ਸਰਕਾਰੀ ਹਾਈ ਸਕੂਲ ਰੋਮਾਣਾ ਅਲਬੇਲ ਸਿੰਘ ਦੇ ਪਹਿਲਾ, ਦੂਜਾ, ਤੀਜਾ ਸਥਾਨ ਲੈਣ ਵਾਲੇ ਬੱਚੇ ਸਨਮਾਨਿਤ

ਹੁਸ਼ਿਆਰ ਬੱਚਿਆਂ ਨੂੰ ਜਾਗਰੂਕਤਾ ਵਾਲੀ ਸਟੇਸ਼ਨਰੀ ਅਤੇ ਨਗਦ ਰਾਸ਼ੀ ਤਕਸੀਮ

ਕੋਟਕਪੂਰਾ (ਸੁਭਾਸ਼ ਸ਼ਰਮਾ/ਸੱਚ ਕਹੂੰ ਨਿਊਜ਼। ਲਾਇਨਜ਼ ਕਲੱਬ ਕੋਟਕਪੂਰਾ ਵਿਸ਼ਵਾਸ਼ ਦੇ ਪ੍ਰਧਾਨ ਤੇ ਉੱਘੇ ਸਮਾਜਸੇਵੀ ਗੁਰਦੀਪ ਸਿੰਘ ਸੇਵਾਮੁਕਤ ਮੈਨੇਜਰ ਨੇ ਆਪਣੇ ਸਤਿਕਾਰਤ ਪਿਤਾ ਮਾਸਟਰ ਹਰੀ ਸਿੰਘ ਜੀ ਦੀ ਯਾਦ ਵਿੱਚ 11ਵੀਂ ਬਰਸੀ ਮੌਕੇ ਸਰਕਾਰੀ ਹਾਈ ਸਕੂਲ ਰੋਮਾਣਾ ਅਲਬੇਲ ਸਿੰਘ ਦੇ ਹੁਸ਼ਿਆਰ ਬੱਚਿਆਂ ਨੂੰ ਨਗਦ ਇਨਾਮ ਦੇ ਕੇ ਸਨਮਾਨਿਤ ਕਰਦਿਆਂ ਦੱਸਿਆ ਕਿ ਉਨਾ ਦੇ ਪਿਤਾ ਸਾਲ 1992 ਵਿੱਚ ਇਸ ਸਕੂਲ ਵਿੱਚੋਂ ਬਤੌਰ ਡਰਾਇੰਗ ਮਾਸਟਰ ਸੇਵਾਮੁਕਤ ਹੋਏ ਸਨ।

ਰਜਿੰਦਰ ਸਿੰਘ ਸਰਾਂ, ਮਨਦੀਪ ਸਿੰਘ ਮਿੰਟੂ ਗਿੱਲ, ਗੁਰਿੰਦਰ ਸਿੰਘ ਮਹਿੰਦੀਰੱਤਾ, ਬਲਜੀਤ ਸਿੰਘ ਬਰਾੜ ਅਤੇ ਰਾਮ ਕਿਸ਼ਨ ਨੇ ਦੱਸਿਆ ਕਿ ਗੁਰਦੀਪ ਸਿੰਘ ਵੱਲੋਂ ਛੇਵੀਂ ਤੋਂ ਦਸਵੀਂ ਤੱਕ ਦੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਲੈਣ ਵਾਲੇ ਬੱਚਿਆਂ ਨੂੰ ਕ੍ਰਮਵਾਰ 500, 300, 200 ਰੁਪਏ ਨਗਦ ਇਨਾਮ ਦੇ ਕੇ ਸਨਮਾਨਿਤ ਕਰਨ ਵਾਲੇ ਉਕਤ ਫੈਸਲੇ ਨਾਲ ਜਿੱਥੇ ਸਰਕਾਰੀ ਸਕੂਲਾਂ ’ਚ ਪੜਦੇ ਬੱਚਿਆਂ ਦੀ ਹੌਂਸਲਾ ਅਫਜਾਈ ਹੋਵੇਗੀ, ਉੱਥੇ ਹੋਰਨਾ ਬੱਚਿਆਂ ਨੂੰ ਵੀ ਇਸ ਤੋਂ ਪ੍ਰੇਰਨਾ ਮਿਲਣੀ ਸੁਭਾਵਿਕ ਹੈ।

ਪਿੰਡ ਹਰੀਨੌ ਦੇ ਹੋਣਹਾਰ ਵਿਦਿਆਰਥੀ ਜੋਬਨਦੀਪ ਸਿੰਘ ਸਮੇਤ ਅਨੇਕਾਂ ਵਿਦਿਆਰਥੀ/ਵਿਦਿਆਰਥਣਾਂ ਨੇ ਵੀ ਪ੍ਰੇਰਨਾਮਈ ਗੀਤਾਂ ਨਾਲ ਹਾਜਰੀ ਲਵਾਈ। ਇਸ ਮੌਕੇ ਕੋਟਕਪੂਰਾ ਗਰੁੱਪ ਆਫ ਫੈਮਿਲੀਜ਼ ਕੈਨੇਡਾ ਅਤੇ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਵਲੋਂ ਜਾਗਰੂਕਤਾ ਵਾਲੀਆਂ ਕਾਪੀਆਂ ਬੱਚਿਆਂ ਨੂੰ ਵੰਡਣ ਬਦਲੇ ਵੱਖ ਵੱਖ ਬੁਲਾਰਿਆਂ ਨੇ ਉਨਾਂ ਦਾ ਧੰਨਵਾਦ ਕੀਤਾ। ਇਸ ਸਮੇਂ ਬੱਚਿਆਂ ਨੂੰ ਕਾਪੀਆਂ ਦੇ ਨਾਲ-ਨਾਲ ਬਿਸਕੁਟਾਂ ਦੇ ਪੈਕਟ ਵੀ ਵੰਡੇ ਗਏ।

ਅੰਤ ਵਿੱਚ ਮੀਕਣ ਸਹਿਗਲ, ਨੰਬਰਦਾਰ ਸੁਖਵਿੰਦਰ ਸਿੰਘ ਪੱਪੂ, ਰਛਪਾਲ ਸਿੰਘ ਭੁੱਲਰ, ਮਿੱਕੀ ਬਰਗਾੜੀ, ਗੁਰਵੀਰਕਰਨ ਸਿੰਘ ਢਿੱਲੋਂ, ਗੁਰਭੇਜ ਸਿੰਘ ਬਰਾੜ ਆਦਿ ਵੱਲੋਂ ਪੁੱਛੇ ਸਵਾਲਾਂ ਦਾ ਸਹੀ ਜਵਾਬ ਦੇਣ ਵਾਲੇ ਬੱਚਿਆਂ ਦਾ ਨਗਦ ਰਾਸ਼ੀ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਕੋਟਕਪੂਰਾ ਗਰੁੱਪ ਆਫ ਫੈਮਲੀਜ਼ ਬਰੈਂਪਟਨ (ਕੈਨੇਡਾ) ਦੇ ਸਹਿਯੋਗ ਨਾਲ ਭਾਈ ਘਨੱਈਆ ਕੈਂਸਰ ਰੋਕੋ ਸੁਸਾਇਟੀ ਵਲੋਂ ਵਾਤਾਵਰਨ ਨੂੰ ਸ਼ੁੱਧ ਰੱਖਣ, ਰੁੱਖਾਂ ਦੀ ਮਹਾਨਤਾ, ਸਾਫ ਪਾਣੀ, ਨਰੋਆ ਸਮਾਜ, ਕੈਂਸਰ ਤੋਂ ਬਚਾਓ, ਸਮੁੱਚੀ ਜੀਵਨ ਜਾਂਚ ਤੇ ਤਿਆਰ ਕੀਤੀ ਗਈ ਸਟੇਸ਼ਨਰੀ ਤਕਸੀਮ ਕੀਤੀ ਗਈ ਤਾਂ ਕਿ ਬੱਚੇ ਇਸ ਤੋਂ ਸਿੱਖਿਆ ਹਾਸਲ ਕਰਕੇ ਅੱਗੋਂ ਆਪਣਾ ਅਤੇ ਆਪਣੇ ਸਮਾਜ ਚੋ ਬੁਰਾਈਆਂ ਖਤਮ ਕਰਨ ਲਈ ਸਹਾਇਕ ਸਿੱਧ ਹੋ ਸਕਣ।

ਗੁਰਦੀਪ ਸਿੰਘ ਵੱਲੋਂ ਉਨਾ ਦੇ ਯੂ.ਕੇ. ਵਾਲੇ ਰਿਸ਼ਤੇਦਾਰ ਕਰਤਾਰ ਸਿੰਘ ਬਰਹਾਇਆ ਦੀ ਭੇਜੀ 7754 ਰੁਪਏ ਦੀ ਰਾਸ਼ੀ ਦਾ ਚੈੱਕ ਇਕ ਨੌਜਵਾਨ ਜੋਬਨਦੀਪ ਸਿੰਘ ਨੂੰ ਆਪਣੀ ਕਾਲਜ ਦੀ ਪੜਾਈ ਜਾਰੀ ਰੱਖਣ ਲਈ ਸੌਂਪਿਆ ਗਿਆ ਤਾਂ ਕਿ ਉਹ ਆਪਣੀ ਬੀ.ਏ. ਮਿਊਜੀਕਲ ਦੀ ਪੜਾਈ ਜਾਰੀ ਰੱਖ ਸਕੇ। ਅੰਤ ਵਿੱਚ ਸਕੂਲ ਮੁਖੀ ਮੈਡਮ ਚਿਤਰਾ ਛਾਬੜਾ ਨੇ ਗੁਰਦੀਪ ਸਿੰਘ ਸਮੇਤ ਸਮੁੱਚੇ ਪਰਿਵਾਰ ਦਾ ਧੰਨਵਾਦ ਕਰਦਿਆਂ ਆਖਿਆ ਕਿ ਅਜਿਹੇ ਹੌਂਸਲਾ ਵਧਾਉ ਇਨਾਮ ਅਤੇ ਪ੍ਰੇਰਨਾਮਈ ਤਕਰੀਰਾਂ ਨਾਲ ਬੱਚਿਆਂ ਦੀ ਸੋਚ ਉਸਾਰੂ ਹੋਣੀ ਸੁਭਾਵਿਕ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ