ਦੇਸ਼ ਦੇ ਗਲ਼ੋਂ ਗੁਲਾਮੀ ਦੀ ਪੰਜਾਲੀ ਲਾਹੁਣ ਵਾਲੇ ਦੇਸ਼ ਭਗਤਾਂ ਦੀ ਜਦ ਗੱਲ ਤੁਰਦੀ ਹੈ ਤਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਨਾਂਅ ਮੂਹਰਲੀ ਕਤਾਰ ਵਿੱਚ ਆਉਂਦਾ ਹੈ। ਉਨ੍ਹਾਂ ਬਹੁਤ ਛੋਟੀ ਉਮਰੇ ਦੇਸ਼ ਦੀ ਆਜ਼ਾਦੀ ਲਈ ਘਾਲਣਾ ਘਾਲ਼ੀ ਤੇ ਸ਼ਹੀਦੀ ਪ੍ਰਾਪਤ ਕੀਤੀ। ਉਹ ਬਹੁਤ ਦੂਰਅੰਦੇਸ਼ੀ, ਦਲੇਰ, ਉੱਚ ਕੋਟੀ ਦੇ ਨੀਤੀਵਾਨ ਅਤੇ ਅਣਥੱਕ ਮਿਹਨਤ ਕਰਨ ਵਾਲੇ ਦਿ੍ਰੜਤਾ ਰੂਪੀ ਗੁਣ ਨਾਲ ਲਬਰੇਜ਼ ਸਨ। ਉਨ੍ਹਾਂ ਦਾ ਜਨਮ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਭਾ ਵਿੱਚ ਮਾਤਾ ਸਾਹਿਬ ਕੌਰ ਦੀ ਕੁੱਖੋਂ 24 ਮਈ 1896 ਨੂੰ ਸ. ਮੰਗਲ ਸਿੰਘ ਦੇ ਘਰ ਹੋਇਆ।ਨਿੱਕੀ ਉਮਰੇ ਹੀ ਮਾਪਿਆਂ ਦਾ ਸਾਇਆ ਸਿਰ ਤੋਂ ਉੱਠਣ ਕਾਰਨ ਉਨ੍ਹਾਂ ਦੀ ਪਰਵਰਿਸ਼ ਦਾਦਾ ਸ. ਬਦਨ ਸਿੰਘ ਨੇ ਕੀਤੀ। ਪ੍ਰਾਇਮਰੀ ਸਕੂਲ ਦੀ ਪੜ੍ਹਾਈ ਪਿੰਡ ਸਰਾਭਾ ਤੋਂ ਕੀਤੀ।
ਇਸ ਤੋਂ ਬਾਅਦ ਮਾਲਵਾ ਸਕੂਲ ਲੁਧਿਆਣਾ ਤੋਂ ਪੜ੍ਹਾਈ ਕੀਤੀ ਤੇ ਦਸਵੀਂ ਜਮਾਤ ਆਪਣੇ ਚਾਚੇ ਕੋਲ ਉੜੀਸਾ ’ਚ ਕੀਤੀ। ਉਚੇਰੀ ਵਿੱਦਿਆ ਲਈ ਉਨ੍ਹਾਂ ਦੇ ਦਾਦਾ ਜੀ ਨੇ ਉਨ੍ਹਾਂ ਨੂੰ ਅਮਰੀਕਾ ਭੇਜਿਆ। ਜਨਵਰੀ 1912 ਵਿੱਚ ਉਹ ਅਮਰੀਕਾ ਦੇ ਸ਼ਹਿਰ ਸਾਨਫਰਾਂਸਿਸਕੋ ਬੰਦਰਗਾਹ ’ਤੇ ਉੱਤਰੇ। ਪੁੱਛਗਿੱਛ ਲਈ ਹੋਰ ਭਾਰਤੀਆਂ ਸਮੇਤ ਉਨ੍ਹਾਂ ਨੂੰ ਵੀ ਰੋਕਿਆ ਗਿਆ ਅਤੇ ਪੁੱਛਗਿੱਛ ਅਧਿਕਾਰੀ ਨੇ ਉਨ੍ਹਾਂ ਤੋਂ ਬੜੇ ਗੰਭੀਰ ਸਵਾਲ ਪੁੱਛੇ ਪਰ ਉਨ੍ਹਾਂ ਨੇ ਜਵਾਬ ਬੜੀ ਵਿਦਵਤਾ ਅਤੇ ਨਿੱਡਰਤਾ ਨਾਲ ਦਿੱਤੇ ਸਨ। ਉਨ੍ਹਾਂ ਤੋਂ ਪੁੱਛਿਆ ਗਿਆ, ਤੂੰ ਇੱਥੇ ਕੀ ਕਰਨ ਆਇਆ ਹੈਂ? ਉਨ੍ਹਾਂ ਕਿਹਾ, ਪੜ੍ਹਾਈ ਕਰਨ। ਫਿਰ ਉਨ੍ਹਾਂ ਨੂੰ ਪੁੱਛਿਆ ਗਿਆ, ਤੂੰ ਇੰਨੀ ਦੂਰ ਪੜ੍ਹਨ ਕਿਉਂ ਆਇਆ ਹੈਂ ਭਾਰਤ ਵਿੱਚ ਪੜ੍ਹਨ ਲਈ ਕੋਈ ਚੰਗੀ ਜਗ੍ਹਾ ਨਹੀਂ ਸੀ? ਉਨ੍ਹਾਂ ਦਾ ਜਵਾਬ ਸੀ, ਜਗ੍ਹਾ ਤਾਂ ਸੀ ਪਰ ਵਰਤਮਾਨ ਉਚੇਰੀ ਸਿੱਖਿਆ ਲਈ ਇੱਥੋਂ ਦੀ ਯੂਨੀਵਰਸਿਟੀ ’ਚ ਦਾਖਲਾ ਲੈਣ ਆਇਆ ਹਾਂ। ਅਫ਼ਸਰ ਨੇ ਸਖ਼ਤ ਲਹਿਜ਼ੇ ’ਚ ਕਿਹਾ, ਜੇਕਰ ਤੈਨੂੰ ਇੱਥੋਂ ਹੀ ਮੋੜ ਦਿੱਤਾ ਜਾਵੇ? ਤਾਂ ਉਨ੍ਹਾਂ ਨੇ ਜਵਾਬ ਦਿੱਤਾ ਸੀ, ਇਹ ਬੜੀ ਵੱਡੀ ਬੇਇਨਸਾਫ਼ੀ ਹੋਵੇਗੀ ਕਿ ਪੜ੍ਹਨ ਆਏ ਇੱਕ ਵਿਦਿਆਰਥੀ ਨੂੰ ਵੀ ਰੋਕਿਆ ਜਾਵੇ ਤੇ ਹੋ ਸਕਦਾ ਕਿ ਮੈਂ ਇੱਥੋਂ ਪੜ੍ਹ ਕੇ ਲੋਕਾਂ ਦੀ ਚੰਗੀ ਸੇਵਾ ਕਰ ਸਕਾਂ।
ਉਨ੍ਹਾਂ ਦੇ ਇਸ ਉੱਤਰ ਨੇ ਅਫ਼ਸਰ ਨੂੰ ਸੰਤੁਸ਼ਟ ਕਰ ਦਿੱਤਾ ਸੀ ਅਤੇ ਉਨ੍ਹਾਂ ਨੂੰ ਬਰਕਲੇ ਯੂਨੀਵਰਸਿਟੀ ਵਿੱਚ ਰਸਾਇਣ ਵਿਗਿਆਨ ਦੀ ਪੜ੍ਹਾਈ ’ਚ ਦਾਖ਼ਲਾ ਮਿਲ ਗਿਆ ਸੀ। ਉਨ੍ਹਾਂ ਦਿਨਾਂ ਵਿੱਚ ਵਿਦੇਸ਼ਾਂ ’ਚ ਭਾਰਤੀਆਂ ਨਾਲ ਮਾੜਾ ਸਲੂਕ ਕੀਤਾ ਜਾਂਦਾ ਸੀ। ਉਨ੍ਹਾਂ ਨੂੰ ਗ਼ੁਲਾਮ ਮੁਲ਼ਕ ਦੇ ਬਾਸ਼ਿੰਦੇ ਆਖ ਤਾਹਨੇ ਮਿਲਦੇ ਸਨ ਜਿਸ ਕਰਕੇ ਭਾਰਤੀਆਂ ਦੀ ਅਣਖ਼ ਨੂੰ ਡੂੰਘੀ ਸੱਟ ਵੱਜਦੀ ਸੀ। ਕਾਮਾਗਾਟਾਮਾਰੂ ਦੀ ਘਟਨਾ ਨੇ ਭਾਰਤੀਆਂ ਦੇ ਨਾਲ ਕਰਤਾਰ ਸਿੰਘ ਸਰਾਭਾ ਦੇ ਮਨ ਨੂੰ ਝੰਜੋੜ ਦਿੱਤਾ ਸੀ। ਸਤੰਬਰ 1914 ’ਚ ਇਹ ਜਹਾਜ਼ ਕਲਕੱਤੇ ਕੋਲ ਬਜਬਜ ਘਾਟ ’ਤੇ ਪਹੁੰਚਿਆ ਸੀ ਤਾਂ ਅੰਗਰੇਜ਼ੀ ਸਰਕਾਰ ਦੀਆਂ ਵਧੀਕੀਆਂ ਨੇ ਮੁਸਾਫ਼ਰਾਂ ਵਿੱਚ ਰੋਹ ਭਰ ਦਿੱਤਾ ਸੀ ਪੁਲਿਸ ਝੜਪ ਦੌਰਾਨ ਕਾਫੀ ਲੋਕ ਮਾਰੇ ਗਏ ਸਨ। ਇਸ ਘਟਨਾ ਨੂੰ ਗ਼ਦਰ ਲਹਿਰ ਦੀ ਉਤਪਤੀ ਦਾ ਮੁੱਖ ਕਾਰਨ ਮੰਨਿਆ ਜਾਂਦਾ ਹੈ। ਕਿਸੇ ਮਿੱਤਰ ਦੀ ਮੱਦਦ ਨਾਲ ਸਰਾਭਾ ਹਿੰਦੀ ਐਸੋਸੀਏਸ਼ਨ ਆਫ਼ ਪੈਸੀਫਿਕ ਕੋਸਟ ਸੰਸਥਾ ਦੀ ਮੀਟਿੰਗ ’ਚ ਗਏ ਇੱਥੇ ਉਨ੍ਹਾਂ ਦੀ ਮੁਲਾਕਾਤ ਬਾਬਾ ਸੋਹਣ ਸਿੰਘ ਭਕਨਾ ਤੇ ਲਾਲਾ ਹਰਦਿਆਲ ਨਾਲ ਹੋਈ। ਉਨ੍ਹਾਂ ਇਸ ਸੰਸਥਾ ਦਾ ਨਾਂਅ ਬਦਲ ਕੇ ਗ਼ਦਰ ਪਾਰਟੀ ਰੱਖਿਆ।
ਹਥਿਆਰਬੰਦ ਕ੍ਰਾਂਤੀ ਲਈ ਕਰਤਾਰ ਸਿੰਘ ਸਰਾਭਾ ਨੇ ਆਪਣੀ ਪੜ੍ਹਾਈ ਵਿਚਾਲੇ ਛੱਡ ਦਿੱਤੀ ਤੇ ਆਜ਼ਾਦੀ ਲਈ ਯਤਨ ਆਰੰਭ ਦਿੱਤੇ। ਗ਼ਦਰ ਪਾਰਟੀ ਦੀ ਸਥਾਪਨਾ ਤੋਂ ਬਾਅਦ ਲਾਲਾ ਹਰਦਿਆਲ ਭਾਰਤੀ ਲੋਕਾਂ ’ਚ ਜਾਗਿ੍ਰਤੀ ਲਿਆਉਣ ਲਈ ਅਖ਼ਬਾਰ ਕੱਢਣਾ ਚਾਹੁੰਦੇ ਸਨ ਪਰ ਕਈ ਕਾਰਨਾਂ ਕਰਕੇ ਸੰਭਵ ਨਹੀਂ ਹੋ ਸਕਿਆ। ਕਰਤਾਰ ਸਿੰਘ ਸਰਾਭਾ ਦੇ ਆਉਣ ਨਾਲ ਉਨ੍ਹਾਂ ਦੀ ਇਹ ਮੁਸ਼ਕਲ ਹੱਲ ਹੋ ਗਈ ਸਗੋਂ ਸਰਾਭੇ ਨੇ ਖੁਦ ਉਨ੍ਹਾਂ ਨੂੰ ਅਖ਼ਬਾਰ ਵਾਸਤੇ ਉਤਸ਼ਾਹਿਤ ਕੀਤਾ ਸੀ ਤੇ ਉਨ੍ਹਾਂ ਗ਼ਦਰ ਦੀ ਗੂੰਜ ਅਖ਼ਬਾਰ ਸ਼ੁਰੂ ਕੀਤਾ। ਇੱਕ ਨਵੰਬਰ 1913 ਨੂੰ ਗ਼ਦਰ ਦਾ ਪਹਿਲਾ ਪਰਚਾ ਉਰਦੂ ’ਚ ਪ੍ਰਕਾਸ਼ਿਤ ਹੋਇਆ। ਲੋਕਾਂ ਦੀ ਮੰਗ ਅਤੇ ਹੋਰ ਜ਼ੁਬਾਨਾਂ ਸਮਝਣ ਵਾਲੇ ਲੋਕਾਂ ਲਈ ਉਨ੍ਹਾਂ ਨੇ ਇੱਕ ਹੋਰ ਉਪਰਾਲਾ ਕੀਤਾ ਇੱਕ ਜਨਵਰੀ 1914 ਵਿੱਚ ਇਹ ਅਖ਼ਬਾਰ ਗੁਰਮੁਖੀ, ਹਿੰਦੀ, ਗੁਜਰਾਤੀ, ਉਰਦੂ ’ਚ ਛਪਣ ਲੱਗਾ। ਇਸ ਵਿੱਚ ਲੇਖ ਲਿਖਣ ਦਾ ਜਿੰਮਾ ਕਰਤਾਰ ਸਿੰਘ ਸਰਾਭਾ ਤੇ ਲਾਲਾ ਹਰਦਿਆਲ ਦੇ ਸਿਰ ਸੀ ਤੇ ਦੇਸ਼ ਪ੍ਰੇਮ ਦੀਆਂ ਕਵਿਤਾਵਾਂ ਸ. ਹਰਨਾਮ ਸਿੰਘ ਟੁੰਡੀਲਾਟ ਲਿਖਦੇ ਸਨ। ਅਖ਼ਬਾਰ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਵੀਹ ਆਦਮੀ ਪੂਰੀ ਤਨਦੇਹੀ ਨਾਲ ਕੰਮ ਕਰਦੇ ਸਨ ਤੇ ਪੈਸੇ ਦੀ ਘਾਟ ਨੂੰ ਪੂਰਨ ਲਈ ਦਿਨੇ ਹੱਡ ਭੰਨ੍ਹਵੀਂ ਮਿਹਨਤ ਕਰਦੇ ਸਨ।
ਆਪਣੇ ਖਾਣ-ਪੀਣ ’ਤੇ ਵੀ ਘੱਟ ਤੋਂ ਘੱਟ ਪੈਸੇ ਖਰਚਦੇ ਸਨ ਤਾਂ ਜੋ ਅਖ਼ਬਾਰ ਅਤੇ ਪਾਰਟੀ ਦੀਆਂ ਗਤੀਵਿਧੀਆਂ ’ਚ ਪੈਸੇ ਦੀ ਕਮੀ ਕਰਕੇ ਖੜੋਤ ਨਾ ਆਵੇ। ਕਰਤਾਰ ਸਿੰਘ ਸਰਾਭਾ ਅਖ਼ਬਾਰ ਛਾਪਣ ਤੇ ਵੰਡਣ ’ਚ ਰੁੱਝਿਆ ਰਹਿੰਦਾ ਸੀ ਤੇ ਖਾਣਾ-ਪੀਣਾ ਵੀ ਭੁੱਲ ਜਾਂਦਾ। ਪਾਰਟੀ ਦਾ ਉਹ ਸਭ ਤੋਂ ਛੋਟੀ ਉਮਰ ਦਾ ਮੈਂਬਰ ਸੀ ਪਰ ਜ਼ਿੰਮੇਵਾਰੀਆਂ ਬਹੁਤ ਵੱਡੀਆਂ ਸਨ। ਉਨ੍ਹਾਂ ਨੂੰ ਛੋਟੀ ਉਮਰ ਦਾ ਪੱਤਰਕਾਰ/ਸੰਪਾਦਕ ਕਹੀਏ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਉਨ੍ਹਾਂ ਦੇ ਅਣਥੱਕ ਯਤਨਾਂ ਕਾਰਨ ਗ਼ਦਰ ਦੀ ਗੂੰਜ ਦਿਨੋ-ਦਿਨ ਲੋਕਾਂ ’ਚ ਹਰਮਨਪਿਆਰਾ ਹੋ ਰਿਹਾ ਸੀ। ਇਸ ਦੇ ਮਜ਼ਮੂਨ ਇੰਨੇ ਪ੍ਰਭਾਵਸ਼ਾਲੀ ਹੁੰਦੇ ਸਨ ਜੋ ਵੀ ਉਸ ਨੂੰ ਇੱਕ ਵਾਰ ਪੜ੍ਹ ਲਂੈਦਾ ਸੀ ਉਸਦੇ ਅੰਦਰ ਆਜ਼ਾਦੀ ਦੀ ਲਗਨ ਲੱਗ ਜਾਂਦੀ ਸੀ ਜੋ ਗ਼ਦਰ ਦੀ ਸਫ਼ਲਤਾ ਲਈ ਲਾਜ਼ਮੀ ਸੀ। ਇਸ ਦਾ ਮੁੱਖ ਮਕਸਦ ਅੰਗਰੇਜ਼ਾਂ ਵਿਰੁੱਧ ਹਥਿਆਰਬੰਦ ਇਨਕਲਾਬ ਲਈ ਲੋਕਾਂ ਨੂੰ ਜਾਗਿ੍ਰਤ ਕਰਨਾ ਸੀ। ਦਿਨ-ਰਾਤ ਕੰਮ ਕਰਨ ਤੋਂ ਬਾਅਦ ਉਹ ਅਕਸਰ ਇਹ ਸਤਰਾਂ ਗੁਣਗੁਣਾੳਂਦੇ ਸਨ:-
ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ,
ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ।
ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ,
ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ।
ਪਹਿਲੀ ਵਿਸ਼ਵ ਜੰਗ ਸ਼ੁਰੂ ਹੰੁਦੇ ਹੀ ਗ਼ਦਰ ਪਾਰਟੀ ਦੇ ਵਰਕਰ ਅਤੇ ਲੀਡਰ ਭਾਰਤ ਦੇਸ਼ ਆਉਣ ਲੱਗੇ ਸਨ ਤਾਂ ਜੋ ਦੇਸ਼ ਦੀ ਆਜ਼ਾਦੀ ਲਈ ਹਥਿਆਰਬੰਦ ਕ੍ਰਾਂਤੀ ਕੀਤੀ ਜਾ ਸਕੇ। ਉਨ੍ਹੀਂ ਦਿਨੀਂ ਅੰਗਰੇਜ਼ ਸਰਕਾਰ ਡਿਫੈਂਸ ਐਕਟ ਆਫ਼ ਇੰਡੀਆ ਦੇ ਅਧੀਨ ਮੁਸਾਫ਼ਰਾਂ ਨੂੰ ਫੜ ਲੈਂਦੀ ਸੀ। ਬਹੁਤ ਸਾਰਿਆਂ ਨੂੰ ਗਿ੍ਰਫ਼ਤਾਰ ਕਰ ਲਿਆ ਗਿਆ ਪਰ ਕਰਤਾਰ ਸਿੰਘ ਸਰਾਭਾ ਪੁਲਿਸ ਤੋਂ ਅੱਖ ਬਚਾ ਕੇ ਪੰਜਾਬ ਆ ਗਿਆ ਸੀ। ਇੱਥੇ ਆ ਕੇ ਉਸ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਜ਼ਿਆਦਾਤਰ ਸਾਥੀ ਜੇਲ੍ਹਾਂ ’ਚ ਬੰਦ ਹਨ ਜਾਂ ਫਿਰ ਸ਼ਹੀਦ ਹੋ ਗਏ ਹਨ। ਉਨ੍ਹਾਂ ਨੇ ਫਿਰ ਪਾਰਟੀ ਨੂੰ ਸੰਗਠਿਤ ਕੀਤਾ ਅਤੇ ਰੋਜ਼ ਸਾਈਕਲ ’ਤੇ ਪੰਜਾਹ ਮੀਲ ਸਫ਼ਰ ਤੈਅ ਕਰਕੇ ਲੋਕਾਂ ਨੂੰ ਗ਼ਦਰ ਲਈ ਪ੍ਰੇਰਿਤ ਕਰਦੇ। ਇਸ ਤੋਂ ਬਾਅਦ ਸਤਿੰਦਰ ਨਾਥ ਸਾਨਿਆਲ ਦੀ ਮੱਦਦ ਨਾਲ ਰਾਸ ਬਿਹਾਰੀ ਬੋਸ ਨਾਲ ਸੰਪਰਕ ਕੀਤਾ ਅਤੇ ਗ਼ਦਰ ਦੀ ਯੋਜਨਾ ਦੱਸੀ। ਕਰਤਾਰ ਸਿੰਘ ਸਰਾਭਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਫ਼ੌਜੀਆਂ ਨੂੰ ਵੀ ਗ਼ਦਰ ਲਈ ਪ੍ਰੇਰਿਤ ਕੀਤਾ।
ਇਸ ਲਈ ਉਹ ਮੇਰਠ, ਕਾਨ੍ਹਪੁਰ, ਫ਼ਿਰੋਜ਼ਪੁਰ ਆਦਿ ਫ਼ੌਜੀ ਛਾਉਣੀਆਂ ’ਚ ਵੀ ਗਏ। ਪਾਰਟੀ ਨੂੰ ਧਨ ਇਕੱਠਾ ਕਰਕੇ ਦੇਣ ਦੀ ਜਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਸੀ ਸਾਰੇ ਪ੍ਰਬੰਧਾਂ ਦੀ ਤਿਆਰੀ ਮਗਰੋਂ ਗ਼ਦਰ ਦੀ ਮਿਤੀ 21 ਫਰਵਰੀ 1915 ਤੈਅ ਕੀਤੀ ਗਈ। ਕਿਰਪਾਲ ਸਿੰਘ ਮੁਖ਼ਬਰ ਨੇ ਇਸ ਦੀ ਸੂਹ ਪੁਲਿਸ ਨੂੰ ਦੇ ਦਿੱਤੀ ਤੇ ਸਰਕਾਰ ਚੁਕੰਨੀ ਹੋ ਗਈ। ਗ਼ਦਰ ਦੀ ਯੋਜਨਾ ਅੱਗੇ ਪਾ ਦਿੱਤੀ ਗਈ ਪਰ ਬਦਕਿਸਮਤੀ ਨਾਲ ਪੁਲਿਸ ਨੂੰ ਇਸ ਦਾ ਵੀ ਪਤਾ ਲੱਗ ਗਿਆ ਕਿਰਪਾਲ ਸਿੰਘ ਦੀ ਗ਼ੱਦਾਰੀ ਕਾਰਨ ਦੇਸ਼ ਭਗਤਾਂ ਦਾ ਸੁਪਨਾ ਅਧੂਰਾ ਰਹਿ ਗਿਆ। ਗ਼ਦਰ ਦੇ ਵਰਕਰਾਂ ਅਤੇ ਨੇਤਾਵਾਂ ਦੀਆਂ ਗਿ੍ਰਫ਼ਤਾਰੀਆਂ ਸ਼ੁਰੂ ਹੋ ਗਈਆਂ। ਕਰਤਾਰ ਸਿੰਘ ਸਰਾਭਾ, ਹਰਨਾਮ ਸਿੰਘ ਟੁੰਡੀਲਾਟ ਅਤੇ ਜਗਤ ਸਿੰਘ ਕਾਬੁਲ ਜਾਣਾ ਚਾਹੁੰਦੇ ਸਨ ਪਰ ਗ਼ੱਦਾਰਾਂ ਨੂੰ ਸੋਧਣ ਦੇ ਖਿਆਲ ਨਾਲ ਵਾਪਸ ਆ ਗਏ। 2 ਮਾਰਚ 1915 ਨੂੰ ਸਰਗੋਧਾ ਦੇ ਚੱਕ ਨੰਬਰ ਪੰਜ ਪੁੱਜੇ ਅਤੇ ਹਥਿਆਰ ਲੈਣ ਲਈ ਰਸਾਲਦਾਰ ਗੰਢਾ ਸਿੰਘ ਕੋਲ ਪਹੁੰਚੇ ਜਿਸ ਨੇ ਧੋਖੇ ਨਾਲ ਇਨ੍ਹ੍ਹਾਂ ਤਿੰਨਾਂ ਨੂੰ ਗਿ੍ਰਫ਼ਤਾਰ ਕਰਵਾ ਦਿੱਤਾ। ਲਾਹੌਰ ਦੀ ਸੈਂਟਰਲ ਜੇਲ੍ਹ ’ਚ ਕਈ ਮਹੀਨੇ ਮੁਕੱਦਮਾ ਚੱਲਦਾ ਰਿਹਾ।
ਕਰਤਾਰ ਸਿੰਘ ਸਰਾਭਾ ਨੇ ਗ਼ਦਰ ’ਚ ਸ਼ਮੂਲੀਅਤ ਅਤੇ ਹਥਿਆਰਬੰਦ ਕ੍ਰਾਂਤੀ ਦੀ ਗੱਲ ਕਬੂਲੀ ਸੀ। ਇਸੇ ਕਰਕੇ ਸਰਾਭੇ ਬਾਰੇ ਜੱਜ ਕਹਿੰਦੇ ਸਨ ਕਿ ਕਰਤਾਰ ਸਿੰਘ ਭਾਵੇਂ ਛੋਟੀ ਉਮਰ ਦਾ ਹੈ ਪਰ ਸਾਜਿਸ਼ੀ ਬਹੁਤ ਵੱਡਾ ਹੈ, ਜਿਸ ਕਾਰਨ ਉਸ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। ਆਖ਼ਰ 16 ਨਵੰਬਰ 1915 ਨੂੰ ਕਰਤਾਰ ਸਿੰਘ ਸਰਾਭਾ ਨੂੰ ਛੇ ਸਾਥੀਆਂ ਸਮੇਤ ਫਾਂਸੀ ਦਿੱਤੀ ਗਈ। ਜਦੋਂ ਇਹ ਖ਼ਬਰ ਗ਼ਦਰ ਪਾਰਟੀ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਨੇ ਸੁਣੀ ਤਾਂ ਉਹ ਅਚਨਚੇਤ ਹੀ ਬੋਲੇ, ਕਰਤਾਰ ਸਿੰਘ ਸਰਾਭਾ ਉਮਰ ’ਚ ਭਾਵੇਂ ਸਾਡੇ ਸਾਰਿਆਂ ਤੋਂ ਛੋਟਾ ਸੀ ਪਰ ਕੁਰਬਾਨੀ ਵਿੱਚ ਸਾਰਿਆਂ ਤੋਂ ਅੱਗੇ ਲੰਘ ਗਿਆ ਹੈ। ਉੱਨੀ ਸਾਲ ਦੀ ਛੋਟੀ ਜਿਹੀ ਉਮਰ ਵਿੱਚ ਦੇਸ਼ ਦੀ ਖ਼ਾਤਰ ਜਾਨ ਵਾਰਨ ਕਰਕੇ ਉਹ ਨੌਜਵਾਨਾਂ ਦੇ ਪ੍ਰੇਰਨਾ ਸ੍ਰੋਤ ਬਣ ਗਏ। ਸ਼ਹੀਦ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਨੂੰ ਆਪਣਾ ਰਾਜਨੀਤਕ ਗੁਰੂੁ ਮੰਨਦੇ ਸਨ ਅਤੇ ਉਨ੍ਹਾਂ ਦੀ ਤਸਵੀਰ ਹਰ ਵੇਲੇ ਜੇਬ੍ਹ ’ਚ ਰੱਖਦੇ ਸਨ। ਸ਼ਹੀਦ ਭਗਤ ਸਿੰਘ ਅਕਸਰ ਕਹਿੰਦੇ ਸਨ, ਮੈਨੂੰ ਇਉਂ ਲੱਗਦਾ ਜਿਵੇਂ ਕਰਤਾਰ ਸਿੰਘ ਸਰਾਭਾ ਮੇਰਾ ਵੱਡਾ ਭਰਾ ਹੋਵੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ