ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਰਾਹਤ ਕਾਰਜਾਂ ‘ਚ ਕੀਤਾ ਸਹਿਯੋਗ
ਸੁਰਿੰਦਰਪਾਲ, ਭਾਈਰੂਪਾ
ਮਾਨਸੂਨ ਦੀ ਪਹਿਲੀ ਬਰਸਾਤ ਦੌਰਾਨ ਭਗਤਾ ਭਾਈਕਾ ਵਿਖੇ ਗਊਸ਼ਾਲਾ ਦੇ ਸ਼ੈਡ ਦਾ ਲੈਂਟਰ ਡਿੱਗਣ ਕਾਰਨ ਮੰਦਭਾਗੀ ਘਟਨਾ ਨਾਲ ਇਲਾਕੇ ‘ਚ ਸੋਗ ਦੀ ਲਹਿਰ ਫੈਲ ਗਈ । ਲੈਂਟਰ ਡਿੱਗਣ ਕਾਰਨ ਗਊਆਂ ਦੇ ਥੱਲੇ ਦੱਬ ਜਾਣ ਦੀ ਖ਼ਬਰ ਸੋਸ਼ਲ ਮੀਡੀਆ ‘ਤੇ ਅੱਗ ਵਾਂਗ ਫੈਲ ਗਈ , ਜਿਸ ਨੂੰ ਸੁਣਕੇ ਆਸ-ਪਾਸ ਦੇ ਪਿੰਡਾਂ ਤੇ ਸ਼ਹਿਰਾਂ ਦੇ ਗਊ ਭਗਤਾਂ, ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਤੋਂ ਇਲਾਵਾ ਪ੍ਰਸ਼ਾਸਨ ਨੇ ਮੌਕੇ ‘ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ । ਇਸ ਮੌਕੇ ਬਲਾਕ ਰਾਜਗੜ੍ਹ ਸਲਾਬਤਪੁਰਾ, ਨਿਹਾਲ ਸਿੰਘ ਵਾਲਾ, ਰਾਮਪੁਰਾ ਫੂਲ ਤੇ ਬਾਘਾਪੁਰਾਣਾ ਤੋਂ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਰਾਹਤ ਕਾਰਜਾਂ ਲਈ ਪੁੱਜੇ ਹੋਏ ਸਨ ਪ੍ਰਾਪਤ ਜਾਣਕਾਰੀ ਕਸਬਾ ਭਗਤਾ ਭਾਈਕਾ ਦੇ ਕੋਠਾਗੁਰੂ ਰੋਡ ਵਿਖੇ ਸਥਿੱਤ ਸ੍ਰੀ ਮਹੇਸ਼ ਮੁਨੀ ਗਊਸ਼ਾਲਾ ਵਿਖੇ ਗਊਆਂ ਲਈ ਪਾਏ ਸ਼ੈਡ ਦਾ ਲੈਂਟਰ ਡਿੱਗ ਜਾਣ ਕਾਰਨ 35 ਗਊਆਂ ਦੀ ਮੌਤ ਹੋ ਗਈ ਅਤੇ ਕਈ ਗਊਆਂ ਜ਼ਖ਼ਮੀ ਹੋ ਗਈਆਂ ।
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਗਊਸ਼ਾਲਾ ਕਮੇਟੀ ਦੇ ਪ੍ਰਧਾਨ ਸਰਪੰਚ ਜਰਨੈਲ ਸਿੰਘ ਨੇ ਦੱਸਿਆ ਕਿ ਸੌਮਵਾਰ ਤੇ ਮੰਗਲਵਾਰ ਦੀ ਦਰਮਿਆਨੀ ਰਾਤ ਕਰੀਬ ਡੇਢ ਵਜ਼ੇ ਗਊਸ਼ਾਲਾ ਵਿਖੇ ਇੱਕ ਏਕੜ ਵਿੱਚ ਅੱਠ ਸਾਲ ਪਹਿਲਾਂ ਪਾਇਆ ਗਿਆ 60 ਫੁੱਟ ਚੋੜਾ ਤੇ 200 ਫੁੱਟ ਲੰਬਾ ਲੈਂਟਰ ਡਿੱਗ ਗਿਆ । ਜਿਸ ਕਾਰਨ ਉਸ ਥੱਲੇ ਕਰੀਬ 70 ਗਊਆਂ ਆ ਗਈਆਂ । ਘਟਨਾ ਦੀ ਸੂਚਨਾ ਮਿਲਦਿਆਂ ਹੀ ਆਸ-ਪਾਸ ਦੇ ਲੋਕਾਂ ਨੇ ਲੈਂਟਰ ਥੱਲੇ ਦੱਬੀਆਂ ਗਊਆਂ ਨੂੰ ਬਚਾਉਣਾ ਸ਼ੁਰੂ ਕਰ ਦਿੱਤਾ । ਸ਼ਾਮ ਚਾਰ ਵਜੇ ਤੱਕ ਚੱਲੇ ਇਸ ਰੈਸਕਿਓ ਅਪ੍ਰੈਸ਼ਨ ਦੌਰਾਨ ਲੈਂਟਰ ਥੱਲੇ ਦੱਬੀਆਂ ਗਊਆਂ ਵਿੱਚੋਂ 45 ਗਊਆਂ ਨੂੰ ਜਿੰਦਾ ਬਚਾ ਲਿਆ ਗਿਆ ਜਿਹਨਾਂ ਵਿੱਚੋ 12 ਗਊਆਂ ਗੰਭੀਰ ਜ਼ਖਮੀ ਹੋ ਗਈਆਂ ਜਦਕਿ 35 ਗਊਆਂ ਦੀ ਇਸ ਘਟਨਾ ਵਿੱਚ ਮੌਤ ਹੋ ਗਈ । ਜਰਨੈਲ ਸਿੰਘ ਨੇ ਦੱਸਿਆ ਕਿ ਲੈਂਟਰ ਡਿੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ । ਉਨ੍ਹਾਂ ਕਿਹਾ ਕਿ ਜੇਕਰ ਇਹ ਹਾਦਸਾ ਦਿਨ ਸਮੇਂ ਹੁੰਦਾ ਤਾਂ ਵੱਡਾ ਜਾਨੀ ਨੁਕਸਾਨ ਵੀ ਹੋ ਜਾਣਾ ਸੀ ਕਿਊਕਿ ਕਰੀਬ 45 ਸਫਾਈ ਸੇਵਕ ਅਤੇ ਦਰਜ਼ਨਾਂ ਗਊ ਭਗਤ ਦਿਨ ਸਮੇਂ ਇੱਥੇ ਮੌਜ਼ੂਦ ਰਹਿੰਦੇ ਹਨ ।
ਜਰਨੈਲ ਸਿੰਘ ਅਨੁਸਾਰ ਸੈਂਡ ਦੇ ਲੈਂਟਰ ਡਿੱਗ ਜਾਣ ਕਾਰਨ ਆਸ-ਪਾਸ ਤੇ ਹੋਰ ਦੋ ਸ਼ੈੱਡਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ ਤੇ ਇਸ ਘਟਨਾ ਵਿੱਚ ਕਰੀਬ 1 ਕਰੋੜ ਰੁਪਏ ਦਾ ਨੁਕਸਾਨ ਹੋ ਗਿਆ ਹੈ । ਘਟਨਾ ਦੀ ਖ਼ਬਰ ਸੁਣਦਿਆਂ ਹੀ ਡੀਸੀ ਬਠਿੰਡਾ, ਤਹਿਸੀਲਦਾਰ ਰਾਮਪੁਰਾ ਫੂਲ, ਡੀ ਐਸ ਪੀ ਫੂਲ, ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਵਲੰਟੀਅਰ, ਸਹਾਰਾ ਗਰੁੱਪ ਪੰਜਾਬ ਤੇ ਬਠਿੰਡਾ ਜ਼ਿਲ੍ਹੇ ਦੀ ਡਾਕਟਰਾਂ ਦੀ ਟੀਮ ਡਾ. ਤਰਨਦੀਪ ਸਿੰਘ ਦੀ ਅਗਵਾਈ ਵਿੱਚ ਮੌਕੇ ‘ਤੇ ਪਹੁੰਚੀ ਤੇ ਉਨ੍ਹਾਂ ਜੇ ਸੀ ਬੀ ਮਸ਼ੀਨਾਂ ਨਾਲ ਲੈਂਟਰ ਪਾਸੇ ਕਰਕੇ ਗਊਆਂ ਨੂੰ ਬਾਹਰ ਕੱਢਿਆ । ਘਟਨਾ ਦੀ ਖ਼ਬਰ ਸੁਣਦਿਆਂ ਹੀ ਸਾਬਕਾ ਕੈਬਨਿਟ ਮੰਤਰੀ ਸਿੰਕਦਰ ਸਿੰਘ ਮਲੂਕਾ ਨੇ ਮੌਕੇ ਤੇ ਪਹੁੰਚਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਜਖ਼ਮੀ ਗਊਆਂ ਦੇ ਇਲਾਜ਼ ਲਈ 25 ਹਜ਼ਾਰ ਰੁਪਏ ਦੀ ਰਾਸ਼ੀ ਭੇਂਟ ਕੀਤੀ । ਹਾਦਸੇ ‘ਚ ਮਾਰੀਆਂ ਗਊਆਂ ਨੂੰ ਥਾਨਾ ਸਿਟੀ ਭਗਤਾਂ ਦੇ ਨੇੜੇ ਟਿੱਬੇ ਉੱਪਰ ਵਿਧੀ ਪੂਰਵਕ ਦੱਬ ਦਿੱਤਾ ਗਿਆ ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।