ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਪਿਤਾ ਦੇ ਅੰਤਿਮ ਸਸਕਾਰ ਤੋਂ ਜਾ ਰਹੇ ਸਨ ਵਾਪਿਸ
ਬਰਨਾਲਾ/ਮਹਿਲ ਕਲਾਂ, ਜੀਵਨ ਰਾਮਗੜ੍ਹ/ਜਸਵੀਰ ਸਿੰਘ/
ਹਲਕਾ ਮਹਿਲ ਕਲਾਂ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਪਿਤਾ ਕਾਕਾ ਸਿੰਘ ਦੇ ਅੰਤਿਮ ਸਸਕਾਰ ਉਪਰੰਤ ਵਾਪਿਸ ਜਾ ਰਹੇ ਹਲਕਾ ਸਂਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਖਿਲਾਫ ਪਾਰਟੀ ਦੇ ਹੀ ਕੁੱਝ ਵਲੰਟੀਅਰਾਂ ਜੋ ਕਿ ਸੁਖਪਾਲ ਸਿੰਘ ਖਹਿਰਾ ਹਮਾਇਤੀ ਹਨ ਵੱਲੋ ਰੋਹ ਭਰਪੂਰ ਨਾਅਰੇਬਾਜੀ ਕਰਦਿਆਂ ਘੇਰਾਓ ਕੀਤਾ। ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਸਸਕਾਰ ਮੌਕੇ ਕੀਤੀ ਗਈ ਇਸ ਕਾਰਵਾਈ ਨੂੰ ਮੰਦਭਾਗਾ ਕਰਾਰ ਦਿੱਤਾ।
ਪ੍ਰਦਾਸ਼ਨਕਾਰੀਆਂ ‘ਚ ਸ਼ਾਮਲ ਗਗਨ ਸਰਾਂ ਕੁਰੜ, ਅਮਨਦੀਪ ਟੱਲੇਵਾਲ, ਨਿਰਮਲ ਸਿੰਘ ਛੀਨੀਵਾਲ, ਕਰਮਜੀਤ ਉੱਪਲ ਹਰਦਾਸਪੁਰਾ, ਪਰਗਟ ਸਿੰਘ ਮਹਿਲ ਖੁਰਦ ਨੇ ਕਿਹਾ ਕਿ ਭਗਵੰਤ ਮਾਨ ਵਲੋਂ ਪਿਛਲੇ ਦਿਨੀ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਲਾਂਭੇ ਕੀਤੇ ਸੁਖਪਾਲ ਸਿੰਘ ਖਹਿਰਾ ਵੱਲੋ ਬਠਿੰਡਾ ਵਿਖੇ ਕੀਤੀ ਗਈ ਰੈਲੀ ‘ਤੇ ਜਾਣ ਵਾਲਿਆਂ ਨੂੰ ਆਰ ਐੱਸ ਐੱਸ ਦੇ ਵਰਕਰ ਕਿਹਾ ਸੀ। ਅੱਜ ਉਹ ਇਸ ਸਬੰਧੀ ਅੱਜ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦੇ ਸੀ।
ਪ੍ਰੰਤੂ ਓਹਨਾ ਨੂੰ ਦੇਖ ਕੇ ਮੈਂਬਰ ਪਾਰਲੀਮੈਂਟ ਜਲਦੀ ਨਾਲ ਗੱਡੀ ਵਿੱਚ ਬੈਠ ਕੇ ਜਾ ਰਹੇ ਸਨ। ਜਦੋ ਮਾਨ ਨੂੰ ਮਿਲਣ ਲਈ ਉਹ ਗੱਡੀ ਨਜਦੀਕ ਗਏ ਤਾਂ ਮਾਨ ਨੇ ਉਹਨਾਂ ਦੀ ਗੱਲ ਸੁਣਨਾ ਜਾਇਜ ਨਹੀਂ ਸਮਝਿਆ ਤੇ ਉਹਨਾਂ ਦੇ ਸੁਰੱਖਿਆ ਕਰਮੀਆਂ ਨੇ ਉਹਨਾਂ ਨੂੰ ਧੱਕੇ ਮਾਰਨੇ ਸ਼ੁਰੂ ਕਰ ਦਿਤੇ। ਜਿਸ ਤੋਂ ਰੋਹ ਵਿਚ ਆ ਕੇ ਓਹਨਾ ਨੇ ਭਗਵੰਤ ਮਾਨ ਖਿਲਾਫ ਨਾਅਰੇਬਾਜ਼ੀ ਕੀਤੀ ਹੈ। ਪ੍ਰਦਰਸ਼ਨਕਾਰੀਆਂ ਨੇ ਦੱਸਿਆ ਕਿ ਓਹਨਾ ਨੇ ਪਾਰਟੀ ਦੀ ਮਜ਼ਬੂਤੀ ਲਈ ਆਪਣੇ ਪਰਿਵਾਰਾਂ, ਰੁਜਗਾਰਾਂ ਦੀ ਪ੍ਰਵਾਹ ਨਹੀਂ ਕੀਤੀ ਤੇ ਪਾਰਟੀ ਲਈ ਦਿਨ ਰਾਤ ਇੱਕ ਕਰਕੇ ਆਪਣਾ ਭਵਿੱਖ ਵੀ ਦਾਅ ‘ਤੇ ਲਗਾ ਦਿੱਤਾ।
ਜਿਸ ਦਾ ਇਹ ਸਿਲਾ ਮਿਲਿਆ ਹੈ ਕਿ ਅੱਜ ਓਹਨਾ ਦੇ ਚੁਣੇ ਹੋਏ ਨੁਮਾਇੰਦੇ ਹੀ ਓਹਨਾ ਦਾ ਦੁੱਖ ਸੁੱਖ ਸੁਣਨ ਦੀ ਬਜਾਇ ਓਹਨਾ ਨੂੰ ਆਰ ਐੱਸ ਐੱਸ ਦੇ ਵਰਕਰ ਕਹਿ ਰਹੇ ਹਨ। ਉਹਨਾ ਕਿਹਾ ਕਿ ਜਿੰਨਾ ਸਮਾਂ ਸੰਸਦ ਮੈਂਬਰ ਭਗਵੰਤ ਮਾਨ ਸਥਿਤੀ ਸਪਸ਼ਟ ਨਹੀਂ ਕਰਦੇ ਉਹਨਾਂ ਸਮਾਂ ਹਲਕੇ ਅੰਦਰ ਆਉਣ ‘ਤੇ ਰੋਸ ਜਾਰੀ ਰਹੇਗਾ।
ਉਸ ਸਬੰਧੀ ਸੰਪਰਕ ਕਰਨ ‘ਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਕਿਹਾ ਕਿ ਦੁੱਖ ਦੇ ਸਮੇਂ ਅਜਿਹੀ ਕਾਰਵਾਈ ਮੰਦਭਾਗੀ ਹੈ। ਜਿਹੜਾ ਅੱਜ ਕੁੱਝ ਲੋਕਾਂ ਨੇ ਕੀਤਾ ਹੈ ਉਹਨਾਂ ਦੀ ਜਿੰਨੀ ਨਿਦਾ ਕੀਤੀ ਜਾਵੇ ਘੱਟ ਹੈ। ਉਹਨਾਂ ਕਿਹਾ ਕਿ ਜੇ ਕੋਈ ਵਿਚਾਰਕ ਮਤਭੇਦ ਹਨ ਤਾਂ ਸੜਕਾਂ ਤੇ ਖੜ ਕੇ ਗੱਲ ਨਹੀਂ ਹੋਣੀਂ ਬਹਿ ਕੇ ਗੱਲ ਕੀਤੀ ਜਾ ਸਕਦੀ ਹੈ।
ਓਹਨਾ ਕਿਹਾ ਕਿ ਜੇਕਰ ਪਾਰਟੀ ਦੇ ਸੰਵਿਧਾਨ ਨਾਲ ਤੁਹਾਡੀ ਨਹੀਂ ਬਣਦੀ ਵੱਖ ਹੋ ਜਾਓ, ਤੁਹਾਡੇ ਕੋਲ ਡੇਮੋਕ੍ਰੇਟਿਕ ਹੱਕ ਹੈ। ਪਰ ਸ਼ਮਸ਼ਾਨ ਘਾਟ ‘ਤੇ ਤਾਂ ਦੁਸ਼ਮਣ ਵੀ ਆਪਣੀ ਦੁਸ਼ਮਣੀ ਭੁੱਲ ਜਾਂਦਾ ਹੈ ਪਰੰਤੂ ਉਹਨਾਂ ਸ਼ਮਸ਼ਾਨਘਾਟ ਮੂਹਰੇ ਈ ਨਾਅਰੇਬਾਜ਼ੀ ਕਰ ਦਿੱਤੀ। ਇਹ ਕਿਥੋਂ ਦੀ ਪੰਜਾਬੀਅਤ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।