ਲਿੰਗ ਨਿਰਧਾਰਤ ਟੈਸਟ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼

(ਹਰਪਾਲ) ਲੌਂਗੋਵਾਲ। ਸਿਹਤ ਵਿਭਾਗ ਅਤੇ ਪੁਲਿਸ ਪ੍ਰਸ਼ਾਸਨ ਨੇ ਸਾਂਝੇ ਤੌਰ ‘ਤੇ ਚਲਾਏ ਸਰਚ ਆਪ੍ਰੇਸ਼ਨ ਦੌਰਾਨ ਪਿੰਡੀ ਬਟੂਹਾ ਖੁਰਦ ਦੇ ਇੱਕ ਘਰ ‘ਚ ਲਿੰਗ ਨਿਰਧਾਰਤ (Gender Testing ) ਟੈਸਟ ਕਰਨ ਵਾਲੇ ਇੱਕ ਗਿਰੋਹ ਨੂੰ ਕਾਬੂ ਕੀਤਾ ਹੈ ਇਹ ਗਿਰੋਹ ਪਿਛਲੇ ਲੰਮੇ ਸਮੇਂ ਤੋਂ ਤੁਰ-ਫਿਰਕੇ ਲਿੰਗ ਨਿਰਧਾਰਤ ਟੈਸਟ ਕਰਦਾ ਸੀ।

ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸੀਐੱਮਓ ਸੰਗਰੂਰ ਸਬੋਧ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਜਾਣਕਾਰੀ ਮਿਲੀ ਸੀ ਕਿ ਕਸਬਾ ਲੌਂਗੋਵਾਲ ਨੇੜਲੀ ਪਿੰਡੀ ਬਟੂਹਾ ਖੁਰਦ ਵਿਖੇ ਪਿਛਲੇ ਲੰਮੇ ਸਮੇਂ ਤੋਂ ਵੱਡੀ ਪੱਧਰ ‘ਤੇ ਲਿੰਗ ਨਿਰਧਾਰਤ ਟੈਸਟ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਨੇ ਡੀਐੱਸਪੀ ਸੁਨਾਮ ਵਿਲੀਅਮ ਜੇਜੀ, ਥਾਣਾ ਮੁਖੀ ਜੁਗਰਾਜ ਸਿੰਘ ਤੇ ਪੁਲਿਸ ਮੁਲਾਜ਼ਮਾਂ ਨਾਲ ਮਿਲਕੇ ਇੱਕ ਘਰ ‘ਚ ਛਾਪੇਮਾਰੀ ਕੀਤੀ।

ਇਸ ਦੌਰਾਨ ਉੱਥੋਂ ਲਿੰਗ ਅਧਾਰਤ ਟੈਸਟ ਕਰਨ ਵਾਲੇ ਔਜਾਰ, ਕੰਪਿਊਟਰ ਆਦਿ ਬਰਾਮਦ ਹੋਇਆ ਇਸ ਦੌਰਾਨ ਵਿਭਾਗ ਦੇ ਅਧਿਕਾਰੀਆਂ ਨੇ ਲਿੰਗ ਅਧਾਰਤ ਟੈਸਟ ਕਰਵਾਉਣ ਆਈਆਂ ਅੱਧੀ ਦਰਜਨ ਦੇ ਕਰੀਬ ਗਰਭਵਤੀ ਔਰਤਾਂ ਤੇ ਅਮਲੇ ਦੇ ਚਾਰ ਮੈਂਬਰਾਂ ਨੂੰ ਆਪਣੀ ਹਿਰਾਸਤ ‘ਚ ਲੈ ਲਿਆ ਹੈ।

ਇਸ ਦੌਰਾਨ ਗੱਲਬਾਤ ਕਰਦਿਆਂ ਡੀਐੱਸਪੀ ਵਿਲੀਅਮ ਜੇਜੀ ਨੇ ਦੱਸਿਆ ਕਿ ਪੁਲਿਸ ਵੱਲੋਂ ਹਾਲੇ ਜਾਂਚ ਕੀਤੀ ਜਾ ਰਹੀ ਹੈ, ਇਸ ਲਈ ਉਨ੍ਹਾਂ ਵੱਲੋਂ ਕੋਈ ਵੀ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ ਇਸ ਸਬੰਧੀ ਸਿਹਤ ਵਿਭਾਗ ਵੱਲੋਂ ਜਿਸ ਤਰ੍ਹਾਂ ਦੀਆਂ ਹਦਾਇਤਾਂ ਦਿੱਤੀਆਂ ਜਾਣਗੀਆਂ ਉਸੇ ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ