Bribe News: (ਜਸਵੀਰ ਸਿੰਘ ਗਹਿਲ) ਲੁਧਿਆਣਾ। ਵਿਜੀਲੈਂਸ ਬਿਊਰੋ ਨੇ ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ (ਗਲਾਡਾ) ਲੁਧਿਆਣਾ ਵਿੱਚ ਤਾਇਨਾਤ ਕਲਰਕ (ਫਰੰਟ ਡੈਸਕ ਐਗਜ਼ੀਕਿਊਟਿਵ) ਨੂੰ ਰਿਸ਼ਵਤ ਲੈਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ ਬਿਊਰੋ ਮੁਤਾਬਕ ਕਲਰਕ ਨੂੰ ਗੂਗਲ ਪੇਅ ਰਾਹੀਂ 1500 ਰੁਪਏ ਰਿਸ਼ਵਤ ਲੈਂਦੇ ਹੋਏ ਗ੍ਰਿਫ਼ਤਾਰ ਕੀਤਾ ਹੈ।
ਵਿਜੀਲੈਂਸ ਦੇ ਬੁਲਾਰੇ ਨੇ ਕਿਹਾ ਕਿ ਕਲਰਕ ਅਨਿਕਸ਼ਾ ਦੇਵੀ ਜੋ ਕਿ ਦਸ਼ਮੇਸ਼ ਨਗਰ, ਪਿੰਡ ਇਯਾਲੀ ਖੁਰਦ (ਲੁਧਿਆਣਾ) ਦੀ ਰਹਿਣ ਵਾਲੀ ਹੈ, ਨੂੰ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ’ਤੇ ਨਿਊ ਦੀਪ ਨਗਰ, ਹੈਬੋਵਾਲ ਕਲਾਂ (ਲੁਧਿਆਣਾ) ਦੇ ਰਹਿਣ ਵਾਲੇ ਅਭਿਜੀਤ ਸਿੰਘ ਵਰਮਾ ਦੁਆਰਾ ਦਾਇਰ ਕੀਤੀ ਗਈ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਅਨੁਸਾਰ ਉਕਤ ਡੀਲਿੰਗ ਕਲਰਕ ਨੇ ਸ਼ਿਕਾਇਤਕਰਤਾ ਨੂੰ ਪਲਾਟ ਦੀ ਵਿਕਰੀ ਲਈ ਲੋੜੀਂਦੀ ਐੱਨਓਸੀ ਪ੍ਰਾਪਤ ਕਰਨ ਲਈ 4251 ਰੁਪਏ ਦੀ ਆਨਲਾਈਨ ਫੀਸ ਅਦਾ ਕਰਨ ਲਈ ਕਿਹਾ। Bribe News
ਇਹ ਵੀ ਪੜ੍ਹੋ: Amritsar Crime News: ਪੰਜਾਬ ਪੁਲਿਸ ਵੱਲੋਂ ਦੁਬਈ ਤੋਂ ਚਲਾਏ ਜਾ ਰਹੇ ਪਾਕਿਸਤਾਨ ਅਧਾਰਿਤ ਹਥਿਆਰਾਂ ਦੀ ਤਸਕਰੀ ਦੇ ਰੈਕੇ…
ਇਸ ਤੋਂ ਇਲਾਵਾ ਮਹਿਲਾ ਕਲਰਕ ਨੇ ਐੱਨਓਸੀ ਜਾਰੀ ਕਰਨ ਲਈ ਗੂਗਲ ਪੇਅ ਰਾਹੀਂ 1500 ਰੁਪਏ ਦੀ ਰਿਸ਼ਵਤ ਮੰਗੀ। ਬੁਲਾਰੇ ਨੇ ਅੱਗੇ ਕਿਹਾ ਕਿ ਇਸ ਸ਼ਿਕਾਇਤ ਦੀ ਤਸਦੀਕ ਦੌਰਾਨ ਸ਼ਿਕਾਇਤਕਰਤਾ ਦੁਆਰਾ ਲਗਾਏ ਗਏ ਦੋਸ਼ ਸਹੀ ਪਾਏ ਗਏ ਕਿਉਂਕਿ ਉਸ ਵੱਲੋਂ ਮੌਖਿਕ ਅਤੇ ਦਸਤਾਵੇਜ਼ੀ ਸਬੂਤ ਬਿਊਰੋ ਨੂੰ ਮੁਹੱਈਆ ਕਰਵਾਏ ਗਏ। ਇਸ ਤੋਂ ਬਾਅਦ ਮੁਲਜ਼ਮ ਕਲਰਕ ਵਿਰੁੱਧ ਭ੍ਰਿਸ਼ਟਾਚਾਰ ਰੋਕਥਾਮ ਐਕਟ ਤਹਿਤ ਵਿਜੀਲੈਂਸ ਬਿਊਰੋ ਪੁਲਿਸ ਸਟੇਸ਼ਨ ਲੁਧਿਆਣਾ ਰੇਂਜ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਅੱਜ ਸਮਰੱਥ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਇਸ ਮਾਮਲੇ ਦੀ ਹੋਰ ਜਾਂਚ ਜਾਰੀ ਹੈ। Bribe News