ਪਾਵਰਕੌਮ ਦਾ ਕਰਮਚਾਰੀਆਂ ਨੂੰ ਬੇਤੁਕਾ ਫਰਮਾਨ, ਮੈਕਸ ਹਸਪਤਾਲ ਤੋਂ ਕਰਵਾਓਗੇ ਇਲਾਜ ਤਾਂ ਮਿਲੇਗੀ 10 ਫੀਸਦੀ ਛੋਟ

ਮੈਕਸ ਹਸਪਤਾਲ ਮੋਹਾਲੀ ਨਾਲ ਪਾਵਰਕੌਮ ਦੀ ਹੋਈ ਗੱਲਬਾਤ, ਪੈਕੇਜ਼ ਤੱਕ ਦੀ ਦਿੱਤੀ ਪੱਤਰ ਰਾਹੀਂ ਜਾਣਕਾਰੀ

  •  ਸਰਕਾਰੀ ਹਸਪਤਾਲਾਂ ਨੂੰ ਛੱਡ ਪ੍ਰਾਈਵੇਟ ਹਸਪਤਾਲ ਨੂੰ ਪਰਮੋਟ ਕਰਨ ਵਿੱਚ ਲੱਗਿਆ ਹੋਇਆ ਐ ਪਾਵਰਕੌਮ

(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਇੱਕ ਬੇਤੁਕਾ ਪੱਤਰ ਆਪਣੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਜਾਰੀ ਕਰਦੇ ਹੋਏ ਪ੍ਰਾਈਵੇਟ ਹਸਪਤਾਲ ਮੈਕਸ ਵਿੱਚ ਇਲਾਜ ਕਰਵਾਉਣ ’ਤੇ 10 ਫੀਸਦੀ ਤੱਕ ਛੋਟ ਮਿਲਣ ਦੀ ਜਾਣਕਾਰੀ ਦਿੱਤੀ ਹੈ। ਪਾਵਰਕੌਮ ਦੇ ਅਧਿਕਾਰੀਆਂ ਅਤੇ ਮੈਕਸ ਹਸਪਤਾਲ ਦੇ ਅਧਿਕਾਰੀਆਂ ਦੀ ਆਪਸ ਵਿੱਚ ਗੱਲਬਾਤ ਚੱਲ ਰਹੀ ਸੀ, ਜਿਸ ਤੋਂ ਬਾਅਦ ਮੈਕਸ ਹਸਪਤਾਲ 10 ਫੀਸਦੀ ਛੋਟ ਦੇਣ ਲਈ ਤਿਆਰ ਹੋ ਗਿਆ ਹੈ ਇਸ ਲਈ ਪਾਵਰਕਾਮ ਨੇ ਪੱਤਰ ਵੀ ਜਾਰੀ ਕਰ ਦਿੱਤਾ ਹੈ। ਜਿਸ ਤੋਂ ਬਾਅਦ ਵਿਵਾਦ ਪੈਦਾ ਹੋ ਗਿਆ ਹੈ ਕਿ ਸਰਕਾਰੀ ਅਦਾਰਾ ਕਿਵੇਂ ਪ੍ਰਾਈਵੇਟ ਹਸਪਤਾਲ ਤੋਂ ਇਲਾਜ ਕਰਵਾਉਣ ਲਈ ਪੱਤਰ ਜਾਰੀ ਕਰ ਸਕਦਾ ਹੈ, ਜਿਸ ਨਾਲ ਨਾ ਸਿਰਫ਼ ਪ੍ਰਾਈਵੇਟ ਹਸਪਤਾਲ ਦੀ ਮਸ਼ਹੂਰੀ ਹੋ ਰਹੀ ਹੈ, ਸਗੋਂ ਸਰਕਾਰੀ ਹਸਪਤਾਲਾਂ ਵੱਲੋਂ ਕੀਤੇ ਜਾ ਰਹੇ ਇਲਾਜ ‘ਤੇ ਵੀ ਉਂਗਲ ਉੱਠ ਰਹੀ ਹੈ।

ਇਸ ਪੱਤਰ ਦੇ ਜਾਰੀ ਹੋਣ ਤੋਂ ਬਾਅਦ ਪਾਵਰਕੌਮ ਦੇ ਅਧਿਕਾਰੀ ਕੋਈ ਵੀ ਜਾਣਕਾਰੀ ਦੇਣ ਨੂੰ ਤਿਆਰ ਨਹੀਂ ਹਨ ਤਾਂ ਪੰਜਾਬ ਦੇ ਉਪ ਮੁੱਖ ਮੰਤਰੀ ਓ.ਪੀ. ਸੋੋਨੀ ਨੇ ਇਸ ਸਬੰਧ ਵਿੱਚ ਸਖ਼ਤ ਕਾਰਵਾਈ ਕਰਨ ਦੀ ਗੱਲ ਆਖੀ ਹੈ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਬੀਤੇ ਲੰਬੇ ਸਮੇਂ ਤੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਵਿੱਚ ਸਰਕਾਰੀ ਹਸਪਤਾਲਾਂ ਦੀਆਂ ਸੇਵਾਵਾਂ ਕਾਫ਼ੀ ਜਿਆਦਾ ਚੰਗੀਆਂ ਹਨ ਅਤੇ ਪ੍ਰਾਈਵੇਟ ਦੇ ਮੁਕਾਬਲੇ ਇਸ ਸਮੇਂ ਸਰਕਾਰੀ ਹਸਪਤਾਲਾਂ ਵਿੱਚ ਇਲਾਜ ਮਿਲ ਰਿਹਾ ਹੈ। ਜਿਸ ਕਾਰਨ ਆਮ ਵਿਅਕਤੀ ਪ੍ਰਾਈਵੇਟ ਹਸਪਤਾਲਾਂ ਵਿੱਚ ਜਿਆਦਾ ਖ਼ਰਚ ਕਰਨ ਦੀ ਥਾਂ ਸਰਕਾਰੀ ਹਸਪਤਾਲਾਂ ਵਿੱਚ ਇਲਾਜ ਕਰਵਾਏ।

ਪਾਵਰਕਾਮ ਦੇ ਡਿਪਟੀ ਚੀਫ਼ ਅਕਾਊਂਟ ਅਧਿਕਾਰੀ ਵਲੋਂ ਜਾਰੀ ਕੀਤੇ ਗਏ ਪੱਤਰ ਨੰਬਰ 848 ਵਿੱਚ ਲਿਖਿਆ ਗਿਆ ਹੈ ਕਿ ਮੈਕਸ ਹਸਪਤਾਲ ਮੁਹਾਲੀ ਪਾਵਰਕੌਮ ਦੇ ਕਰਮਚਾਰੀਆਂ ਅਤੇ ਉਨਾਂ ਦੇ ਪਰਿਵਾਰਕ ਮੈਂਬਰਾਂ ਸਣੇ ਪੈਨਸ਼ਨਰ ਨੂੰ ਇਲਾਜ ਕਰਵਾਉਣ ਮੌਕੇ 10 ਫੀਸਦੀ ਤੱਕ ਦੀ ਛੋਟ ਦੇਣ ਲਈ ਤਿਆਰ ਹੋ ਗਿਆ ਹੈ। ਪੱਤਰ ਵਿੱਚ ਲਿਖਿਆ ਹੋਇਆ ਹੈ ਕਿ ਇਲਾਜ ਦੌਰਾਨ ਦਵਾਇਆ, ਟੈਸਟ ਅਤੇ ਹੋਰ ਸਮਾਨ ’ਤੇ 10 ਫੀਸਦੀ ਛੋਟ ਤਾਂ ਮਿਲੇਗੀ ਪਰ ਇਹ ਛੂਟ ਜਿਆਦਾ ਤੋਂ ਜਿਆਦਾ 10 ਹਜ਼ਾਰ ਤੱਕ ਦੀ ਹੀ ਹੋਏਗੀ। ਸਾਲਾਨਾ ਹੈਲਥ ਚੈਕਅੱਪ ਕਰਵਾਉਣ ਮੌਕੇ ਮੈਕਸ ਹੈਲਥ ਪੈਕੇਜ ਲੈਣ ’ਤੇ 20 ਫੀਸਦੀ ਛੋਟ ਮਿਲੇਗੀ।

ਇਸ ਤਰਾਂ ਪ੍ਰਾਈਵੇਟ ਹਸਪਤਾਲ ਦਾ ਕਾਫ਼ੀ ਜਿਆਦਾ ਪ੍ਰਚਾਰ ਇਸ ਪੱਤਰ ਰਾਹੀ ਪਾਵਰਕਾਮ ਦੇ ਅਧਿਕਾਰੀਆਂ ਵਲੋਂ ਕੀਤਾ ਗਿਆ ਹੈ ਤਾਂ ਇਥੇ ਹੀ ਇਸ ਪੱਤਰ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਜੇਕਰ ਕੋਈ ਪਰੇਸ਼ਾਨੀ ਆਵੇ ਤਾਂ ਮੈਕਸ ਹਸਪਤਾਲ ਦੇ ਅਧਿਕਾਰੀ ਅਮਿਤ ਧਵਨ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ, ਇਸ ਨਾਲ ਹੀ ਪੱਤਰ ਵਿੱਚ ਅਮਿਤ ਧਵਨ ਦਾ ਮੋਬਾਇਲ ਨੰਬਰ ਵੀ ਦਿੱਤਾ ਗਿਆ ਹੈ।
ਇਹ ਪੱਤਰ ਜਾਰੀ ਕਰਨ ਸਬੰਧੀ ਪਾਵਰਕੌਮ ਦੇ ਚੇਅਰਮੈਨ ਵੇਣੂ ਗੋਪਾਲ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨਾਂ ਨੇ ਫੋਨ ਨਹੀਂ ਚੁੱਕਿਆ।

ਇਸ ਤਰ੍ਹਾਂ ਦਾ ਪੱਤਰ ਜਾਰੀ ਕਰਨਾ ਗਲਤ, ਕਾਰਵਾਈ ਹੋਏਗੀ : ਉਪ ਮੁੱਖ ਮੰਤਰੀ

ਪੰਜਾਬ ਦੇ ਉਪ ਮੁੱਖ ਮੰਤਰੀ ਅਤੇ ਸਿਹਤ ਵਿਭਾਗ ਨੂੰ ਦੇਖ ਰਹੇ ਓ.ਪੀ. ਸੋਨੀ ਨੇ ਕਿਹਾ ਕਿ ਪਾਵਰਕੌਮ ਵੱਲੋਂ ਪ੍ਰਾਈਵੇਟ ਹਸਪਤਾਲ ਦੇ ਹੱਕ ਵਿੱਚ ਇਸ ਤਰ੍ਹਾਂ ਦਾ ਪੱਤਰ ਜਾਰੀ ਕਰਨਾ ਗਲਤ ਹੈ। ਇਸ ਸਬੰਧ ਵਿੱਚ ਉਹ ਸਾਰੀ ਜਾਣਕਾਰੀ ਲੈਣਗੇ ਕਿ ਮੈਕਸ ਹਸਪਤਾਲ ਨਾਲ ਗੱਲਬਾਤ ਕਿਉਂ ਅਤੇ ਕਿਸ ਦੇ ਕਹਿਣ ’ਤੇ ਸ਼ੁਰੂ ਕੀਤੀ ਗਈ ਸੀ। ਉਨਾਂ ਕਿਹਾ ਕਿ ਇਸ ਸਬੰਧੀ ਕਾਰਵਾਈ ਵੀ ਕੀਤੀ ਜਾਏਗੀ, ਕਿਉਂਕਿ ਪ੍ਰਾਈਵੇਟ ਹਸਪਤਾਲ ’ਚ ਇਲਾਜ ਕਰਵਾਉਣ ਸਬੰਧੀ ਸਰਕਾਰੀ ਅਦਾਰਾ ਪੱਤਰ ਜਾਰੀ ਨਹੀਂ ਕਰ ਸਕਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ