ਸਮਾਂਬੱਧ ਤਰੱਕੀਆਂ ਦੀ ਨਵੀਂ ਸਕੀਮ ਤੋਂ ਸੰਤੁਸ਼ਟ ਹੋਏ ਡਾਕਟਰ | Punjab Government
Punjab Government: (ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਪੰਜਾਬ ਸਰਕਾਰ ਅਤੇ ਸਰਕਾਰੀ ਡਾਕਟਰਾਂ ਦੀ ਐਸੋਸੀਏਸ਼ਨ (ਪੀਸੀਐਮਐਸਏ) ਵਿਚਕਾਰ ਚੱਲ ਰਹੇ ਟਕਰਾਵ ਤਹਿਤ ਡਾਕਟਰਾਂ ਵੱਲੋਂ 23 ਜਨਵਰੀ ਤੋਂ ਅਗਲੇ ਸੰਘਰਸ਼ ਦੀ ਰੂਪ ਰੇਖਾ ਐਲਾਨ ਕਰਨ ਤੋਂ ਪਹਿਲਾਂ ਹੀ ਸਰਕਾਰ ਵੱਲੋਂ ਇਨ੍ਹਾਂ ਦੀਆਂ ਮੰਗਾਂ ਨੂੰ ਮੰਨਦੇ ਹੋਏ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ। ਜਿਸ ਨਾਲ ਡਾਕਟਰਾਂ ਵਿੱਚ ਸੰਤੁਸ਼ਟੀ ਪਾਈ ਜਾ ਰਹੀ ਹੈ।
ਵਰਨਣ ਯੋਗ ਹੈ ਸਤੰਬਰ ਮਹੀਨੇ ਤੋਂ ਹਸਪਤਾਲਾਂ ਦੀ ਸੁਰੱਖਿਆ ਅਤੇ ਸਮਾਂਬੱਧ ਕੈਰੀਅਰ ਪ੍ਰੋਗਰੈਸ਼ਨ ਦੀ ਸਕੀਮ (ਏਸੀਪੀਜ਼) ਦੀ ਮੁੜ ਬਹਾਲੀ ਲਈ ਸਰਕਾਰੀ ਡਾਕਟਰਾਂ ਦਾ ਪੰਜਾਬ ਸਰਕਾਰ ਨਾਲ ਟਕਰਾਅ ਚੱਲ ਰਿਹਾ ਸੀ, ਜਿਸ ਕਾਰਨ ਡਾਕਟਰਾਂ ਵੱਲੋਂ ਸਤੰਬਰ ਮਹੀਨੇ ਵਿੱਚ ਹਫਤੇ ਭਰ ਦੀ ਹੜਤਾਲ ਕੀਤੀ ਗਈ ਸੀ ’ਤੇ ਸਰਕਾਰ ਵੱਲੋਂ ਮੰਗਾਂ ਮੰਨੀਆਂ ਗਈਆਂ ਪਰ ਨੋਟੀਫਿਕੇਸ਼ਨ ਅਜੇ ਤੱਕ ਜਾਰੀ ਨਹੀਂ ਸੀ ਕੀਤਾ ਗਿਆ।
ਇਹ ਵੀ ਪੜ੍ਹੋ: Saif Ali Khan: ਸੈਫ ਅਲੀ ਖਾਨ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਡਾਕਟਰਾਂ ਨੇ ਆਰਾਮ ਦੀ ਸਲਾਹ ਦਿੱਤੀ
ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਡਾ. ਕੰਵਰਪਾਲ ਸਿੰਘ ਨੇ ਦੱਸਿਆ ਕਿ ਹੁਣ ਫਿਰ 20 ਜਨਵਰੀ ਤੋਂ ਡਾਕਟਰ ਹੜਤਾਲ ’ਤੇ ਜਾਣ ਲਈ ਤਿਆਰ ਸਨ ਪਰ ਮੋਗਾ ਵਿਖੇ 17 ਜਨਵਰੀ ਨੂੰ ਸਰਕਾਰ ਨਾਲ ਜੋ ਸਹਿਮਤੀ ਬਣੀ, ਅੱਜ ਉਸ ਮੁਤਾਬਕ ਸਰਕਾਰ ਵੱਲੋਂ ਸਮਾਂ ਬੱਧ ਕੈਰੀਅਰ ਪ੍ਰੋਗਰੈਸ਼ਨ ਦੀ ਜੋ ਨਵੀਂ ਸਕੀਮ ਬਣਾਈ ਗਈ ਹੈ, ਉਸ ਸਬੰਧੀ ਨੋਟੀਫਿਕੇਸ਼ਨ ਜਾਰੀ ਹੋਣ ਨਾਲ ਡਾਕਟਰਾਂ ਦਾ ਰੋਸ ਸ਼ਾਂਤ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਏ.ਸੀ.ਪੀਜ਼ ਦੀ ਬਹਾਲੀ ਬਾਰੇ ਨੋਟੀਫਿਕੇਸ਼ਨ ਜਾਰੀ ਹੋਣ ਦੇ ਮੱਦੇਨਜ਼ਰ, ਪੀਸੀਐੱਮਐੱਸਏ ਵੱਲੋਂ ਅੰਦੋਲਨ,ਵਿਰੋਧ ਦੇ ਸੱਦੇ ਨੂੰ ਤੁਰੰਤ ਪ੍ਰਭਾਵ ਨਾਲ ਵਾਪਸ ਲੈ ਲਿਆ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਐਸੋਸੀਏਸ਼ਨ ਵੱਲੋਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਵਿਭਾਗ ਦੇ ਪ੍ਰਬੰਧਕੀ ਸਕੱਤਰ ਕੁਮਾਰ ਰਾਹੁਲ ਦਾ ਜਨਤਕ ਸਿਹਤ ਸੰਭਾਲ ਨਾਲ ਸਬੰਧਤ ਮੁੱਖ ਮੁੱਦਿਆਂ ਦੇ ਪ੍ਰਭਾਵਸ਼ਾਲੀ ਹੱਲ ਲਈ ਉਨ੍ਹਾਂ ਦੇ ਯਤਨਾਂ ਲਈ ਧੰਨਵਾਦ ਕੀਤਾ ਗਿਆ ਹੈ। Punjab Government
ਐਸੋਸੀਏਸ਼ਨ ਦੀ ਜ਼ਿਲ੍ਹਾ ਇਕਾਈ ਦੇ ਜਨਰਲ ਸਕੱਤਰ ਡਾ. ਅਮਰਿੰਦਰਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਮਹੀਨੇ ਕੀਤੀ ਗਈ ਨਵੇਂ ਡਾਕਟਰਾਂ ਦੀ ਭਰਤੀ ਅਤੇ ਪੀ ਜੀ ਪਾਲਿਸੀ ਨੂੰ ਤਰਕਸੰਗਤ ਬਣਾਉਣ ਲਈ ਕੀਤੇ ਬਦਲਾਅ ਵਿਭਾਗ ਲਈ ਬਹੁਤ ਸੁਧਾਰਤਮਕ ਹਨ। ਉਹਨਾਂ ਕਿਹਾ ਕਿ ਪੀਸੀਐਮਐਸਏ ਦੀਆਂ ਦੋ ਮੁੱਖ ਮੰਗਾਂ ਸਨ, ਜਿਸ ਮੁਤਾਬਕ ਸਰਕਾਰ ਨੂੰ ਹਸਪਤਾਲਾਂ ਦੀ ਸੁਰੱਖਿਆ ਲਈ ਫਰੇਮਵਰਕ ਦਾ ਖਰੜਾ ਜਾਰੀ ਕਰਨ ਦੀ ਅਪੀਲ ਕੀਤੀ ਗਈ ਹੈ , ਉਮੀਦ ਹੈ ਕਿ ਇਹ ਜਲਦੀ ਜਾਰੀ ਕੀਤਾ ਜਾਵੇਗਾ।