Transport Punjab: ਲੁਧਿਆਣਾ। ਸੂਬੇ ਭਰ ’ਚ ਵਾਹਨ ਮਾਲਕ ਪਿਛਲੇ ਕਈ ਮਹੀਨਿਆਂ ਤੋਂ ਰਜਿਸਟਰੇਸ਼ਨ ਸਰਟੀਫਿਕੇਟ (ਆਰ. ਸੀ.) ਨਾ ਮਿਲਣ ਕਾਰਨ ਬਹੁਤ ਪਰੇਸ਼ਾਨ ਹਨ। ਹਾਲਾਤ ਅਜਿਹੇ ਹਨ ਕਿ ਅਕਤੂਬਰ 2024 ਤੋਂ ਬਾਅਦ ਇਕ ਵੀ ਆਰ. ਸੀ. ਨਹੀਂ ਛਪੀ ਹੈ। ਨਤੀਜਾ ਇਹ ਹੈ ਕਿ ਲੋਕਾਂ ਦੇ ਵਾਹਨਾਂ ਦੀ ਲੋਨ ਪ੍ਰਕਿਰਿਆ ਫਸੀ ਹੋਈ ਹੈ। ਟਰੈਫਿਕ ਪੁਲਿਸ ਹਰ ਰੋਜ਼ ਚਲਾਨ ਕਰ ਰਹੀ ਹੈ ਅਤੇ ਵਾਹਨ ਮਾਲਕ ਡੀਲਰਾਂ ਅਤੇ ਆਰ. ਟੀ. ਏ. ਦਫ਼ਤਰਾਂ ਦੇ ਚੱਕਰ ਲਗਾਉਣ ਲਈ ਮਜਬੂਰ ਹਨ।
ਜਾਣਕਾਰੀ ਅਨੁਸਾਰ ਪੰਜਾਬ ’ਚ ਇਸ ਸਮੇਂ ਕਰੀਬ 7 ਲੱਖ ਆਰ. ਸੀਜ਼ ਪੈਂਡਿੰਗ ਹਨ। ਇਸ ਦੇ ਨਾਲ ਹੀ ਹਰ ਰੋਜ਼ 1500 ਤੋਂ ਵੱਧ ਵਾਹਨ ਵੇਚੇ ਜਾ ਰਹੇ ਹਨ। ਇਸ ਕਾਰਨ ਇਹ ਅੰਕੜਾ ਲਗਾਤਾਰ ਵੱਧ ਰਿਹਾ ਹੈ। ਲੁਧਿਆਣਾ ਦੇ ਇਕ ਐਕਟਿਵਾ ਡੀਲਰ ਰਾਜੇਸ਼ ਸ਼ਰਮਾ ਕਹਿੰਦੇ ਹਨ ਕਿ ਅਕਤੂਬਰ 2024 ਤੋਂ ਬਾਅਦ ਇਕ ਵੀ ਆਰ. ਸੀ. ਨਹੀਂ ਆਈ। ਕਰੀਬ 5 ਲੱਖ ਆਰ. ਸੀ. ਛਪਾਈ ’ਚ ਫਸੀਆਂ ਹੋਈਆਂ ਹਨ ਅਤੇ ਇਹ ਗਿਣਤੀ ਲਗਾਤਾਰ ਵਧ ਰਹੀ ਹੈ।
Transport Punjab
ਜਦੋਂ ਆਰ. ਟੀ. ਏ. ਅਧਿਕਾਰੀ ਕੁਲਦੀਪ ਬਾਵਾ ਨੂੰ ਇਸ ਮਾਮਲੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਸਿਰਫ ਇਹੀ ਕਿਹਾ ਕਿ ਮੁੱਖ ਦਫ਼ਤਰ ਤੋਂ ਜਾਣਕਾਰੀ ਪ੍ਰਾਪਤ ਕਰੋ। ਵਾਹਨ ਮਾਲਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹਰ ਦਫ਼ਤਰ ’ਚ ਉਹੀ ਟਾਲ-ਮਟੋਲ ਵਾਲਾ ਜਵਾਬ ਮਿਲਦਾ ਹੈ।
ਇਸ ਮੁੱਦੇ ’ਤੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਪਹਿਲਾਂ ਇਕ ਨਿੱਜੀ ਕੰਪਨੀ ਇਹ ਕੰਮ ਕਰਦੀ ਸੀ ਪਰ ਉਸ ਨੇ ਇਕਰਾਰਨਾਮਾ ਤੋੜ ਦਿੱਤਾ। ਉਸ ਤੋਂ ਬਾਅਦ ਸਰਕਾਰ ਨੇ ਖ਼ੁਦ ਜ਼ਿੰਮੇਵਾਰੀ ਲਈ।
ਉਸ ਸਮੇਂ ਕਰੀਬ 10 ਲੱਖ ਆਰ. ਸੀ. ਪੈਂਡਿੰਗ ਸਨ, ਜਿਨ੍ਹਾਂ ’ਚੋਂ 6 ਲੱਖ ਪ੍ਰਿੰਟ ਕੀਤੇ ਜਾ ਚੁੱਕੇ ਹਨ, 4 ਲੱਖ ਅਜੇ ਵੀ ਬਾਕੀ ਹਨ। ਭੁੱਲਰ ਨੇ ਕਿਹਾ ਕਿ ਪੰਜਾਬ ’ਚ ਰੋਜ਼ਾਨਾ ਕਰੀਬ 25,000 ਆਰ. ਸੀ. ਦੀ ਮੰਗ ਕੀਤੀ ਜਾਂਦੀ ਹੈ। 2 ਦਿਨ ਪਹਿਲਾਂ ਪ੍ਰਿੰਟਿੰਗ ਮਸ਼ੀਨ ’ਚ ਇਕ ਤਕਨੀਕੀ ਸਮੱਸਿਆ ਸੀ, ਜਿਸ ਨੂੰ ਹੁਣ ਠੀਕ ਕਰ ਦਿੱਤਾ ਗਿਆ ਹੈ। ਅਗਲੇ 10-20 ਦਿਨਾਂ ’ਚ ਸਾਰੇ ਪੈਂਡਿੰਗ ਆਰ. ਸੀਜ਼ ਛਾਪ ਕੇ ਲੋਕਾਂ ਦੇ ਘਰਾਂ ਤੱਕ ਪਹੁੰਚਾ ਦਿੱਤੇ ਜਾਣਗੇ।
Read Also : ਯੂਪੀਆਈ ਤੋਂ ਲੈ ਕੇ ਐਲਪੀਜੀ ਗੈਸ ਦੀਆਂ ਕੀਮਤਾਂ ਤੱਕ…ਅੱਜ ਤੋਂ ਕੀ-ਕੀ ਬਦਲੇਗਾ