Childhood Memories
ਕੌਣ ਨਹੀਂ ਲੋਚਦਾ ਕਿ ਉਸਨੂੰ ਬਚਪਨ ਦੁਬਾਰਾ ਮਿਲ ਜਾਵੇ। ਬਚਪਨ ਵਿੱਚ ਬੀਤੀ ਹਰ ਘਟਨਾ ਜੇਕਰ ਪਲ ਭਰ ਲਈ ਵੀ ਅੱਖਾਂ ਸਾਹਮਣੇ ਆ ਜਾਵੇ ਤਾਂ ਤੁਰੰਤ ਉਹ ਸਾਰੀ ਘਟਨਾ ਤੇ ਉਸ ਨਾਲ ਜੁੜੀਆਂ ਘਟਨਾਵਾਂ ਚੇਤੇ ਆ ਜਾਂਦੀਆਂ ਹਨ। ਹੁਣ ਉਹ ਬਚਪਨ ਕਿੱਥੇ ਰਹੇ ਜੋ ਸਾਡੇ ਬਜ਼ੁਰਗਾਂ ਨੇ ਤੇ ਅਸੀਂ ਮਾਣੇ ਸਨ। ਬੱਸ ਜੇ ਕੁਝ ਹੈ ਤਾਂ ਯਾਦਾਂ ਹੀ ਹਨ। ਪਰ ਦੁਨੀਆ ਵਿੱਚ ਕੁਝ ਵੀ ਅਸੰਭਵ ਨਹੀਂ ਹੈ। ਬਚਪਨ ਨੂੰ ਤਾਂ ਮੋੜ ਕੇ ਲਿਆਂਦਾ ਨਹੀਂ ਜਾ ਸਕਦਾ ਪਰ ਬਚਪਨ ਦੀਆਂ ਯਾਦਾਂ ਨੂੰ ਜ਼ਰੂਰ ਸੁਰਜੀਤ ਕੀਤਾ ਜਾ ਸਕਦਾ ਹੈ।
ਸੁਰਜੀਤ ਹੀ ਕਿਉਂ ਹੂ-ਬ-ਹੂ ਉਸ ਵਰਗਾ ਬਚਪਨ ਵੀ ਬਿਤਾਇਆ ਜਾ ਸਕਦਾ ਹੈ। ਇਸ ਵਾਰ ਸਮਰ ਕੈਂਪ ਦੌਰਾਨ ਇਹ ਬਚਪਨ ਬਿਤਾਉਣ ਦਾ ਮੌਕਾ ਮਿਲਿਆ ਤੇ ਇਸ ਮੌਕੇ ਦਾ ਪੂਰਾ ਲਾਭ ਲੈ ਕੇ ਬਚਪਨ ਨੂੰ ਬਿਤਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਗਈ। ਵਿਭਾਗ ਦੇ ਆਦੇਸ਼ਾਂ ਮੁਤਾਬਕ ਸਕੂਲਾਂ ਵਿੱਚ ਲੱਗਣ ਵਾਲੇ ਦਸ ਦਿਨਾਂ ਦੇ ਸਮਰ ਕੈਂਪ ਦੇ ਪਹਿਲੇ ਦਿਨ ਜਦੋਂ ਬੱਚਿਆਂ ਨਾਲ ਵਿਚਰਨ ਦਾ ਮੌਕਾ ਮਿਲਿਆ ਤਾਂ ਬੱÎਚਿਆਂ ਨੂੰ ਤਾਂ ਇਸ ਕੈਂਪ ਦਾ ਡਾਢਾ ਚਾਅ ਹੈ ਹੀ ਸੀ ਮੈਨੂੰ ਉਨ੍ਹਾਂ ਨਾਲੋਂ ਵੀ ਵੱਧ ਚਾਅ ਸੀ। ਸ਼ੁਰੂਆਤੀ ਦਿਨਾਂ ਵਿੱਚ ਬੱਚਿਆਂ ਦੇ ਸਵਾਗਤ ਉਪਰੰਤ ਬਚਪਨ ਦੀ ਉਹ ਝਲਕ ਪਹਿਲੀ ਗਤੀਵਿਧੀ ‘ਪੇਪਰ ਫੋਲਡਿੰਗ ਤੇ ਪੇਪਰ ਕਟਿੰਗ’ ਨੇ ਲਿਆ ਦਿੱਤੀ।
ਸਾਡੇ ਵੇਲੇ ਦੁਕਾਨਦਾਰ ਸਮਾਨ ਪਾਉਣ ਲਈ ਅਖ਼ਬਾਰਾਂ ਤੋਂ ਲਿਫ਼ਾਫੇ ਆਪ ਤਿਆਰ ਕਰਦੇ ਸਨ ਤੇ ਕਈ ਵਾਰ ਉਹ ਕਿਸੇ ਖਾਣ ਦੇ ਲਾਲਚ ‘ਚ ਸਾਨੂੰ ਵੀ ਲਿਫ਼ਾਫੇ ਬਣਾਉਣ ਲਾ ਲੈਂਦੇ ਸਨ। ਪੁਰਾਣੇ ਸਮੇਂ ਵਿੱਚ ਕਾਗਜ਼ ਨੂੰ ਮੋੜਨ ਤੇ ਕੱਟਣ ਦਾ ਅਭਿਆਸ ਬੱਚਿਆਂ ਨੂੰ ਕਰਵਾਇਆ ਤੇ ਆਪ ਬਚਪਨ ਦੀ ਉਸ ਪਹਿਲੀ ਯਾਦ ਦੇ ਰੂ-ਬ-ਰੂ ਹੋਏ। ਬੱਸ ਫਿਰ ਕੀ ਸੀ। ਅਗਲੇ ਦਿਨ ਦੀ ਗਤੀਵਿਧੀ ਤਾਂ ਮਿੱਟੀ ਦੇ ਘਰ ਤੇ ਖਿਡੌਣੇ ਬਣਾਉਣ ਦੀ ਸੀ। ਕਿਸਨੂੰ ਨਹੀਂ ਯਾਦ ਹੋਊ ਕਿ ਉਸਨੇ ਆਪਣੇ ਬਚਪਨ ਵਿੱਚ ਮਿੱਟੀ ਦੇ ਖਿਡੌਣੇ ਤੇ ਘਰ ਨਹੀਂ ਬਣਾਏ ਹੋਣਗੇ।
ਮਿੱਟੀ ਨੂੰ ਗਿੱਲੀ ਕਰਕੇ ਭਿਉਂਣਾ ਤੇ ਫਿਰ ਥਾਂ ਦੀ ਚੋਣ ਤੇ ਕੋਲ ਲੋੜੀਂਦਾ ਸਾਜੋ-ਸਮਾਨ ਰੱਖਣਾ, ਆਦਿ ਕਰਵਾਉਂਦਿਆਂ ਜਦੋਂ ਬੱਚਿਆਂ ਨੂੰ ਦੱਸਣਾ ਕਿ ਅਸੀਂ ਵੀ ਇਹ ਸਭ ਕੀਤਾ ਤਾਂ ਉਨ੍ਹਾਂ ਖਿੜਖਿੜਾ ਕੇ ਹੱਸਣਾ। ਮਿੱਟੀ ਨਾਲ ਮਿੱਟੀ ਹੋ ਕੇ ਘਰ ਬਣਾਉਣਾ ਤੇ ਫਿਰ ਉਸ ਦੀ ਦੇਖਭਾਲ ਕਰਨੀ ਆਦਿ ਸਿਖਾਉਂਦਿਆਂ ਕਿੰਨੀਆਂ ਹੀ ਯਾਦਾਂ ਅੱਖਾਂ ਅੱਗੇ ਆ ਜਾਂਦੀਆਂ। ਕਲੇਅ ਮਾਡਲਿੰਗ, ਕੌਲਾਜ਼ ਮੇਕਿੰਗ, ਚਿੱਤਰਕਲਾ ਕਰਦਿਆਂ ਉਨ੍ਹਾਂ ਨੂੰ ਦੱਸਿਆ ਕਿ ਸਮੇਂ ਦੇ ਵਹਾਅ ਨੇ ਇਨ੍ਹਾਂ ਨੂੰ ਤੇ ਇਨ੍ਹਾਂ ਦੇ ਨਾਵਾਂ ਨੂੰ ਨਵਾਂ ਰੂਪ ਦੇ ਦਿੱਤਾ ਹੈ।
ਇਹ ਵੀ ਪੜ੍ਹੋ : ਹਲਕਾ ਲੰਬੀ ਵਾਲਿਓ, ਤੁਸੀਂ ਹੋ ਹਲਕੇ ਦੇ ਰਾਜੇ ਤੇ ਮੈਂ ਤੁਹਾਡਾ ਵਜ਼ੀਰ : ਗੁਰਮੀਤ ਸਿੰਘ ਖੁੱਡੀਆਂ
ਪੌਦੇ ਲਗਾਉਣ ਵਾਲੇ ਦਿਨ ਸਾਡੇ ਅਧਿਆਪਕ ਵੱਲੋਂ ਦੱਸੀ ਗੱਲ ਚੇਤੇ ਆ ਗਈ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਪੁੱਤਰ ਪੌਦੇ ਲਗਾਉਣਾ ਐਨਾ ਅਨੰਦ ਨਹੀਂ ਦਿੰਦਾ ਜਿੰਨਾ ਉਨ੍ਹਾਂ ਨੂੰ ਰੋਜ਼ ਪਾਣੀ ਪਾਉਣਾ ਤੇ ਉਨ੍ਹਾਂ ਦੀ ਦੇਖ-ਭਾਲ ਕਰਨ ਨਾਲ ਆਉਂਦੈ। ਤੇ ਇਹ ਸਭ ਗੱਲਾਂ ਸਮਰ ਕੈਂਪ ਦਾ ਹਿੱਸਾ ਰਹੇ ਵਿਦਿਆਰਥੀਆਂ ਨਾਲ ਜਦ ਸਾਂਝੀਆਂ ਕੀਤੀਆਂ ਤਾਂ ਉਨ੍ਹਾਂ ਵੀ ਪੌਦਿਆਂ ਦੀ ਸਾਂਭ-ਸੰਭਾਲ ਕਰਨ ਦੀ ਹਾਮੀ ਭਰੀ। ਖਾਣ-ਪੀਣ ਬਾਰੇ ਜਾਣਕਾਰੀ ‘ਚ ਵਿਦਿਆਰਥੀਆਂ ਨੂੰ ਪੁਰਾਣੇ ਸਮੇਂ ਦੇ ਸਾਦੇ ਭੋਜਨ, ਦੁੱਧ, ਮੱਖਣ-ਮਲ਼ਾਈਆਂ ਖਾਣ ਬਾਰੇ ਜਾਣਕਾਰੀ ਦਿੱਤੀ ਤਾਂ ਉਹ ਕਾਫ਼ੀ ਹੈਰਾਨ ਹੋਏ।
ਇਹ ਵੀ ਪੜ੍ਹੋ : ਯੁੱਗ ਪੁਰਸ਼ ਭਗਤ ਪੂਰਨ ਸਿੰਘ ਜੀ ਪਿੰਗਲਵਾੜਾ ਨੂੰ ਯਾਦ ਕਰਦਿਆਂ…
ਬਹੁਤਿਆਂ ਨੇ ਦੱਸਿਆ ਕਿ ਹੁਣ ਇਹ ਸਭ ਚੀਜ਼ਾਂ ਉਨ੍ਹਾਂ ਦੇ ਘਰ ਦਾ ਹਿੱਸਾ ਨਹੀਂ ਰਹੀਆਂ। ਨਿੱਜੀ ਸਫ਼ਾਈ, ਯੋਗਾ ਕਰਾਉਣ, ਮਖੌਟੇ ਤਿਆਰ ਕਰਨ, ਅਧੂਰੀ ਕਹਾਣੀ ਤੇ ਕਵਿਤਾ ਪੂਰੀ ਕਰਨ ਸਮੇਂ ਅਨੇਕਾਂ ਹੀ ਬਚਪਨ ਦੀਆਂ ਯਾਦਾਂ ਨੂੰ ਵਿਦਿਆਰਥੀਆਂ ਨਾਲ ਸਾਂਝੇ ਕਰਦਿਆਂ ਇੰਜ ਮਹਿਸੂਸ ਹੁੰਦਾ ਸੀ ਕਿ ਦੁਬਾਰਾ ਬਚਪਨ ਵਿੱਚ ਹੀ ਚਲੇ ਗਏ ਹਾਂ। ਵਿਦਿਆਰਥੀਆਂ ਦਾ ਹੁੰਗਾਰਾ ਵੀ ਹਾਂ-ਪੱਖੀ ਹੁੰਦਾ ਤੇ ਉਹ ਹਰ ਗੱਲ ਸੁਣਨ ਲਈ ਉਤਾਵਲੇ ਰਹਿੰਦੇ। ਇਹੀ ਕਾਰਨ ਸੀ ਕਿ ਬਚਪਨ ਦੀਆਂ ਯਾਦਾਂ ਦਾ ਸ਼ੁਰੂ ਹੋਇਆ ਇਹ ਦੌਰ ਲਗਾਤਾਰ ਵਧਦਾ ਜਾ ਰਿਹਾ ਸੀ।
ਇਹ ਵੀ ਪੜ੍ਹੋ : ਸਵਾਰੀਆਂ ਨਾਲ ਭਰੀ ਬੱਸ ਪਿੱਲਰ ਨਾਲ ਟਕਰਾਈ
ਜਦੋਂ ਲੋਕ-ਖੇਡਾਂ ਦੀ ਵਾਰੀ ਆਉਣੀ ਤਾਂ ‘ਭੰਡਾ ਭੰਡਾਰੀਆ ਕਿੰਨਾ ਕੁ ਭਾਰ’ ਵਰਗੀਆਂ ਅਨੇਕਾਂ ਹੀ ਖੇਡਾਂ ਬੱਚਿਆਂ ਨੂੰ ਕਰਵਾਉਣੀਆਂ ਤੇ ਉਨ੍ਹਾਂ ਨੇ ਚਾਵਾਂ ਨਾਲ ਇਨਾਂ ਸਾਰੀਆਂ ਖੇਡਾਂ ਦਾ ਹਿੱਸਾ ਬਣਨਾ। ਮੋਬਾਇਲ ‘ਤੇ ਚਲਦੀਆਂ ਖੇਡਾਂ ਨਾਲੋਂ ਇਹ ਖੇਡਾਂ ਸਰੀਰਕ ਕੇ ਮਾਨਸਿਕ ਤੰਦਰੁਸਤੀ ਬਖਸ਼ਦੀਆਂ ਤੇ ਬੱਚੇ ਇਨ੍ਹਾਂ ਨੂੰ ਸਮੂਹ ਦੇ ਰੂਪ ਵਿੱਚ ਖੇਡਦੇ। ਸੁੰਦਰ ਲਿਖਾਈ ਲਈ ਜਦੋਂ ਫੱਟੀਆਂ ਦਾ ਜ਼ਿਕਰ ਹੋਇਆ ਤਾਂ ਬੱਚੇ ਮੂੰਹ ਵਿੱਚ ਉਂਗਲਾਂ ਪਾ ਕੇ ਬੈਠ ਗਏ ਕਿਉਂਕਿ ਫੱਟੀ ਤਾਂ ਉਨਾਂ ਦੇਖੀ ਹੀ ਨਹੀਂ ਸੀ। ਫਿਰ ਵੀ ਫੱਟੀ ਬਣਾ ਕੇ ਉਨ੍ਹਾਂ ਨੂੰ ਦਿਖਾਈ ਗਈ ਤੇ ਗਾਚਣੀ ਤੇ ਸਿਆਹੀ ਬਾਰੇ ਦੱਸਿਆ ਤੇ ਇਸ ਨਾਲ ਹੋਣ ਵਾਲੀ ਸੁਲੇਖ ਲਿਖਾਈ ਬਾਰੇ ਚਾਨਣਾ ਪਾਇਆ।
ਇਹ ਵੀ ਪੜ੍ਹੋ : ਬੁਰੀ ਖ਼ਬਰ : ਯਮਨਾ ਨਦੀ ’ਚ ਨਹਾਉਂਦੇ ਸਮੇਂ ਡੁੱਬੇ ਦੋ ਸਕੇ ਭਰਾ
ਅੰਤਿਮ ਦਿਨ ਜਦੋਂ ਬਣਾਏ ਸਮਾਨ ਦੀ ਪ੍ਰਦਰਸ਼ਨੀ ਲਗਾਈ ਗਈ ਤਾਂ ਇੰਜ ਲੱਗ ਰਿਹਾ ਸੀ ਕਿ ਪ੍ਰਦਰਸ਼ਨੀ ‘ਚ ਮਿੱਟੀ ਦੇ ਬਣੇ ਘਰ, ਖਿਡੌਣੇ, ਮਖੌਟੇ, ਤਸਵੀਰਾਂ ਆਦਿ ਬੀਤੇ ਬਚਪਨ ਨੂੰ ਫਿਰ ਮੋੜ ਲਿਆਈਆਂ ਹੋਣ। ਸੱਭਿਆਚਾਰਕ ਸਮਾਗਮ ਦੌਰਾਨ ਬੱਚਿਆਂ ਨੇ ਚੰਗਾ ਰੰਗ ਬੰਨ੍ਹਿਆ। ਇੱਕ ਵਿਦਿਆਰਥੀ ਵੱਲੋਂ ਆਪਣੇ ਭਾਸ਼ਣ ਵਿੱਚ ਬੋਲੇ ਸ਼ਬਦ, ‘ਅਸੀਂ ਆਪਣੇ ਤੇ ਆਪਣੇ ਅਧਿਆਪਕਾਂ ਦੇ ਬਚਪਨ ਨੂੰ ਇਕੱਠਿਆਂ ਬਿਤਾਇਆ ਹੈ’, ਮੈਨੂੰ ਬਾਹਲਾ ਹੀ ਸਕੂਨ ਦੇ ਗਏ ਤੇ ਬਚਪਨ ਦੀਆਂ ਯਾਦਾਂ ਵਾਲੇ ਸੁਨਹਿਰੀ ਪਲ ਮੇਰੇ ਲਈ ਹੋਰ ਵੀ ਸੁਨਹਿਰੀ ਬਣ ਗਏ।