ਸਾਧ-ਸੰਗਤ ਵੱਲੋਂ ਮਹਿੰਦਰਪਾਲ ਬਿੱਟੂ ਦੇ ਕਤਲ ਕਾਂਡ ਦੀ ਸਾਜਿਸ਼ ਬੇਨਕਾਬ ਕਰਨ ਦੀ ਮੰਗ
ਡੇਰਾ ਸ਼ਰਧਾਲੂਆਂ ਖਿਲਾਫ ਬੇਅਦਬੀ ਦੇ ਪਰਚੇ ਰੱਦ ਕਰਨ ਦੀ ਵੀ ਕੀਤੀ ਮੰਗ
ਨਾਮ ਚਰਚਾ ਘਰ ‘ਚ ਵੱਡੀ ਗਿਣਤੀ ‘ਚ ਪਹੁੰਚੀ ਸਾਧ-ਸੰਗਤ
ਕਿਰਨ ਸ਼ਰਮਾ/ਕਰਮ ਥਿੰਦ, ਕੋਟਕਪੂਰਾ
ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਤੇ 45 ਮੈਂਬਰ ਕਮੇਟੀ ਨੇ ਅੱਜ ਮਹਿੰਦਰਪਾਲ ਬਿੱਟੂ ਇੰਸਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਸਰਕਾਰ ਵੱਲੋਂ ਮੰਗਾਂ ਮੰਨੇ ਜਾਣ ਤੱਕ ਰੋਕ ਦਿੱਤਾ ਹੈ ਸਾਧ-ਸੰਗਤ ਨੇ ਬਿੱਟੂ ਇੰਸਾਂ ਦੇ ਕਤਲ ਪਿੱਛੇ ਸਾਜਿਸ਼ ਨੂੰ ਬੇਨਕਾਬ ਕਰਨ ਅਤੇ ਡੇਰਾ ਸ਼ਰਧਾਲੂਆਂ ‘ਤੇ ਦਰਜ ਬੇਅਦਬੀ ਦੇ ਮੁਕੱਦਮਿਆਂ ਨੂੰ ਝੂਠੇ ਕਰਾਰ ਦਿੰਦਿਆਂ ਰੱਦ ਕਰਨ ਦੀ ਮੰਗ ਕੀਤੀ ਹੈ। ਅੱਜ ਸਵੇਰੇ ਮਹਿੰਦਰਪਾਲ ਬਿੱਟੂ ਇੰਸਾਂ ਦੀ ਮ੍ਰਿਤਕ ਦੇਹ ਨਾਭਾ ‘ਚ ਪੋਸਟਮਾਰਟਮ ਕਰਨ ਤੋਂ ਬਾਅਦ ਨਾਮ ਚਰਚਾ ਘਰ ਕੋਟਕਪੂਰਾ ਵਿਖੇ ਲਿਆਂਦੀ ਗਈ ਇੱਥੇ ਰਾਤ ਤੋਂ ਹੀ ਸਾਧ-ਸੰਗਤ ਪਹੁੰਚਣੀ ਸ਼ੁਰੂ ਹੋ ਗਈ ਸੀ ਅਤੇ ਅੱਜ ਸ਼ਾਮ ਖਬਰ ਲਿਖੇ ਜਾਣ ਤੱਕ ਸਾਧ-ਸੰਗਤ ਦਾ ਆਉਣਾ ਜਾਰੀ ਸੀ
ਨਾਮ ਚਰਚਾ ਘਰ ‘ਚ ਇਕੱਠ ਇੰਨਾ ਸੀ ਕਿ ਪੰਡਾਲ ‘ਚ ਤਿਲ ਸੁੱਟਣ ਨੂੰ ਵੀ ਥਾਂ ਨਹੀਂ ਸੀ ਇਸ ਦੌਰਾਨ ਸਾਧ-ਸੰਗਤ ‘ਚ ਸੋਗ ਤੇ ਰੋਸ ਦੀ ਲਹਿਰ ਵੇਖੀ ਗਈ ਬੁਲਾਰਿਆਂ ਨੇ ਆਪਣੀਆਂ ਤਕਰੀਰਾਂ ਰਾਹੀਂ ਮਹਿੰਦਰਪਾਲ ਬਿੱਟੂ ਇੰਸਾਂ ਵੱਲੋਂ ਕੀਤੇ ਗਏ ਮਾਨਵਤਾ ਭਲਾਈ ਕਾਰਜਾਂ ਦਾ ਜ਼ਿਕਰ ਕਰਦਿਆਂ ਉਸ ਦੇ ਕਤਲ ਨੂੰ ਸਮਾਜ ਵਿਰੋਧੀ ਤਾਕਤਾਂ ਦੀ ਕੋਝੀ ਚਾਲ ਦੱਸਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ 45 ਮੈਂਬਰ ਹਰਚਰਨ ਸਿੰਘ ਇੰਸਾਂ ਨੇ ਆਖਿਆ ਕਿ ਮਹਿੰਦਰਪਾਲ ਸਿੰਘ ਇੰਸਾਂ ਨੂੰ ਬੇਅਦਬੀ ਕਰਨ ਦੇ ਝੂਠੇ ਮਾਮਲੇ ‘ਚ ਫਸਾਇਆ ਗਿਆ ਸੀ ਉਨ੍ਹਾਂ ਕਿਹਾ ਕਿ ਡੇਰਾ ਸ਼ਰਧਾਲੂ ਅਜਿਹਾ ਕਦੇ ਸੋਚ ਵੀ ਨਹੀਂ ਸਕਦੇ ਉਨ੍ਹਾਂ ਕਿਹਾ ਕਿ ਡੇਰਾ ਸ਼ਰਧਾਲੂ ਪਵਿੱਤਰ ਗੁਰਬਾਣੀ ਨੂੰ ਮੰਨਦੇ ਹਨ ਅਤੇ ਗੁਰਬਾਣੀ ਤੋਂ ਸੇਧ ਲੈ ਕੇ ਭਲਾਈ ਕਾਰਜਾਂ ‘ਚ ਜੁਟੇ ਹੋਏ ਹਨ।
ਹਰਚਰਨ ਸਿੰਘ ਇੰਸਾਂ ਨੇ ਆਖਿਆ ਕਿ ਬੇਅਦਬੀ ਮਾਮਲਿਆਂ ‘ਚ ਬਿੱਟੂ ਇੰਸਾਂ ਨੂੰ ਜ਼ਮਾਨਤ ਮਿਲ ਚੁੱਕੀ ਸੀ ਅਤੇ ਇੱਕ ਹੋਰ ਮਾਮਲੇ ‘ਚ ਛੇਤੀ ਹੀ ਜ਼ਮਾਨਤ ਮਿਲਣ ਦੀ ਉਮੀਦ ਸੀ ਉਨ੍ਹਾਂ ਨੇ ਕਿਹਾ ਕਿ ਸਮਾਜ ਵਿਰੋਧੀ ਤਾਕਤਾਂ ਨੂੰ ਇਸੇ ਗੱਲ ਦਾ ਹੀ ਡਰ ਸੀ ਕਿ ਬਿੱਟੂ ਦੇ ਬਾਹਰ ਆਉਣ ਨਾਲ ਸਾਰੇ ਝੂਠ ਦਾ ਪਰਦਾਫਾਸ਼ ਹੋ ਜਾਵੇਗਾ ਜਿਸ ਕਾਰਨ ਉਸ ਦਾ ਕਤਲ ਕਰਵਾਇਆ ਗਿਆ ਹੈ। ਹਰਚਰਨ ਸਿੰਘ ਨੇ ਕਿਹਾ ਕਿ ਸਾਧ-ਸੰਗਤ ਨਿਆਂ ਪ੍ਰਾਪਤ ਕਰਨ ਵਾਸਤੇ ਅਮਨ-ਸ਼ਾਂਤੀ ਨਾਲ ਸੰਘਰਸ਼ ਕਰੇਗੀ ਉਨ੍ਹਾਂ ਕਿਹਾ ਕਿ ਸਾਡੀਆਂ ਦੋ ਹੀ ਮੰਗਾਂ ਹਨ, ਪਹਿਲੀ ਮੰਗ ਹੈ ਇਸ ਕਤਲ ਪਿੱਛੇ ਕੰਮ ਕਰ ਰਹੀਆਂ ਤਾਕਤਾਂ ਦਾ ਪਰਦਾਫਾਸ਼ ਹੋਵੇ ਤੇ ਸਾਰੇ ਦੋਸ਼ੀ ਸਾਹਮਣੇ ਲਿਆ ਕੇ ਉਨ੍ਹਾਂ ?ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਦੂਜੀ ਮੰਗ ਡੇਰਾ ਸ਼ਰਧਾਲੂਆਂ ਖਿਲਾਫ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਦੇ ਝੂਠੇ ਮਾਮਲੇ ਰੱਦ ਕੀਤੇ ਜਾਣ।
ਉੱਧਰ ਡੇਰਾ ਸੱਚਾ ਸੌਦਾ ਤੋਂ ਜ਼ਿੰਮੇਵਾਰ ਜਗਜੀਤ ਸਿੰਘ ਇੰਸਾਂ, ਸਾਧ ਸੰਗਤ ਰਾਜਨੀਤਿਕ ਵਿੰਗ ਤੋਂ ਰਾਮ ਸਿੰਘ ਚੇਅਰਮੈਨ, ਪਰਮਜੀਤ ਸਿੰਘ ਨੰਗਲ, 45 ਮੈਂਬਰ ਹਰਚਰਨ ਸਿੰਘ, ਗੁਰਸੇਵਕ ਸਿੰਘ, ਗੁਰਚਰਨ ਕੌਰ, ਰਵੀ ਕੁਮਾਰ, ਗੁਰਬਚਨ ਸਿੰਘ ਇੰਸਾਂ, ਬਸੰਤ ਸਿੰਘ ਇੰਸਾਂ, ਗੁਰਜੀਤ ਸਿੰਘ ਇੰਸਾਂ, ਦੁਨੀ ਚੰਦ ਇੰਸਾਂ, ਰਾਮਕਰਨ ਇੰਸਾਂ, ਹਰਸ਼ਿੰਦਰ ਸ਼ਰਮਾ, ਬਲਜਿੰਦਰ ਬਾਂਡੀ ਇੰਸਾਂ ਨੇ ਮਹਿੰਦਰਪਾਲ ਬਿੱਟੂ ਦੇ ਪਰਿਵਾਰ ਨਾਲ ਮਿਲ ਕੇ ਦੁੱਖ ਸਾਂਝਾ ਕੀਤਾ। ਦੱਸਿਆ ਜਾਂਦਾ ਹੈ?ਕਿ ਬੀਤੇ ਸ਼ਨਿੱਚਰਵਾਰ ਨਾਭਾ ਜੇਲ੍ਹ ‘ਚ ਬੰਦ ਡੇਰਾ ਸ਼ਰਧਾਲੂ ਮਹਿੰਦਰਪਾਲ ਬਿੱਟੂ ਇੰਸਾਂ ਦਾ ਦੋ ਕੈਦੀਆਂ ਵੱਲੋਂ ਲੋਹੇ ਦੀਆਂ ਰਾਡਾਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਬਿੱਟੂ ਨੂੰ 2015 ‘ਚ ਜ਼ਿਲ੍ਹਾ ਫਰੀਦਕੋਟ ‘ਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਦੇ ਮਾਮਲੇ ‘ਚ ਨਾਮਜ਼ਦ ਕੀਤਾ ਗਿਆ ਸੀ।
ਪ੍ਰਸ਼ਾਸਨ ਤੇ ਸਾਧ-ਸੰਗਤ ਦੀ ਮੀਟਿੰਗ ਹੋਈ
ਕੋਟਕਪੂਰਾ ਮਹਿੰਦਰਪਾਲ ਬਿੱਟੂ ਇੰਸਾਂ ਦੇ ਅੰਤਿਮ ਸਸਕਾਰ ਸਬੰਧੀ ਪ੍ਰਸ਼ਾਸਨ ਅਤੇ ਸਾਧ-ਸੰਗਤ ਦੇ ਜ਼ਿੰਮੇਵਾਰਾਂ ਦਰਮਿਆਨ ਮੀਟਿੰਗ ਹੋਈ, ਜਿਸ ‘ਚ ਜ਼ਿੰਮੇਵਾਰਾਂ ਨੇ ਆਪਣੀਆਂ ਮੰਗਾਂ ਮੰਨੇ ਜਾਣ ‘ਤੇ ਹੀ ਸਸਕਾਰ ਕਰਨ ਦੇ ਫੈਸਲੇ ਬਾਰੇ ਦੱਸਿਆ ਪ੍ਰਸ਼ਾਸਨ?ਵੱਲੋਂ ਮੀਟਿੰਗ ‘ਚ ਹਰਦੀਪ ਸਿੰਘ ਕਮਿਸ਼ਨਰ ਫਰੀਦਕੋਟ, ਕੁਮਾਰ ਸੌਰਭ ਰਾਜ ਡਿਪਟੀ ਕਮਿਸ਼ਨਰ ਫਰੀਦਕੋਟ, ਮੁਖਵਿੰਦਰ ਸਿੰਘ ਛੀਨਾ ਆਈਜੀ ਫਿਰੋਜ਼ਪੁਰ, ਰਾਜਬਚਨ ਸਿੰਘ ਐਸਐਸਪੀ ਫਰੀਦਕੋਟ ਤੇ ਬਲਵਿੰਦਰ ਸਿੰਘ ਐਸਡੀਐਮ ਕੋਟਕਪੂਰਾ ਸ਼ਾਮਲ ਹੋਏ ਸਾਧ-ਸੰਗਤ ਵੱਲੋਂ ਡੇਰਾ ਸੱਚਾ ਸੌਦਾ ਤੋਂ ਜ਼ਿੰਮੇਵਾਰ ਜਗਜੀਤ ਸਿੰਘ ਇੰਸਾਂ, ਸਾਧ-ਸੰਗਤ ਰਾਜਨੀਤਿਕ ਵਿੰਗ ਤੋਂ ਰਾਮ ਸਿੰਘ ਚੇਅਰਮੈਨ, 45 ਮੈਂਬਰ ਹਰਚਰਨ ਸਿੰਘ ਇੰਸਾਂ, ਪਰਮਜੀਤ ਸਿੰਘ ਨੰਗਲ, ਸ਼ਿੰਦਰਪਾਲ ਇੰਸਾਂ ਤੇ ਬਸੰਤ ਸਿੰਘ ਇੰਸਾਂ ਸ਼ਾਮਲ ਹੋਏ
ਮੁਲਜ਼ਮ ਚਾਰ ਦਿਨਾਂ ਦੇ ਪੁਲਿਸ ਰਿਮਾਂਡ ‘ਤੇ
ਸੱਚ ਕਹੂੰ ਨਿਊਜ਼, ਪਟਿਆਲਾ, 23 ਜੂਨ ਡੇਰਾ ਸ਼ਰਧਾਲੂ ਮਹਿੰਦਰਪਾਲ ਬਿੱਟੂ ਇੰਸਾਂ ਦੇ ਕਤਲ ਮਾਮਲੇ ‘ਚ ਗ੍ਰਿਫ਼ਤਾਰ ਦੋ ਮੁਲਜ਼ਮਾਂ ਨੂੰ ਮਾਣਯੋਗ ਜੁਡੀਸ਼ੀਅਲ ਮਜਿਸਟਰੇਟ ਪਟਿਆਲਾ ਦੀ ਅਦਾਲਤ ‘ਚ ਅੱਜ ਪੇਸ਼ ਕੀਤਾ ਗਿਆ ਅਦਾਲਤ ਨੇ ਦੋਵਾਂ ਮੁਲਜ਼ਮਾਂ ਦਾ ਚਾਰ ਦਿਨਾਂ ਲਈ ਪੁਲਿਸ ਰਿਮਾਂਡ ਦੇ ਦਿੱਤਾ ਹੈ ਜ਼ਿਕਰਯੋਗ ਹੈ ਕਿ ਨਾਭਾ ਦੇ ਜ਼ੇਲ੍ਹ ਅਧਿਕਾਰੀਆਂ ਦੀ ਸ਼ਿਕਾਇਤ ‘ਤੇ ਹਵਾਲਾਤੀ ਮਨਿੰਦਰ ਪੁੱਤਰ ਹਰਬੰਸ ਸਿੰਘ ਵਾਸੀ ਫਤਿਹਗੜ੍ਹ ਸਾਹਿਬ ਅਤੇ ਗੁਰਸੇਵਕ ਸਿੰਘ ਪੁੱਤਰ ਸੰਸਾਰ ਸਿੰਘ ਵਾਸੀ ਮੋਹਾਲੀ ਖਿਲਾਫ਼ ਆਈਪੀਸੀ ਦੀ ਧਾਰਾ 302, 34 ਅਤੇ 120ਬੀ ਤਹਿਤ ਮਾਮਲਾ ਦਰਜ਼ ਕੀਤਾ ਗਿਆ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।