
ਜ਼ਿਮਨੀ ਚੋਣ ਦੇ ਮੱਦੇਨਜ਼ਰ ਵੱਖ-ਵੱਖ ਜਥੇਬੰਦੀਆਂ ਦੀ ਅਗਵਾਈ ’ਚ ਹਜ਼ਾਰਾਂ ਨੇ ਆਪਣੀਆਂ ਮੰਗਾਂ ਦੇ ਹੱਲ ਲਈ ਸਰਕਾਰ ਵਿਰੁੱਧ ਲਾਏ ਧਰਨੇ
Teachers Strike News: (ਜਸਵੀਰ ਸਿੰਘ ਗਹਿਲ) ਲੁਧਿਆਣਾ। 19 ਜੂਨ ਨੂੰ ਹੋਣ ਜਾ ਰਹੀ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਦੇ ਮੱਦੇਨਜ਼ਰ ਅੱਜ-ਕੱਲ੍ਹ ਲੁਧਿਆਣਾ ਸ਼ਹਿਰ ਧਰਨੇ/ ਪ੍ਰਦਰਸ਼ਨਾਂ ਦਾ ਸ਼ਹਿਰ ਬਣਿਆ ਹੋਇਆ ਹੈ। ਨਾਮਜ਼ਦਗੀਆਂ ਦਾ ਅਮਲ ਮੁਕੰਮਲ ਹੋਣ ਤੋਂ ਬਾਅਦ ਹਲਕੇ ਅੰਦਰ ਈ-ਰਿਕਸ਼ਿਆਂ ’ਤੇ ਬੰਨੇ ਸਪੀਕਰਾਂ ’ਤੇ ਵੱਜ ਰਹੇ ਸਿਆਸੀ ਗਾਣਿਆਂ/ਨਾਅਰਿਆਂ ਕਾਰਨ ‘ਕਾਵਾਂ ਰੌਲੀ’ ਵਾਲਾ ਮਾਹੌਲ ਬਣਿਆ ਹੋਇਆ ਹੈ। ਜਿਸ ਵਿੱਚ ਐਤਵਾਰ ਦੀ ਛੁੱਟੀ ਵਾਲੇ ਦਿਨ ਤਿੰਨ-ਚਾਰ ਗੁਣਾ ਵਾਧਾ ਦੇਖਣ ਨੂੰ ਮਿਲਿਆ। ਜਦੋਂ ਵੱਖ-ਵੱਖ ਯੂਨੀਅਨਾਂ ਦੇ ਕਾਰਕੁੰਨਾਂ ਨੇ ਸੰਕੇਤਕ ਧਰਨੇ ਦੇ ਕੇ ਸੱਤਾ ਧਿਰ ਸਰਕਾਰ ਵਿਰੁੱਧ ‘ਮੁਰਦਾਬਾਦ’ ਦੇ ਨਾਅਰਿਆਂ ਦੀ ਬੁਛਾੜ ਕੀਤੀ। ਆਰਤੀ ਚੌਂਕ ਤੋਂ ਲੈ ਕੇ ਪੰਜਾਬ ਯੂਨੀਵਰਸਿਟੀ ਦੇ ਗੇਟ ਨੰਬਰ- 1 ਦੇ ਵਿੱਚ- ਵਿੱਚ ਚਾਰ ਥਾਵਾਂ ’ਤੇ ਹਾਈਵੇ ਉੱਪਰ ਹੀ ਲੱਗੇ ਇੰਨਾਂ ਧਰਨਿਆਂ ਕਾਰਨ ਆਮ ਲੋਕਾਂ ਨੂੰ ਵੀ ਖੱਜ਼ਲ-ਖੁਆਰੀਆਂ ਝੱਲਣੀਆਂ ਪਈਆਂ।
ਇਹ ਵੀ ਪੜ੍ਹੋ: BBMB High Court Verdict: BBMB ਮਾਮਲੇ ’ਤੇ ਹਾਈਕੋਰਟ ਦਾ ਫੈਸਲਾ, ਪੜ੍ਹੋ ਕੀ ਹੈ ਨਵਾਂ ਅਪਡੇਟ
ਐਸੋਸੀਏਟ ਅਧਿਆਪਕ (ਸਿੱਖਿਆ ਪ੍ਰੋਵਾਇਡਰ) ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਮਨਪ੍ਰੀਤ ਸਿੰਘ ਮੋਗਾ ਅਤੇ ਅਜਮੇਰ ਸਿੰਘ ਔਲਖ ਦੀ ਅਗਵਾਈ ਵਿੱਚ ਪੀਏਯੂ ਗੇਟ ਨੰਬਰ-1 ਵਿਖੇ ਸੰਕੇਤਕ ਧਰਨਾ ਦਿੰਦੇ ਹੋਏ ਆਪਣੀਆਂ ਹੱਕੀ ਮੰਗਾਂ ਸਬੰਧੀ ਆਵਾਜ਼ ਬੁਲੰਦ ਕੀਤੀ। ਉਕਤ ਆਗੂਆਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਨੇ ਜੁਲਾਈ 2023 ਵਿੱਚ ਇੱਕ ਨਿਯੁਕਤੀ ਪੱਤਰ ਦੇ ਕੇ ਉਨਾਂ ਨੂੰ ਸਕੂਲਾਂ ਵਿਚ ਮੁੜ ਨਵੇਂ ਸਿਰੇ ਤੋਂ ਜੁਆਇੰਨ ਕਰਵਾ ਦਿੱਤਾ ਪਰ ਅਫਸੋਸ ਉਹ ਪੱਤਰ ਸਿਰਫ ਇਕ ਫਾਰਮੈਲਟੀ ਹੀ ਨਿਕਲਿਆ। ਉਨਾਂ ਕਿਹਾ ਕਿ ਉਨਾਂ ਪ੍ਰਤੀ ਸਿਰਫ ਰੈਗੂਲਰ ਸ਼ਬਦ ਹੀ ਵਰਤਿਆ ਗਿਆ ਹੈ। ਜਦਕਿ ਰੈਗੂਲਰ ਮੁਲਾਜ਼ਮ ਨੂੰ ਮਿਲਦੀਆਂ ਸਹੂਲਤਾਂ (ਪੇਅ -ਸਕੇਲ, ਟੀ. ਏ., ਡੀ. ਏ., ਮੈਡੀਕਲ ਆਦਿ) ਤੋਂ ਹਾਲੇ ਵੀ ਉਹ ਵਾਂਝੇ ਹਨ। ਪ੍ਰਦਰਸ਼ਨਕਾਰੀਆਂ ਮੰਗ ਕੀਤੀ ਕਿ ਉਨਾਂ ਦਾ ਬਣਦਾ ਪੇਅ ਸਕੇਲ ਲਾਗੂ ਕਰਕੇ ਉਨਾਂ ਨੂੰ ਸੀ. ਐਸ. ਆਰ. ਜਲਦੀ ਦੇਵੇ ਤਾਂ ਜੋ ਉਹ ਵੀ ਆਪਣੀ 15- 16 ਸਾਲਾਂ ਦੀ ਕੀਤੀ ਤਪੱਸਿਆ ਦਾ ਫ਼ਲ ਲੈ ਕੇ ਆਪਣਾਂ ਭਵਿੱਖ ਸੁਰੱਖਿਅਤ ਕਰ ਸਕਣ।
ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤਾ ਵਾਅਦਾ ਨਹੀਂ ਕੀਤਾ ਪੂਰਾ
ਇਸੇ ਤਰ੍ਹਾਂ ਏਡਜ਼ ਕੰਟਰੋਲ ਇੰਪਲਾਈਜ ਵੈਲਫੇਅਰ ਐਸੋਸੀਏਸ਼ਨ ਵੱਲੋਂ ਆਰਤੀ ਚੌਂਕ ਵਿੱਚ ਰੈਗੂਲਰ ਅਤੇ ਵੀਹ ਫੀਸਦੀ ਵਾਧੇ ਦੀ ਮੰਗ ਨੂੰ ਲੈ ਕੇ ਸਰਕਾਰ ਵਿਰੁੱਧ ਧਰਨਾ ਦਿੱਤਾ। ਇਸ ਮੌਕੇ ਸੂਬਾ ਪ੍ਰਧਾਨ ਜਸਮੇਲ ਸਿੰਘ ਦਿਓਲ ਨੇ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾ ਤੋਂ ਪਹਿਲਾਂ ਕੀਤੇ ਵਾਅਦਿਆਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਹਾਲੇ ਤੱਕ ਪੂਰਾ ਨਹੀਂ ਕੀਤਾ ਗਿਆ। ਜਿਸ ਕਰਕੇ ਉਨਾਂ ਨੂੰ ਮਜ਼ਬੂਰਨ ਸੰਘਰਸ਼ ਦਾ ਰਾਹ ਅਖਤਿਆਰ ਕਰਨਾ ਪਿਆ ਹੈ। ਆਗੂਆਂ ਦੱਸਿਆ ਕਿ ਉਨਾਂ ਵੱਲੋਂ ਮਈ ’ਚ ਸੰਜੀਵ ਅਰੋੜਾ ਨੂੰ ਮੰਗ ਪੱਤਰ ਦੇ ਕੇ ਵਾਅਦਿਆਂ ਦੀ ਯਾਦ ਦਿਵਾਈ ਸੀ ਪਰ ਮੁੜ ਫ਼ਿਰ ਪੰਦਰ੍ਹਾਂ ਦਿਨ ਦਾ ਸਮਾਂ ਬੀਤ ਚੁੱਕਾ ਹੈ। ਜਿਸ ਕਰਕੇ ਉਨਾਂ ਅੱਜ ਸੰਕੇਤਕ ਧਰਨਾ ਦਿੱਤਾ ਹੈ। ਜੇਕਰ ਫ਼ਿਰ ਵੀ ਉਨਾਂ ਦੀਆਂ ਹੱਕੀ ਮੰਗਾਂ ਦਾ ਫੌਰੀ ਹੱਲ ਨਾ ਕੱਢਿਆ ਤਾਂ ਉਹ ਉੱਪ ਚੋਣਾਂ ਦੇ ਮੱਦੇਨਜ਼ਰ ਘਰ–ਘਰ ਜਾ ਕੇ ਸੱਤਾ ਧਿਰ ਸਰਕਾਰ ਦੇ ਵਫ਼ਾ ਨਾ ਹੋਣ ਵਾਲੇ ਵਾਅਦਿਆਂ ਦਾ ਕੱਚਾ ਚਿੱਠਾ ਲੋਕਾਂ ਸਾਹਮਣੇ ਖੋਲਣਗੇ। Teachers Strike News

ਮੁਲਾਜ਼ਮਾਂ/ ਰੈਗੂਲਰ ਅਧਿਆਪਕਾਂ ’ਤੇ ਲਾਗੂ ਸੇਵਾ ਸ਼ਰਤਾਂ ਦੇ ਨਿਯਮ ਤੁਰੰਤ ਲਾਗੂ ਕੀਤੇ ਜਾਣ
ਉਕਤ ਵਾਂਗ ਹੀ ਪ੍ਰੀ ਪ੍ਰਾਇਮਰੀ ਐਸੋਸੀਏਟ ਅਧਿਆਪਕ ਯੂਨੀਅਨ ਨੇ ਆਪਣੀਆਂ ਮੰਗਾਂ ਦੇ ਹੱਲ ਲਈ ਆਮ ਆਦਮੀ ਪਾਰਟੀ ਦੇ ਮੁੱਖ ਚੋਣ ਦਫ਼ਤਰ ਅੱਗੇ ਹਾਈਵੇ ’ਤੇ ਧਰਨਾ ਦਿੱਤਾ। ਇਸ ਮੌਕੇ ਯੂਨੀਅਨ ਦੇ ਸੂਬਾ ਆਗੂ ਦਵਿੰਦਰ ਸਿੰਘ ਤੇ ਹਰਪ੍ਰੀਤ ਕੌਰ ਨੇ ਕਿਹਾ ਕਿ ਪਾਲੀਸੀ ਫਾਰ ਵੈਲਫੇਅਰ ਆਫ਼ ਅਡਹਾਕ, ਕੰਟਰੈਕਟਚੂਅਲ, ਟੈਂਪਰੇਰੀ ਟੀਚਰ (ਨੇਸ਼ਨ ਬਿਲਡਰ) ਪਾਲਿਸੀ ਦੇ ਅਧੀਨ ਉਨਾਂ ਨੂੰ 28 ਜੁਲਾਈ 2023 ਦੇ ਅਨੁਸਾਰ ਰੈਗੂਲਰ ਕੀਤਾ ਗਿਆ ਸੀ ਪਰ ਉਨਾਂ ਦੇ ਨਿਯੁਕਤੀ ਪੱਤਰ ਵਿੱਚ ਉਨਾਂ ਲਈ ਸੇਵਾ ਸ਼ਰਤਾਂ ਦੇ ਨਿਯਮ ਬਾਅਦ ਵਿੱਚ ਗਠਿਤ ਕਰਨ ਲਈ ਲਿਖਿਆ ਗਿਆ ਸੀ ਜੋ ਹਾਲੇ ਤੱਕ ਗਠਿਤ ਨਹੀਂ ਕੀਤੇ ਗਏ। ਆਗੂਆਂ ਕਿਹਾ ਕਿ ਉਨਾਂ ਦੀ ਮੰਗ ਹੈ ਕਿ ਉਨਾਂ ਦੇ ਸਪੈਸ਼ਲ ਕੇਡਰ ’ਤੇ ਵੀ ਮੁਲਾਜ਼ਮਾਂ/ ਰੈਗੂਲਰ ਅਧਿਆਪਕਾਂ ’ਤੇ ਲਾਗੂ ਸੇਵਾ ਸ਼ਰਤਾਂ ਦੇ ਨਿਯਮ ਤੁਰੰਤ ਲਾਗੂ ਕੀਤੇ ਜਾਣ। Teachers Strike News