48 ਘੰਟੇ ਦਿਓ, ਭਾਜਪਾ ਪੰਜਾਬ ’ਚੋਂ ਹਰ ਤਰ੍ਹਾਂ ਦਾ ਮਾਫ਼ੀਆ ਖ਼ਤਮ ਕਰ ਦੇਵੇਗੀ : ਯੋਗੀ

CM Yogi
ਲੁਧਿਆਣਾ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਯੂਪੀ ਦੇ ਮੁੱਖ ਮੰਤਰੀ ਯੋਗੀ।

ਚੋਣ ਪ੍ਰਚਾਰ ਦੇ ਆਖਰੀ ਦਿਨ CM Yogi ਵੱਲੋਂ ਲੁਧਿਆਣਾ ’ਚ ਚੋਣ ਰੈਲੀ

(ਜਸਵੀਰ ਸਿੰਘ ਗਹਿਲ/ ਰਘਵੀਰ ਸਿੰਘ) ਲੁਧਿਆਣਾ। ਚੋਣ ਪ੍ਰਚਾਰ ਦੇ ਆਖਰੀ ਦਿਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ( CM Yogi) ਵੱਲੋਂ ਲੁਧਿਆਣਾ ਵਿੱਚ ਚੋਣ ਰੈਲੀ ਕਰਕੇ ਨਰਿੰਦਰ ਮੋਦੀ ਦੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ। ਇਸ ਦੌਰਾਨ ਉਨ੍ਹਾਂ ਪੰਜਾਬ ’ਤੇ ਕਾਬਜ਼ ਰਹੀਆਂ ਸਰਕਾਰਾਂ ਨੂੰ ਵੀ ਨਿਸ਼ਾਨੇ ’ਤੇ ਲਿਆ।

ਯੋਗੀ ( CM Yogi) ਨੇ ਕਿਹਾ ਕਿ ਪੰਜਾਬ ਨੇ ਦੇਸ਼ ਨੂੰ ਬਹੁਤ ਕੁੱਝ ਦਿੱਤਾ ਹੈ ਪਰ 70 ਸਾਲ ਪੰਜਾਬ ਦੀ ਕਮਾਨ ਲੋਕਾਂ ਨੇ ਜਿੰਨ੍ਹਾਂ ਨੂੰ ਦਿੱਤੀ ਉਨ੍ਹਾਂ ਦੇਸ਼ ਵੱਲ ਧਿਆਨ ਹੀ ਨਹੀਂ ਦਿੱਤਾ। ਜਦਕਿ ਮੋਦੀ ਸਰਕਾਰ ਨੇ ਦੇਸ਼ ਅੰਦਰੋਂ ਆਪਣੇ ਦਸ ਸਾਲਾਂ ਦੇ ਕਾਰਜ਼ਕਾਲ ਦੌਰਾਨ ਹੀ ਅੱਤਵਾਦ ਨੂੰ ਖ਼ਤਮ ਕੀਤਾ ਅਤੇ ਅਯੁੱਧਿਆ ’ਚ ਪੰਜ ਸੌ ਸਾਲਾਂ ਤੋਂ ਲਟਕੇ ਰਾਮ ਮੰਦਰ ਦੀ ਉਸਾਰੀ ਕਰਵਾਈ। ਇਹੀ ਨਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਇੱਕ ਨਵੇਂ ਭਾਰਤ ਦਾ ਨਿਰਮਾਣ ਹੋ ਰਿਹਾ ਹੈ ਜਿਸ ’ਚ ਸਮੂਹ ਦੇਸ਼ ਵਾਸੀਆਂ ਦੇ ਆਹੂਤੀ ਪਾਉਣ ਦੀ ਵੀ ਵਾਰੀ ਹੈ।

ਇਹ ਵੀ ਪੜ੍ਹੋ: ਚੋਣ ਪ੍ਰਚਾਰ ਸਮਾਪਤ : ਵੋਟਾਂ ਪੈਣ ਦੇ ਅਖੀਰਲੇ 48 ਘੰਟਿਆਂ ਸਬੰਧੀ ਹਦਾਇਤਾਂ ਜਾਰੀ

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਤੇ ਕਾਂਗਰਸੀ ਜਿਹੜੇ ਦਿੱਲੀ ਵਿੱਚ ਇੱਕ ਹਨ ਤੇ ਪੰਜਾਬ ਅੰਦਰ ਵੱਖ-ਵੱਖ ਹੋਣ ਦਾ ਡਰਾਮਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ‘ਆਪ’ ਦੇ ਇੱਕ ਦਰਜਨ ਨੇਤਾ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਜੇਲ੍ਹ ਅੰਦਰ ਬੈਠੇ ਹਨ। ਕਾਂਗਰਸ ਜਿਸ ਨੇ ਸਮਾਜ ’ਚ ਵੰਡੀਆਂ ਪਾਉਣ ਦਾ ਕੰਮ ਕੀਤਾ ਹੈ, ਦੀ ਨਜ਼ਰ ਹੁਣ ਪੰਜਾਬ ਦੇ ਲੋਕਾਂ ਦੀ ਸੰਪੱਤੀ ’ਤੇ ਹੈ।

ਉਨ੍ਹਾਂ ਕਿਹਾ ਕਿ ਜਦੋਂ ਵੀ ਸੰਕਟ ਆਇਆ ਹੈ ਤਾਂ ਪ੍ਰਧਾਨ ਮੰਤਰੀ ਮੋਦੀ ਹਮੇਸਾ ਦੇਸ਼ ਦੇ ਨਾਲ ਖੜ੍ਹੇ ਹਨ। ਹੁਣ ਨਵਾਂ ਭਾਰਤ ਬਣ ਰਿਹਾ ਹੈ ਤੇ ਸਭ ਨੂੰ ਪਤਾ ਹੈ ਕਿ ਨਰਿੰਦਰ ਮੋਦੀ ਘਰ ਵਿੱਚ ਵੜਕੇ ਹਮਲਾ ਕਰੇਗਾ। ਯੋਗੀ ਨੇ ਪੰਜਾਬ ਅੰਦਰ ਭਾਰਤੀ ਜਨਤਾ ਪਾਰਟੀ ਦੇ ਸਾਰੇ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬ ’ਚ ਭਾਜਪਾ ਨੂੰ 48 ਘੰਟੇ ਦਿਓ, ਪੰਜਾਬ ’ਚੋਂ ਹਰ ਤਰ੍ਹਾਂ ਦੇ ਮਾਫ਼ੀਏ ਦਾ ਸਫਾਇਆ ਕਰ ਦਿੱਤਾ ਜਾਵੇਗਾ।