Stubble Fire: ਸ਼ੁੱਭ ਸੰਕੇਤ: ਪੰਜਾਬ ’ਚ ਪਰਾਲੀ ਨੂੰ ਅੱਗਾਂ ਦੀਆਂ ਘਟਨਾਵਾਂ ’ਚ 50 ਫੀਸਦੀ ਕਮੀ

Stubble Fire
Stubble Fire: ਸ਼ੁੱਭ ਸੰਕੇਤ: ਪੰਜਾਬ ’ਚ ਪਰਾਲੀ ਨੂੰ ਅੱਗਾਂ ਦੀਆਂ ਘਟਨਾਵਾਂ ’ਚ 50 ਫੀਸਦੀ ਕਮੀ

Stubble Fire: ਪੰਜਾਬ ’ਚ ਹਵਾ ਪ੍ਰਦੂਸ਼ਣ ਪਿਛਲੇ ਸਾਲ ਨਾਲੋਂ ਘੱਟ, ਦਿੱਲੀ ਦਾ ਸਾਹ ਅਜੇ ਵੀ ਘੁੱਟਿਆ

  • ਪਰਾਲੀ ਨਿਬੇੜੇ ਲਈ ਸਰਕਾਰੀ ਮਸ਼ੀਨਰੀ ਵਧੀ, ਪੰਜਾਬ ਦੇ ਕਿਸਾਨਾਂ ਨੂੰ ਹੋਰ ਮਸ਼ੀਨਰੀ ਦੀ ਦਰਕਾਰ

Stubble Fire: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਸੂਬੇ ਅੰਦਰ ਝੋਨੇ ਦੀ ਪਰਾਲੀ ਨੂੰ ਅੱਗਾਂ ਲਾਉਣ ਦਾ ਸਿਲਸਿਲਾ ਲਗਭਗ ਖਤਮ ਹੋ ਗਿਆ ਹੈ। ਇਸ ਸਾਲ ਪਿਛਲੇ ਸਾਲ ਨਾਲੋਂ ਅੱਗਾਂ ਲਾਉਣ ਦੇ ਮਾਮਲਿਆਂ ਵਿੱਚ 50 ਫੀਸਦੀ ਕਮੀ ਦਰਜ ਕੀਤੀ ਗਈ ਹੈ। ਇਸ ਵਾਰ ਕਿਸਾਨਾਂ ਵੱਲੋਂ ਵੀ ਕਾਫ਼ੀ ਜਾਗਰੂਕਤਾ ਦਿਖਾਈ ਗਈ ਹੈ ਤੇ ਸਰਕਾਰ ਵੱਲੋਂ ਵੀ ਪ੍ਰਬੰਧਾਂ ਵਿੱਚ ਇਜਾਫ਼ਾ ਜ਼ਰੂਰ ਕੀਤਾ ਗਿਆ ਸੀ। ਉਂਜ ਜੇਕਰ ਕਿਸਾਨਾਂ ਨੂੰ ਸਮੇਂ ਸਿਰ ਪਰਾਲੀ ਦੇ ਨਿਬੇੜੇ ਸਬੰਧੀ ਮਸ਼ੀਨਰੀ ਹੋਰ ਮੁਹੱਈਆ ਹੋ ਜਾਂਦੀ ਤਾਂ ਅੱਗਾਂ ਦੀਆਂ ਘਟਨਾਵਾਂ ਵਿੱੱਚ ਹੋਰ ਵੀ ਕਮੀ ਆ ਸਕਦੀ ਸੀ।

ਜਾਣਕਾਰੀ ਮੁਤਾਬਿਕ ਇਸ ਵਾਰ ਪੰਜਾਬ ਦੇ ਕਿਸਾਨਾਂ ਵੱਲੋਂ ਵੱਡੀ ਪਹਿਲਕਦਮੀ ਕਰਦਿਆਂ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ’ਚ ਕਾਫ਼ੀ ਗੁਰੇਜ਼ ਕੀਤਾ ਗਿਆ ਹੈ। ਪੰਜਾਬ ਵਿੱਚ ਇਸ ਵਾਰ ਧੂੰਏ ਕਾਰਨ ਕੋਈ ਘੁੱਪ ਹਨੇ੍ਹਰਾ ਨਹੀਂ ਛਾਇਆ ਅਤੇ ਇਸ ਵਾਰ ਸੂਰਜ ਦੀ ਨਿੱਘ ਵੀ ਖਿੜ੍ਹਦੀ ਰਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਪ੍ਰਦੂਸ਼ਣ ਲਈ ਪੰਜਾਬ ਨੂੰ ਜਿੰਮੇਵਾਰ ਠਹਿਰਾਉਣ ਵਾਲੇ ਦਿੱਲੀ ਵਿੱਚ ਇਸ ਵਾਰ ਵੀ ਹਵਾ ਪ੍ਰਦੂਸ਼ਣ ਰਿਕਾਡਰ ਪੱਧਰ ’ਤੇ ਛਾਇਆ ਹੋਇਆ ਹੈ। ਇੱਧਰ ਸੂਬੇ ਅੰਦਰ ਹੁਣ ਤੱਕ 5092 ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਦਰਜ ਹੋਈਆਂ ਹਨ।

Stubble Fire

ਜਦਕਿ ਪਿਛਲੀ ਵਾਰ ਇਨ੍ਹਾਂ ਘਟਨਾਵਾਂ ਦੀ ਗਿਣਤੀ 10443 ਸੀ। ਇਸ ਵਾਰ ਸੂਬੇ ਅੰਦਰ ਲਗਭਗ 50 ਫੀਸਦੀ ਤੱਕ ਝੋਨੇ ਦੀ ਪਰਾਲੀ ਨੂੰ ਸਾੜਨ ਦੇ ਮਾਮਲਿਆਂ ’ਚ ਕਮੀ ਦਰਜ ਕੀਤੀ ਗਈ ਹੈ ਜੋ ਕਿ ਪੰਜਾਬ ਲਈ ਸ਼ੁਭ ਸੰਕੇਤ ਹੈ। ਇੱਧਰ ਅਧਿਕਾਰੀਆਂ ਦਾ ਦਾਅਵਾ ਹੈ ਕਿ ਸਰਕਾਰਾਂ ਵੱਲੋਂ 2018-19 ਤੋਂ ਹੁਣ ਤੱਕ ਵੰਡੀਆਂ ਗਈਆਂ 1,48,000 ਫਸਲੀ ਰਹਿੰਦ-ਖੂੰਹਦ ਦੇ ਨਿਬੇੜੇ ’ਚ ਮਸ਼ੀਨਾਂ ਦਾ ਇਸ ਵਿੱਚ ਵੱਡਾ ਯੋਗਦਾਨ ਰਿਹਾ ਹੈ ਅਤੇ ਕਿਸਾਨਾਂ ਵੱਲੋਂ ਵੀ ਜਾਗਰੂਕਤਾ ਨੂੰ ਅਪਣਾਉਂਦਿਆਂ ਪਰਾਲੀ ਪ੍ਰਬੰਧਨ ਦੇ ਨਬੇੜੇ ਨੂੰ ਤਰਜੀਹ ਦਿੱਤੀ ਗਈ ਹੈ। ਇੱਥੋਂ ਤੱਕ ਕਿ ਇਸ ਵਾਰ 10 ਹਜ਼ਾਰ ਤੋਂ ਵੱਧ ਮੁਲਾਜ਼ਮਾਂ ਦੀ ਫੌਜ ਵੀ ਪਰਾਲੀ ਦੇ ਨਿਬੇੜੇ ਨੂੰ ਨੇਪਰੇ ਚਾੜ੍ਹਨ ਲਈ ਖੇਤਾਂ ’ਚ ਝੋਕੀ ਗਈ ਸੀ ਅਤੇ ਇਸ ਸਖ਼ਤੀ ਦਾ ਅਸਰ ਵੀ ਦੇਖਣ ਨੂੰ ਮਿਲਿਆ ਹੈ।

Read Also : ਅਮਰਪਾਲ ਸਿੰਘ ਨੂੰ ਮੁੱਕਿਆ ਛੱਤ ਡਿੱਗਣ ਦਾ ਡਰ

ਇੱਕ ਅਧਿਕਾਰੀ ਮੁਤਾਬਿਕ ਇਸ ਵਾਰ ਝੋਨੇ ਦੀ ਸਿੱਧੀ ਬਿਜਾਈ ਵਿਧੀ ਰਾਹੀਂ ਵੀ 2.93 ਲੱਖ ਏਕੜ ਰਕਬੇ ਵਿੱਚ ਹੋਈ ਹੈ। ਭਾਵੇਂ ਕਿ ਪ੍ਰਸ਼ਾਸਨ ਅਤੇ ਖੇਤੀਬਾੜੀ ਵਿਭਾਗ ਵੱਲੋਂ ਵੱਡੇ ਪੱਧਰ ’ਤੇ ਮਸ਼ੀਨਰੀ ਮੁਹੱਈਆਂ ਕਰਵਾਉਣ ਦੀ ਗੱਲ ਆਖੀ ਗਈ ਸੀ, ਪਰ ਜੇਕਰ ਕਿਸਾਨਾਂ ਨੂੰ ਸਮੇਂ ਸਿਰ ਪਰਾਲੀ ਦੇ ਨਿਬੇੜੇ ਸਬੰਧੀ ਮਸ਼ੀਨਰੀ ਮਿਲ ਜਾਂਦੀ ਤਾਂ ਅੱਗਾਂ ਦੀਆਂ ਘਟਨਾਵਾਂ ਵਿੱਚ ਹੋਰ ਵੀ ਕਮੀ ਆ ਸਕਦੀ ਸੀ। ਕਈ ਜ਼ਿਲ੍ਹਿਆਂ ਵਿੱਚ ਕਿਸਾਨਾਂ ਨੂੰ ਗੱਠਾਂ ਬਣਾਉਣ ਲਈ ਸਮੇਂ ਸਿਰ ਬੇਲਰ ਹੀ ਉਪਲੱਬਧ ਨਹੀਂ ਹੋਏ, ਜਿਸ ਤੋਂ ਬਾਅਦ ਮਜ਼ਬੂਰੀਵਸ ਅੱਗ ਲਾਉਣੀ ਪਈ।

ਸੰਗਰੂਰ ਅਤੇ ਤਰਨਤਾਰਨ ਜ਼ਿਲ੍ਹੇ ਮੋਹਰੀਆਂ ’ਚ

ਇਸ ਵਾਰ ਸੰਗਰੂਰ ਅਤੇ ਤਰਨਤਾਰਨ ਜ਼ਿਲ੍ਹਿਆਂ ’ਚ ਸਭ ਤੋਂ ਵੱਧ ਝੋਨੇ ਦੀ ਪਰਾਲੀ ਨੂੰ ਸਾੜਿਆ ਗਿਆ ਹੈ। ਸੰਗਰੂਰ ਜ਼ਿਲ੍ਹੇ ਵਿੱਚ 695 , ਜਦੋਂਕਿ ਤਰਨਤਾਰਨ ਜ਼ਿਲ੍ਹੇ ਵਿੱਚ 696 ਥਾਵਾਂ ’ਤੇ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਾਈ ਗਈ ਹੈ। ਇਸ ਤੋਂ ਬਾਅਦ ਫਿਰੋਜ਼ਪੁਰ ਜ਼ਿਲ੍ਹੇ ਵਿੱਚ 547, ਸ੍ਰੀ ਮੁਕਤਸਰ ਸਾਹਿਬ ਵਿੱਚ 373, ਬਠਿੰਡਾ ਵਿੱਚ 368, ਮੋਗਾ ਵਿੱਚ 330, ਅੰਮ੍ਰਿਤਸਰ ਵਿੱਚ 315, ਮਾਨਸਾ ਵਿੱਚ 303, ਫਾਜ਼ਿਲਕਾ 267, ਪਟਿਆਲਾ 235, ਲੁਧਿਆਣਾ 218, ਫਰੀਦਕੋਟ 132, ਬਰਨਾਲਾ ਵਿੱਚ 105 ਥਾਵਾਂ ’ਤੇ ਅੱਗ ਲਾਈ ਗਈ ਹੈ। ਰੂਪਨਗਰ ਅਤੇ ਪਠਾਨਕੋਟ ਨੂੰ ਛੱਡ ਕੇ ਬਾਕੀ ਜ਼ਿਲ੍ਹਿਆਂ ’ਚ ਵੀ ਪਰਾਲੀ ਸਾੜੀ ਗਈ ਹੈ।

ਕਿਸਾਨਾਂ ’ਤੇ 1 ਕਰੋੜ 23 ਲੱਖ ਤੋਂ ਵੱਧ ਦਾ ਲਾਇਆ ਜ਼ੁਰਮਾਨਾ

ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ’ਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ 1 ਕਰੋੜ 23 ਲੱਖ ਰੁਪਏ ਤੋਂ ਵੱਧ ਦਾ ਜ਼ੁਰਮਾਨਾ ਲਾਇਆ ਗਿਆ ਹੈ, ਜਦੋਂਕਿ ਇਸ ਵਿੱਚੋਂ 62 ਲੱਖ 45 ਹਜ਼ਾਰ ਰੁਪਏ ਵਸੂਲ ਵੀ ਲਏ ਗਏ ਹਨ। ਇਸ ਤੋਂ ਇਲਾਵਾ 2152 ਕਿਸਾਨਾਂ ਦੇ ਖਾਤਿਆਂ ’ਚ ਲਾਲ ਅਂੈਟਰੀਆਂ ਵਿੱਚ ਦਰਜ ਕੀਤੀਆਂ ਗਈਆਂ ਹਨ, ਜਦਕਿ 1932 ਕਿਸਾਨਾਂ ਉੱਪਰ ਐੱਫਆਈਆਰਜ਼ ਦਰਜ ਕੀਤੀਆਂ ਗਈਆਂ ਹਨ।