ਕਿਹਾ, ਬੱਚੇ ਲਾਪਤਾ ਹੋਣ ਦੇ ਕੇਸ ‘ਚ ਢਿੱਲਮੱਠ ਵਰਤਣ ਦੇ ਦੋਸ਼ੀ ਪੁਲਿਸ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਹੋਵੇ
ਖੁਸ਼ਵੀਰ ਸਿੰਘ ਤੂਰ, ਪਟਿਆਲਾ
ਗੁੰਮ ਹੋਏ ਸਕੇ ਭਰਾਵਾਂ ਦੇ ਮਾਪਿਆਂ ਨਾਲ ਹਮਦਰਦੀ ਪ੍ਰਗਟ ਕਰਨ ਖੇੜੀ ਗੰਡਿਆ ਪੁੱਜੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਇਸ ਮਾਮਲੇ ‘ਤੇ ਸਰਕਾਰ, ਪ੍ਰਸ਼ਾਸਨ ਸਮੇਤ ਇੱਥੋਂ ਦੇ ਕਾਂਗਰਸੀ ਵਿਧਾਇਕ ‘ਤੇ ਵੱਡਾ ਹਮਲਾ ਬੋਲਿਆ ਹੈ। ਉਂਜ ਮਜੀਠੀਆ ਨੇ ਕਿਹਾ ਕਿ ਉਹ ਇਸ ਮਾਮਲੇ ‘ਤੇ ਸਿਆਸਤ ਨਹੀਂ ਚਾਹੁੰਦੇ ਸਨ, ਪਰ ਜਦੋਂ ਅੱਠ ਦਿਨਾਂ ਤੋਂ ਪੁਲਿਸ ਪ੍ਰਸ਼ਾਸਨ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ ਤਾਂ ਉਹ ਪਰਿਵਾਰ ਨਾਲ ਹਮਦਰਦੀ ਕਰਨ ਪੁੱਜੇ ਹਨ।
ਪਰਿਵਾਰ ਨਾਲ ਮੁਲਾਕਾਤ ਤੋਂ ਬਾਅਦ ਮਜੀਠੀਆ ਨੇ ਕਿਹਾ ਕਿ ਘਟਨਾ ਵਾਲੇ ਸਥਾਨ ਤੋਂ ਪੰਜ ਮਿੰਟਾਂ ਦੇ ਵਕਫੇ ਨਾਲ ਥਾਣਾ ਹੋਵੇ ਤੇ ਥਾਣੇ ਦਾ ਮੁਖੀ 12 ਘੰਟਿਆਂ ਬਾਅਦ ਪੁੱਜੇ, ਇਸ ਤੋਂ ਗੈਰ ਸੰਜੀਦਗੀ ਕੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਦੋਵਾਂ ਬੱਚਿਆਂ ਦੇ ਮਾਮਲੇ ਵਿੱਚ ਸਰਕਾਰ, ਪਟਿਆਲਾ ਦਾ ਪੁਲਿਸ ਪ੍ਰਸ਼ਾਸਨ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਥਾਨਕ ਵਿਧਾਇਕ ਜਾਂ ਹੋਰ ਕਾਂਗਰਸੀ ਨੇਤਾ ਹਰੀ ਝੰਡੀ ਨਹੀਂ ਦਿੰਦੇ, ਇੱਕ ਵੀ ਐਫਆਈਆਰ ਦਰਜ ਨਹੀਂ ਕੀਤੀ ਜਾਂਦੀ। ਉਨ੍ਹਾਂ ਕਿਹਾ ਕਿ ਜਦੋਂ ਮੁੱਖ ਮੰਤਰੀ ਦੇ ਜ਼ਿਲ੍ਹੇ ਵਿੱਚ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ ਤਾਂ ਕੋਈ ਰਾਜ ਦੇ ਦੂਜੇ ਜ਼ਿਲ੍ਹਿਆਂ ਵਿੱਚ ਕੀ ਆਸ ਰੱਖ ਸਕਦਾ ਹੈ। ਮਜੀਠੀਆ ਨੇ ਕਿਹਾ ਕਿ ਕੁਤਾਹੀ ਕਰਨ ਵਾਲੇ ਪੁਲਿਸ ਅਫਸਰ ਤੇ ਥਾਣੇ ਦੇ ਹੋਰ ਸਟਾਫ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਜੋ ਕਿ ਸਮੇਂ ਸਿਰ ਕਾਰਵਾਈ ਨਹੀਂ ਕਰ ਸਕੇ।
ਪਰਿਵਾਰ ਨੂੰ ਪੁਲਿਸ ਵੱਲੋਂ ਕੀਤੀ ਕਾਰਵਾਈ ਦੀ ਪਲ ਪਲ ਦੀ ਖਬਰ ਦੇਣ ਦੀ ਥਾਂ ਪੁਲਿਸ ਦੀ ਅਣਗਹਿਲੀ ਨੇ ਪਰਿਵਾਰ ਨੂੰ ਬੇਸਹਾਰਾ ਛੱਡ ਦਿੱਤਾ। ਉਨ੍ਹਾਂ ਕਿਹਾ ਕਿ ਪੁਲਿਸ ਨੇ ਪਰਿਵਾਰ ਨੂੰ ਡੀਐਨਏ ਟੈਸਟ ਤੇ ਹੋਰ ਟੈਸਟਾਂ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਜਦਕਿ ਪਰਿਵਾਰ ਨੇ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਨਹਿਰ ਵਿੱਚ ਮਿਲੀ ਬੱਚੇ ਦੀ ਲਾਸ਼ ਉਨ੍ਹਾਂ ਦੇ ਪੁੱਤਰ ਦੀ ਨਹੀਂ ਹੈ। ਉਨ੍ਹਾਂ ਕਿਹਾ ਕਿ ਮਨੁੱਖੀ ਅਧਿਕਾਰਾਂ ਦੀ ਉਲੰਘਣਾ, ਕਤਲੇਆਮ, ਸਿਆਸੀ ਕਤਲ, ਡਕੈਤੀਆਂ ਤੇ ਚੋਰੀਆਂ ਹੁਣ ਆਮ ਹੋ ਗਈਆਂ ਹਨ ਤੇ ਸੂਬੇ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਪੂਰੀ ਤਰ੍ਹਾਂ ਢਹਿ ਢੇਰੀ ਹੋ ਗਈ ਹੈ। ਇਸ ਮੌਕੇ ਸੁਰਜੀਤ ਸਿੰਘ ਰੱਖੜਾ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਹਰਪਾਲ ਜੁਨੇਜਾ, ਹਰਪ੍ਰੀਤ ਕੌਰ ਮੁਖਮੇਲਪੁਰ, ਸੁਰਜੀਤ ਸਿੰਘ ਗੜ੍ਹੀ ਸਮੇਤ ਹੋਰ ਆਗੂ ਹਾਜ਼ਰ ਸਨ।
ਵਿਧਾਨ ਸਭਾ ‘ਚ ਚੁੱਕਾਂਗੇ ਮੁੱਦਾ
ਮਜੀਠੀਆ ਨੇ ਕਿਹਾ ਕਿ ਅਕਾਲੀ ਦਲ-ਭਾਜਪਾ ਗਠਜੋੜ ਨੇ ਵਿਧਾਨ ਸਭਾ ਦਾ ਇਜਲਾਸ ਵਧਾਏ ਜਾਣ ਦੀ ਮੰਗ ਕੀਤੀ ਹੈ ਤੇ ਜੇਕਰ ਸਰਕਾਰ ਇਸ ਵਿੱਚ ਵਾਧਾ ਕਰਨ ਵਿੱਚ ਅਸਫਲ ਰਹਿੰਦੀ ਹੈ ਤਾਂ ਅਸੀਂ ਮੰਗ ਕਰਾਂਗੇ ਕਿ ਸਿਰਫ ਇਸੇ ਘਟਨਾ ‘ਤੇ ਸੂਬਾ ਵਿਧਾਨ ਸਭਾ ਵਿੱਚ ਚਰਚਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਅਸੀਂ ਵਿਧਾਨ ਸਭਾ ਵਿਚ ਜ਼ੋਰ ਸ਼ੋਰ ਨਾਲ ਇਹ ਮੁੱਦਾ ਉਠਾਵਾਂਗੇ ਤੇ ਜੇਕਰ ਸਰਕਾਰ ਇਸ ‘ਤੇ ਬਹਿਸ ਤੋਂ ਭੱਜੀ ਤਾਂ ਫਿਰ ਕੁੰਭਕਰਨੀ ਨੀਂਦ ਸੁੱਤੀ ਸਰਕਾਰ ਨੂੰ ਜਗਾਉਣ ਵਾਸਤੇ ਸੜਕਾਂ ‘ਤੇ ਉਤਰਨ ਤੋਂ ਗੁਰੇਜ਼ ਨਹੀਂ ਕਰਾਂਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।