ਆਪਣੀਆਂ ਮੰਗਾਂ ਨੂੰ ਲੈ ਕੇ ਟਰਾਂਸਪੋਰਟ ਕੱਚੇ ਕਾਮਿਆਂ ਨੇ ਸਰਕਾਰੀ ਬੱਸਾਂ ਬੰਦ ਰੱਖਕੇ ਡਿੱਪੂਆਂ ਵਿੱਚ ਸਰਕਾਰ ਤੇ ਵਿਭਾਗ ਖਿਲਾਫ਼ ਜੰਮਕੇ ਕੱਢਿਆ ਗੁੱਸਾ | Punjab Bus Strike
Punjab Bus Strike: (ਜਸਵੀਰ ਸਿੰਘ ਗਹਿਲ) ਲੁਧਿਆਣਾ। ਪਹਿਲਾਂ ਤੋਂ ਹੀ ਐਲਾਨੇ ਪ੍ਰੋਗਰਾਮ ਤਹਿਤ ਸੌਮਵਾਰ ਨੂੰ ਟਰਾਂਸਪੋਰਟ ਕੱਚੇ ਕਾਮਿਆਂ ਵੱਲੋਂ ਸਰਕਾਰੀ ਬੱਸਾਂ ਬੰਦ ਰੱਖਦਿਆਂ ਆਪੋ-ਆਪਣੇ ਡਿੱਪੂਆਂ ਵਿੱਚ ਧਰਨੇ ਲਗਾ ਕੇ ਪੰਜਾਬ ਸਰਕਾਰ ਤੇ ਵਿਭਾਗ ਖਿਲਾਫ਼ ਆਪਣੇ ਰੋਸ ਦਾ ਪ੍ਰਗਟਾਵਾ ਕੀਤਾ ਗਿਆ। ਸਰਕਾਰੀ ਬੱਸਾਂ ਬੰਦ ਰਹਿਣ ਕਾਰਨ ਅਧਾਰ ਕਾਰਡ ’ਤੇ ਮੁਫ਼ਤ ਸਫ਼ਰ ਦਾ ਲੁਫ਼ਤ ਉਠਾਉਣ ਵਾਲੀਆਂ ਮਹਿਲਾ ਸਵਾਰੀਆਂ ਨੂੰ ਖੱਜ਼ਲ- ਖੁਆਰ ਹੋਣਾ ਪਿਆ। ਜਦਕਿ ਕੱਚੇ ਕਾਮਿਆਂ ਦੇ ਬੱਸਾਂ ਬੰਦ ਦੇ ਐਲਾਨ ਕਾਰਨ ਨਿੱਜੀ ਟਰਾਂਸਪੋਰਟ ਖੁਸ਼ ਨਜ਼ਰ ਆਏ।
ਭਾਵੇਂ ਪੰਜਾਬ ਰੋਡਵੇਜ਼/ਪਨਬਸ/ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਵੱਲੋਂ ਪਿਛਲੇ ਕੁੱਝ ਮਹੀਨਿਆਂ ਤੋਂ ਆਪਣੇ ਸੰਘਰਸ਼ਾਂ ਦੌਰਾਨ ਹੀ 6, 7 ਤੇ 8 ਜਨਵਰੀ ਨੂੰ ਸਰਕਾਰੀ ਬੱਸਾਂ ਬੰਦ ਰੱਖਣ ਦਾ ਐਲਾਨ ਜਨਤਕ ਕੀਤਾ ਜਾ ਰਿਹਾ ਸੀ ਪਰ ਬਾਵਜ਼ੂਦ ਇਸ ਦੇ ਮਹਿਲਾ ਸਵਾਰੀਆਂ ਆਮ ਦਿਨਾਂ ਵਾਂਗ ਹੀ ਸਰਕਾਰੀ ਬੱਸਾਂ ਦਾ ਇੰਤਜ਼ਾਰ ਵਿੱਚ ਦਿਖਾਈ ਦਿੱਤੀਆਂ ਜੋ ਪੰਜਾਬ ਸਰਕਾਰ ਵੱਲੋਂ ਅਧਾਰ ਕਾਰਡ ’ਤੇ ਦਿੱਤੇ ਮੁਫ਼ਤ ਸਫ਼ਰ ਦਾ ਭਰਪੂਰ ਲੁਫ਼ਤ ਉਠਾ ਰਹੀਆਂ ਹਨ। ਅੱਜ ਉਨ੍ਹਾਂ ਨੂੰ ਸਰਕਾਰੀ ਬੱਸਾਂ ਦੇ ਬੰਦ ਹੋਣ ਕਾਰਨ ਮਜ਼ਬੂਰੀਵੱਸ ਪ੍ਰਾਈਵੇਟ ਬੱਸਾਂ ’ਚ ਪੈਸੇ ਦੇ ਕੇ ਟਿਕਟ ਕਟਵਾਉਣੀ ਪਈ।
ਇਹ ਵੀ ਪੜ੍ਹੋ: New Medical Colleges Punjab: ਬਜਟ ਤੱਕ ਹੀ ਸੀਮਤ ਰਹਿ ’ਗੇ 4 ਨਵੇਂ ਮੈਡੀਕਲ ਕਾਲਜ
ਦੂਜੇ ਪਾਸੇ ਆਮ ਦਿਨਾਂ ਵਿੱਚ ਨਿੱਜੀ ਬੱਸਾਂ ਵਾਲੇ ਜੋ ਇੱਕ ਮਹਿਲਾ ਨਾਲ ਇੱਕ ਸਵਾਰੀ ਮੁਫ਼ਤ ਵੀ ਚੜ੍ਹਾ ਲੈਂਦੇ ਸਨ, ਦੀ ਵੀ ਚਾਂਦੀ ਰਹੀ। ਨਿੱਜੀ ਬੱਸਾਂ ਵਾਲਿਆਂ ਵੱਲੋਂ ਫ਼ਿਲਹਾਲ ਇੱਕ ਨਾਲ ਇੱਕ ਮੁਫ਼ਤ ਦੀ ਸਕੀਮ ਨੂੰ ਬੰਦ ਕਰ ਦਿੱਤਾ ਗਿਆ ਹੈ। ਜਿਸ ਕਾਰਨ ਖਾਸਕਰ ਮਹਿਲਾ ਸਵਾਰੀਆਂ ਆਪਣਾ ਖੀਸਾ ਢਿੱਲਾ ਹੋਣ ਕਰਕੇ ਨਿਰਾਸ਼ ਨਜ਼ਰ ਆਈਆਂ। ਅਧਾਰ ਕਾਰਡ ’ਤੇ ਮਿਲ ਰਹੇ ਮੁਫ਼ਤ ਬੱਸ ਸਫ਼ਰ ਖਾਸਕਰ ਮਜ਼ਦੂਰ ਵਰਗ ਨਾਲ ਸੰਬਧਿਤ ਮਹਿਲਾਵਾਂ ਲਈ ਵਰਦਾਨ ਸਾਬਤ ਹੋ ਰਿਹਾ ਹੈ। ਜਿਸ ਕਰਕੇ ਅਨੇਕਾਂ ਮਹਿਲਾਵਾਂ ਜੋ ਦੂਰ-ਦੁਰਾਡੇ ਪ੍ਰਾਈਵੇਟ ਨੌਕਰੀ ਕਰਦੀਆਂ ਹਨ, ਘਰ ਦੇ ਚੁੱਲੇ ਦਾ ਮਹੀਨੇ ਭਰ ਦਾ ਖਰਚ ਤੱਕ ਬਚਾ ਰਹੀਆਂ ਹਨ। ਜਦਕਿ ਨਿੱਜੀ ਟਰਾਂਸਪੋਰਟਾਂ ਨੂੰ ਜਿੰਨ੍ਹਾਂ ਨੂੰ ‘ਮੁਫ਼ਤ ਸਫਰ’ ਕਾਰਨ ਨੁਕਸਾਨ ਝੱਲਣਾ ਪੈ ਰਿਹਾ ਹੈ, ਦੇ ਚਿਹਰੇ ਅੱਜ ਖਿੜ੍ਹੇ- ਖਿੜ੍ਹੇ ਦਿਖਾਈ ਦਿੱਤੇ। ਕਿਉਂਕਿ ਤਿੰਨ ਦਿਨ ਉਨ੍ਹਾਂ ਨੂੰ ਇੱਕ ਨਾਲ ਇੱਕ ਮੁਫ਼ਤ ਦਾ ਲਾਲਚ ਦਿੰਦੇ ਹੋਏ ਮਹਿਲਾ ਸਵਾਰੀਆਂ ਨੂੰ ਆਪਣੀ ਬੱਸ ਵਿੱਚ ਚੜਾਉਣ ਲਈ ਮਿੰਨਤਾ ਨਹੀਂ ਕਰਨੀਆਂ ਪੈਣਗੀਆਂ।
ਪੰਜਾਬ ਰੋਡਵੇਜ਼/ ਪਨਬਸ/ ਪੀਆਰਟੀਸੀ ਕੰਟਰੈਕਟ ਵਰਕਰਜ ਯੂਨੀਅਨ 25/11 ਦੇ ਸੂਬਾ ਆਗੂ ਸ਼ਮਸ਼ੇਰ ਸਿੰਘ ਢਿੱਲੋਂ ਤੇ ਜਗਤਾਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਲੰਮੇ ਸਮੇਂ ਤੋਂ ਸਰਕਾਰ ਤੇ ਵਿਭਾਗ ਅੱਗੇ ਆਪਣੀਆਂ ਮੰਗਾਂ ਨੂੰ ਮੰਨਣ ਲਈ ਤਰਲੇ ਕੱਢ ਰਹੇ ਹਨ ਪਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਰੱਤੀ ਭਰ ਵੀ ਸੁਹਿਰਦ ਨਹੀਂ ਹੋਈ। ਜਿਸ ਕਰਕੇ ਮਜ਼ਬੂਰੀਵੱਸ ਉਨ੍ਹਾਂ ਨੂੰ ਤਿੰਨ ਦਿਨ ਲਈ ਸਰਕਾਰੀ ਬੱਸਾਂ ਨੂੰ ਬੰਦ ਰੱਖਣ ਦਾ ਕਦਮ ਚੁੱਕਣਾ ਪਿਆ ਹੈ। ਉਨ੍ਹਾਂ ਕਿਹਾ ਕਿ ਉਹ ਵਿਭਾਗ ਦੇ ਸਰਵਿਸ ਰੂਲਾਂ ਤਹਿਤ ਪੱਕਾ ਹੋਣ ਦੀ ਯੋਗਤਾ ਰੱਖਦੇ ਹਨ ਪਰ ਸਰਕਾਰ ਜਾਣਬੁੱਝ ਕੇ ਉਨ੍ਹਾਂ ਨੂੰ ਪੱਕਾ ਕਰਨ ਦੀ ਥਾਂ ਸਮਾਂ ਟਪਾ ਰਹੀ ਹੈ। Punjab Bus Strike