦੀ , ਦਸਵੀਂ ਜਮਾਤ ਲਈ ਸਪਲੀਮੈਂਟਰੀ ਇੰਗਲਿਸ਼ ਰੀਡਰ , ਸਮਾਜਿਕ ਸਿੱਖਿਆ , ਹਿੰਦੀ ਪੁਸ਼ਤਕ , ਹਿੰਦੀ ਵਿਆਕਰਨ ਤੇ ਸਵਾਗਤ ਜ਼ਿੰਦਗੀ , 10+1 ਜਮਾਤ ਲਈ ਕੰਪਿਊਟਰ ਤੇ ਇੰਗਲਿਸ਼ ਗਰਾਮਰ , 10+2 ਜਮਾਤ ਲਈ ਦੀ ਰੇਨਬੋ ਆਫ ਇੰਗਲਿਸ਼ ਸਿਫਰ ਇੱਕ ਕਿਤਾਬ ਹੀ ਪ੍ਰਾਪਤ ਹੋਈ ਹੈ ।

students

ਅਧਿਆਪਕ ਆਗੂਆਂ ਨੇ ਪੰਜਾਬ ਦੇ ਸਿੱਖਿਆ ਮੰਤਰੀ ਤੋਂ ਕੀਤੀ ਮੰਗ

ਅਧਿਆਪਕਾ ਆਗੂਆਂ ਨੇ ਗੁਰਮੀਤ ਸਿੰਘ ਮੀਤ ਹੇਅਰ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਤੁਰੰਤ ਇਸ ਮਾਮਲੇ ਪ੍ਰਤੀ ਗੰਭੀਰਤਾ ਵਿਖਾਉਂਦੇ ਹੋਏ ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਸਿੱਖਿਆ ਵਿਭਾਗ ਪੰਜਾਬ ਦੇ ਉੱਚ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰਕੇ ਸਾਰੇ ਵਿਦਿਆਰਥੀਆਂ ਕੋਲ ਤੁਰੰਤ ਕਿਤਾਬਾਂ ਪੁੱਜਦੀਆਂ ਕਰਨੀਆਂ ਯਕੀਨੀ ਬਣਾਉਣ ਤਾਂ ਹੀ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਦਿੱਲੀ ਮਾਡਲ ਵਾਲੇ ਸੁਪਨੇ ਸਾਕਾਰ ਹੋ ਸਕਦੇ ਹਨ । ਇਸ ਤੋਂ ਇਲਾਵਾ ਅਧਿਆਪਕਾਂ ਅਤੇ ਸਾਰੇ ਸਕੂਲ ਮੁਖੀਆਂ ਦੀਆਂ ਖਾਲੀ ਪਈਆਂ ਸਾਰੀਆਂ ਅਸਾਮੀਆਂ ਤੇ ਤਰੁੰਤ ਭਰਤੀ ਕਰਨ , ਲੰਬੇ ਸਮੇਂ ਤੋਂ ਤਰੱਕੀਆਂ ਦਾ ਇੰਤਜ਼ਾਰ ਕਰ ਰਹੇ ਅਧਿਆਪਕਾਂ ਦੀਆਂ ਬਣਦੀਆਂ ਤਰੱਕੀਆਂ ਕੀਤੀਆਂ ਜਾਣ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ