ਪੱਲੇਦਾਰਾਂ ਦੇ ਹੱਕ ‘ਚ ਆ ਖੜ੍ਹੀ ਕਿਸਾਨ ਜਥੇਬੰਦੀ ਸਿੱਧੂਪੁਰ
ਠੇਕੇਦਾਰੀ ਸਿਸਟਮ ਬੰਦ ਕਰਕੇ ਸਿੱਧੇ ਭੁਗਤਾਨ ’ਤੇ ਅੜੇ ਪੱਲੇਦਾਰ
(ਕਰਮ ਥਿੰਦ) ਸੁਨਾਮ ਊਧਮ ਸਿੰਘ ਵਾਲਾ। ਸੂਬੇ ਦੀਆਂ ਸਮੂਹ ਪੱਲੇਦਾਰ ਯੂਨੀਅਨਾਂ ਵੱਲੋਂ ਪਿਛਲੇ 7 ਦਸੰਬਰ ਤੋਂ ਸੂਬੇ ਭਰ ਅੰਦਰ ਮੁਕੰਮਲ ਹੜਤਾਲ ਕੀਤੀ ਹੋਈ ਹੈ। ਇਸ ਦੇ ਚਲਦੇ, ਅੱਜ ਫਿਰ ਸਥਾਨਕ ਪੱਲੇਦਾਰ ਯੂਨੀਅਨ ਵੱਲੋਂ ਆਪਣੇ ਦਫ਼ਤਰ ਵਿੱਚੋਂ ਪੱਲੇਦਾਰਾਂ ਦੇ ਵੱਡੇ ਕਾਫ਼ਲੇ ਨਾਲ ਰੋਸ ਮਾਰਚ ਕਰਦੇ ਹੋਏ ਸੁਨਾਮ ਦੇ ਸਰਕਾਰੀ ਗੁਦਾਮ ਪੰਜਾਬ ਰਾਜ ਗੁਦਾਮ ਨਿਗਮ ਵੇਅਰ ਹਾਊਸ ਦੇ ਗੇਟ ’ਤੇ ਰੋਸ ਮੁਜ਼ਾਹਰਾ ਕੀਤਾ ਅਤੇ ਸਰਕਾਰ ਵੱਲੋਂ ਜਾਰੀ ਕੀਤੀਆਂ ਟੈਂਡਰ ਪਾਲਿਸੀ ਦੀਆਂ ਕਾਪੀਆਂ ਵੀ ਸਾੜੀਆਂ ਗਈਆਂ।
ਇਸ ਮੌਕੇ ਗੱਲਬਾਤ ਕਰਦਿਆਂ ਪ੍ਰਧਾਨ ਬਲਦੀਪ ਸਿੰਘ ਅਤੇ ਬੁਲਾਰੇ ਕਾਮਰੇਡ ਗੋਬਿੰਦ ਸਿੰਘ ਨੇ ਕਿਹਾ ਕਿ ਪੰਜਾਬ ਦੀਆਂ ਸਮੂਹ ਪੱਲੇਦਾਰ ਜਥੇਬੰਦੀਆਂ ਠੇਕੇਦਾਰੀ ਸਿਸਟਮ ਨੂੰ ਖਤਮ ਕਰਕੇ ਮਜ਼ਦੂਰਾਂ ਨੂੰ ਸਿੱਧੇ ਭੁਗਤਾਨ ਅਤੇ ਮਜ਼ਦੂਰ ਦੀ ਠੇਕੇਦਾਰਾਂ ਤੋਂ ਹੁੰਦੀ ਲੁੱਟ ਨੂੰ ਬਚਾਉਣ ਸੰਬੰਧੀ ਪਿਛਲੇ ਸਮੇਂ ਤੋਂ ਸੰਘਰਸ਼ ਕਰ ਰਹੀਆਂ ਹਨ ਅਤੇ ਹੁਣ ਪਿਛਲੇ ਦਿਨੀਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਹੋਰਾਂ ਨਾਲ ਸੂਬੇ ਦੀਆਂ ਸਮੂਹ ਜਥੇਬੰਦੀਆਂ ਦੇ ਆਗੂਆਂ ਦੀ ਮੀਟਿੰਗ ਹੋਈ ਸੀ ਜਿਸ ਵਿੱਚ ਨਵਜੋਤ ਸਿੱਧੂ ਵਲੋਂ ਪੂਰੀ ਗੱਲ ਸੁਣਨ ਤੋਂ ਬਾਅਦ ਆਗੂਆਂ ਨੂੰ ਇਹ ਕਹਿ ਦਿੱਤਾ ਗਿਆ ਕਿ ਉਹ ਸੋਮਵਾਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਗੱਲ ਕਰਨਗੇ ਅਤੇ ਉਸ ਤੋਂ ਬਾਅਦ ਤੁਹਾਡੇ ਮਸਲੇ ਦਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
ਆਗੂਆਂ ਨੇ ਅੱਗੇ ਕਿਹਾ ਕਿ ਇਸ ਦੇ ਚੱਲਦੇ ਹੀ ਪੰਜਾਬ ਸਰਕਾਰ ਵੱਲੋਂ ਟੈਂਡਰ ਪਾਲਿਸੀ ਜਾਰੀ ਕੀਤੀ ਗਈ ਹੈ ਇਹ ਟੈਂਡਰ ਪਾਲਿਸੀ ਨਾਲ ਠੇਕੇਦਾਰਾਂ ਨੂੰ ਬਹੁਤ ਫ਼ਾਇਦਾ ਹੋਣ ਵਾਲਾ ਹੈ ਉਨ੍ਹਾਂ ਕਿਹਾ ਕਿ ਅਸੀਂ ਤਾਂ ਮੁਕੰਮਲ ਹੜਤਾਲ ਕਰਕੇ ਠੇਕੇਦਾਰੀ ਸਿਸਟਮ ਨੂੰ ਬੰਦ ਕਰਵਾਉਣਾ ਚਾਹੁੰਦੇ ਹਾਂ ਪ੍ਰੰਤੂ ਸਰਕਾਰ ਉਨ੍ਹਾਂ ਨੂੰ ਹੋਰ ਰਾਹਤਾਂ ਦੇ ਰਹੀ ਹੈ। ਆਗੂਆ ਨੇ ਕਿਹਾ ਕਿ ਉਨ੍ਹਾਂ ਦੀ ਮੁਕੰਮਲ ਹੜਤਾਲ ਦੇ ਚਲਦਿਆਂ ਉਹ ਵੇਅਰ ਹਾਊਸ ਦੇ ਅੰਡਰ ਆਉਂਦੇ ਕਿਸੇ ਵੀ ਗਡਾਊਨ ਵਿਚ ਚੌਲਾਂ ਦੇ ਡੰਪ ਨਹੀਂ ਲੱਗਣ ਦੇਣਗੇ।
ਪੱਲੇਦਾਰਾਂ ਦੇ ਹੱਕ ‘ਚ ਆਈ ਕਿਸਾਨ ਜਥੇਬੰਦੀ ਸਿੱਧੂਪੁਰ
ਪੱਲੇਦਾਰਾਂ ਦੀ ਹੜਤਾਲ ਦੇ ਚੱਲਦਿਆਂ ਜਦੋਂ ਉਹ ਰੋਸ ਮੁਜ਼ਾਹਰਾ ਕਰ ਰਹੇ ਸਨ ਤਾਂ ਭਾਕਿਯੂ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਸੈਕਟਰੀ ਰਾਜ ਸਿੰਘ ਖ਼ਾਲਸਾ (ਦੌਲੇ ਸਿੰਘ ਵਾਲਾ) ਨੇ ਆਪਣੀ ਜਥੇਬੰਦੀ ਦੇ ਵਰਕਰਾਂ ਨਾਲ ਪੱਲੇਦਾਰਾਂ ਦੇ ਰੋਸ ਮੁਜ਼ਾਹਰੇ ਵਾਲੀ ਥਾਂ ’ਤੇ ਸ਼ਿਰਕਤ ਕੀਤੀ ਅਤੇ ਇਸ ਮੌਕੇ ਕਿਸਾਨ ਆਗੂ ਰਾਜ ਸਿੰਘ ਖ਼ਾਲਸਾ ਨੇ ਸੰਬੋਧਨ ਕਰਦੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਪੱਲੇਦਾਰਾਂ ਦੇ ਨਾਲ ਮੋਢੇ ਨਾਲ ਮੋਢਾ ਜੋਡ ਕੇ ਖੜ੍ਹੀ ਹੈ ਅਤੇ ੳੁਹ ਸਰਕਾਰ ਤੋਂ ਉਨ੍ਹਾਂ ਦੇ ਹੱਕ ਦਿਵਾਉਣ ਲਈ ਉਨ੍ਹਾਂ ਦਾ ਡਟ ਕੇ ਸਾਥ ਦੇਣਗੇ ਅਤੇ ਉਹ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਨ ਕਿ ਸਮੂਹ ਪੱਲੇਦਾਰ ਭਾਈਚਾਰੇ ਨੂੰ ਸਿੱਧਾ ਭੁਗਤਾਨ ਦੇ ਕੇ ਰੁਜ਼ਗਾਰ ਦੇ ਲਾਈਕ ਕੀਤਾ ਜਾਵੇ। ਇਸ ਮੌਕੇ ਉਪਰੋਕਤ ਤੋਂ ਇਲਾਵਾ ਨਰੈਣ ਸਿੰਘ ਸੈਕਟਰੀ, ਸਾਬਕਾ ਪ੍ਰਧਾਨ ਸਦੀਕ ਖਾਂ, ਭੀਮ ਸਿੰਘ, ਨਿੱਕਾ ਸਿੰਘ, ਖੀਰਾ ਸਿੰਘ, ਜੋਰਾ ਸਿੰਘ, ਵਿੱਕੀ ਸਿੰਘ, ਨਿੱਕਾ ਸਿੰਘ ਲਖਮੀਰਵਾਲਾ, ਚਮਕੌਰ ਸਿੰਘ, ਗੁਰਦਿਆਲ ਸਿੰਘ, ਬੰਟੀ ਸਿੰਘ ਅਤੇ ਸੋਨੀ ਸਿੰਘ ਸਮੇਤ ਵੱਡੀ ਗਿਣਤੀ ਵਿਚ ਪੱਲੇਦਾਰਾਂ ਨੇ ਰੋਸ ਮਾਰਚ ‘ਚ ਹਿੱਸਾ ਲਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ