Moga News: ਮੋਗਾ (ਵਿੱਕੀ ਕੁਮਾਰ)। ਪੰਜਾਬ ਦੇ ਜ਼ਿਲ੍ਹਾ ਮੋਗਾ ਦੇ ਪਿੰਡ ਦੌਲਤਪੁਰਾ ਉੱਚਾ ’ਚ ਰਿਸ਼ਤਿਆਂ ਨੂੰ ਸ਼ਰਮਸਾਰ ਕਰਨ ਵਾਲੀ ਇੱਕ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਅੱਠਵੀਂ ਜਮਾਤ ’ਚ ਪੜ੍ਹਦੀ 14 ਸਾਲਾ ਬੱਚੀ ’ਤੇ ਉਸ ਦੀ ਮਾਂ ਦੇ ਮਾਮੇ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਘਟਨਾ ਤੋਂ ਬਾਅਦ ਇਲਾਕੇ ’ਚ ਸਨਸਨੀ ਫੈਲ ਗਈ।
ਜ਼ਖ਼ਮੀ ਵਿਦਿਆਰਥਣ ਰਾਜਦੀਪ ਕੌਰ ਨੇ ਦੱਸਿਆ ਕਿ ਉਸ ਦੀ ਮਾਂ ਦਾ ਮਾਮਾ ਪਿਛਲੇ ਕਈ ਮਹੀਨਿਆਂ ਤੋਂ ਉਨ੍ਹਾਂ ਦੇ ਘਰ ਰਹਿ ਰਿਹਾ ਸੀ ਅਤੇ ਉੱਥੇ ਹੀ ਖਾਂਦਾ-ਪੀਂਦਾ ਸੀ। ਪਰਿਵਾਰ ਨੇ ਉਸ ਨੂੰ ਆਪਣੇ ਮੈਂਬਰ ਵਾਂਗ ਰੱਖਿਆ ਹੋਇਆ ਸੀ, ਪਰ ਉਹ ਨਾ ਜਾਣੇ ਕਿਸ ਗੱਲ ਨੂੰ ਲੈ ਕੇ ਮਨ ਵਿਚ ਰੰਜਿਸ਼ ਰੱਖੀ ਬੈਠਾ ਸੀ। Moga News
Read Also : ਕੱਪੜਾ ਗੋਦਾਮ ’ਚ ਲੱਗੀ ਭਿਆਨਕ ਅੱਗ, ਜਾਨੀ ਨੁਕਸਾਨ ਤੋਂ ਬਚਾਅ
ਸੋਮਵਾਰ ਨੂੰ ਜਦੋਂ ਰਾਜਦੀਪ ਕੌਰ ਆਪਣੀ ਅੱਠਵੀਂ ਜਮਾਤ ਦੀ ਪ੍ਰੀਖਿਆ ਦੇ ਕੇ ਘਰ ਪਰਤੀ ਅਤੇ ਕਮਰੇ ’ਚ ਵਰਦੀ ਬਦਲਣ ਗਈ ਤਾਂ ਮੁਲਜ਼ਮ ਪਹਿਲਾਂ ਹੀ ਕਮਰੇ ਦੇ ਦਰਵਾਜ਼ੇ ਪਿੱਛੇ ਲੁਕਿਆ ਬੈਠਾ ਸੀ। ਜਿਵੇਂ ਹੀ ਉਹ ਅੰਦਰ ਗਈ, ਮੁਲਜ਼ਮ ਨੇ ਦਰਵਾਜ਼ਾ ਬੰਦ ਕਰ ਕੇ ਤੇਜ਼ਧਾਰ ਹਥਿਆਰ ਨਾਲ ਉਸ ’ਤੇ ਹਮਲਾ ਕਰ ਦਿੱਤਾ।
ਹਮਲੇ ’ਚ ਲੜਕੀ ਬੁਰੀ ਤਰ੍ਹਾਂ ਲਹੂ-ਲੁਹਾਣ ਹੋ ਗਈ ਤੇ ਉਸ ਨੇ ਰੌਲਾ ਪਾਇਆ। ਰੌਲਾ ਸੁਣ ਕੇ ਉਸ ਦੀ ਮਾਂ ਮੌਕੇ ’ਤੇ ਪਹੁੰਚੀ ਅਤੇ ਦਰਵਾਜ਼ਾ ਤੋੜ ਕੇ ਲੜਕੀ ਨੂੰ ਬਾਹਰ ਕੱਢਿਆ। ਤੁਰੰਤ ਐਂਬੂਲੈਂਸ ਦੀ ਮੱਦਦ ਨਾਲ ਉਸ ਨੂੰ ਸਿਵਲ ਹਸਪਤਾਲ ਮੋਗਾ ਪਹੁੰਚਾਇਆ ਗਿਆ। ਹਸਪਤਾਲ ਦੇ ਐਮਰਜੈਂਸੀ ਸਟਾਫ਼ ਨੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ।














