ਦਰਜ਼ਨ ਤੋਂ ਵੱਧ ਵੱਖ-ਵੱਖ ਮਾਮਲੇ ਦਰਜ਼, ਜ਼ਮਾਨਤ ‘ਤੇ ਆਇਆ ਹੋਇਆ ਬਾਹਰ, ਵਿਰੋਧੀਆਂ ਨੇ ਕਾਂਗਰਸ ਘੇਰੀ
ਪਟਿਆਲਾ, ਖੁਸ਼ਵੀਰ ਤੂਰ
ਮੁੱਖ ਮੰਤਰੀ ਦੀ ਪਤਨੀ ਕਾਂਗਰਸੀ ਉਮੀਦਵਾਰ ਪਰਨੀਤ ਕੌਰ ਦੁਆਰਾ ਆਪਣੀ ਚੋਣ ਮਜ਼ਬੂਤੀ ਲਈ ਪਾਰਟੀ ‘ਚ ਸ਼ਾਮਲ ਕੀਤਾ ਵਿਦਿਆਰਥੀ ਜਥੇਬੰਦੀ ਪੁਸੂ ਦਾ ਸੂਬਾਈ ਆਗੂ ਉਸ ਸਮੇਂ ਉਹਨਾਂ ਲਈ ਗਲੇ ਦੀ ਹੱਡੀ ਬਣ ਗਿਆ ਜਦੋਂ ਉਸ ਦਾ ਨਾਂਅ ਕਥਿਤ ਗੈਂਗਸਟਰ ਵਜੋਂ ਸਾਹਮਣੇ ਆ ਗਿਆ। ਇਸ ਜਥੇਬੰਦੀ ਦੇ ਆਗੂ ਉੱਪਰ ਡੇਢ ਦਰਜ਼ਨ ਅਪਰਾਧਿਕ ਮਾਮਲੇ ਦਰਜ਼ ਹਨ ਅਤੇ ਇਹ ਜ਼ਮਾਨਤ ‘ਤੇ ਬਾਹਰ ਚੱਲ ਰਿਹਾ ਹੈ। ਅਕਾਲੀ ਦਲ ਵੱਲੋਂ ਕਾਂਗਰਸ ਉੱਪਰ ਸੁਆਲ ਖੜ੍ਹੇ ਕਰਨ ਤੋਂ ਬਾਅਦ ਪਰਨੀਤ ਕੌਰ ਵੱਲੋਂ ਉਸ ਨੂੰ ਬਾਹਰ ਦਾ ਰਸਤਾ ਦਿਖਾਉਣਾ ਪਿਆ ਹੈ।
ਦੱਸਣਯੋਗ ਹੈ ਕਿ 6 ਅਪਰੈਲ ਨੂੰ ਹਲਕਾ ਸਨੌਰ ਦੇ ਇੰਚਾਰਜ਼ ਹਰਿੰਦਰਪਾਲ ਸਿੰਘ ਹੈਰੀਮਾਨ ਦੀ ਅਗਵਾਈ ਹੇਠ ਅਮਰ ਆਸ਼ਰਮ ਵਿਖੇ ਪੁਸੂ ਦੇ ਸੂਬਾਈ ਆਗੂ ਵਜੋਂ ਦਰਸਾਏ ਰਣਦੀਪ ਸਿੰਘ ਖਰੋੜ ਸਮੇਤ ਜਥੇਬੰਦੀ ਦੇ ਹੋਰਨਾਂ ਨੌਜਵਾਨਾਂ ਨੂੰ ਸ਼ਾਮਲ ਕੀਤਾ ਗਿਆ ਸੀ। ਇਸ ਸਮਾਗਮ ਵਿੱਚ ਪਟਿਆਲਾ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਸਮੇਤ ਕਾਂਗਰਸ ਦੇ ਹੋਰ ਵੀ ਆਗੂ ਸ਼ਾਮਲ ਸਨ। ਇਸ ਮੌਕੇ ਪਰਨੀਤ ਕੌਰ ਵੱਲੋਂ ਕਿਹਾ ਗਿਆ ਸੀ ਕਿ ਕਾਂਗਰਸ ਪਾਰਟੀ ਦੀਆਂ ਲੋਕਹਿੱਤ ਦੀਆਂ ਨੀਤੀਆਂ ਅਤੇ ਨੌਜਵਾਨ ਵਰਗ ਨੂੰ ਰੁਜ਼ਗਾਰ ਮੁਹੱਇਆ ਕਰਵਾਉਣ ਦੇ ਉਪਰਾਲੇ ਤੋਂ ਉਤਸ਼ਾਹਿਤ ਹੋ ਕੇ ਇਸ ਜੱਥੇਬੰਦੀ ਨੇ ਉਨ੍ਹਾਂ ਨੂੰ ਹਮਾਇਤ ਕਰਨ ਦਾ ਐਲਾਨ ਕੀਤਾ ਹੈ। ਇੱਧਰ ਅੱਜ ਰਣਦੀਪ ਸਿੰਘ ਖਰੋੜ ਦੇ ਕਾਂਗਰਸ ‘ਚ ਸ਼ਾਮਲ ਹੋਣ ਦੇ ਤੀਜੇ ਦਿਨ ਬਾਅਦ ਹੀ ਉਸਦਾ ਅਪਰਾਧਿਕ ਬਿਊਰਾ ਉਜਾਗਰ ਹੋਣ ਤੋਂ ਬਾਅਦ ਪਰਨੀਤ ਕੌਰ ਬੁਰੀ ਤਰ੍ਹਾਂ ਘਿਰ ਗਈ। ਰਣਦੀਪ ਸਿੰਘ ਖਰੋੜ ਉੱਪਰ ਪੰਜਾਬ ਅੰਦਰ ਕਤਲ, ਲੁੱਟਾਂ-ਖੋਹਾਂ, ਡਕੈਤੀ ਆਦਿ ਦੇ ਡੇਢ ਦਰਜ਼ਨ ਮਾਮਲੇ ਦਰਜ਼ ਹਨ ਅਤੇ ਚੰਡੀਗੜ੍ਹ ਪੁਲਿਸ ਵੱਲੋਂ ਉਸ ਦੀ ਗ੍ਰਿਫਤਾਰੀ ਲਈ 50 ਹਜਾਰ ਦਾ ਇਨਾਮ ਵੀ ਰੱਖਿਆ ਗਿਆ ਸੀ। ਪਿਛਲੇ ਸਮੇਂ ਦੌਰਾਨ ਉਸ ਨੂੰ ਪੰਜ ਸਾਥੀਆਂ ਸਮੇਤ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਅਤੇ ਅੱਜ-ਕੱਲ੍ਹ ਉਹ ਜਮਾਨਤ ਉੱਪਰ ਚੱਲ ਰਿਹਾ ਸੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਉਕਤ ਨੌਜਵਾਨ ਦਾ ਸਬੰਧ ਨਾਭਾ ਜੇਲ੍ਹ ਬ੍ਰੇਕ ਮਾਮਲੇ ਵਿੱਚ ਸ਼ਾਮਲ ਗੈਂਗਸਟਰ ਗੁਰਪ੍ਰੀਤ ਸਿੰਘ ਗੋਪੀ ਨਾਲ ਹੈ। ਕਾਂਗਰਸ ਵਿੱਚ ਸ਼ਾਮਲ ਹੋਣ ਮੌਕੇ ਕਥਿਤ ਗੈਂਗਸਟਰ ਖਰੋੜ ਕਾਂਗਰਸੀ ਉਮੀਦਵਾਰ ਪਰਨੀਤ ਕੌਰ ਨਾਲ ਸਟੇਜ ‘ਤੇ ਬਿਰਾਜਮਾਨ ਹੈ ਅਤੇ ਪਰਨੀਤ ਕੌਰ ਨਾਲ ਗੱਲਾਂ ਕਰ ਰਿਹਾ ਹੈ। ਕਾਂਗਰਸ ਵਿੱਚ ਸ਼ਾਮਲ ਹੋਣ ਮੌਕੇ ਜਾਰੀ ਕੀਤੇ ਪ੍ਰੈਸਨੋਟ ਵਿੱਚ ਵੀ ਹਰਿੰਦਰਪਾਲ ਹੈਰੀਮਾਨ ਦੀ ਯੋਗ ਅਗਵਾਈ ਦਰਸਾਈ ਗਈ ਸੀ। ਇਸ ਮਾਮਲੇ ਸਬੰਧੀ ਜਦੋਂ ਹਰਿੰਦਰਪਾਲ ਹੈਰੀਮਾਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਖਰੋੜ ਵਿਦਿਆਰਥੀ ਜਥੇਬੰਦੀ ਦਾ ਲੀਡਰ ਹੈ। ਉਨ੍ਹਾਂ ਕਿਹਾ ਕਿ ਉਸ ਨੂੰ ਅਪਰਾਧਿਕ ਮਾਮਲਿਆਂ ਸਬੰਧੀ ਕੋਈ ਜਾਣਕਾਰੀ ਨਹੀਂ ਹੈ।
ਗਲਤ ਤਰੀਕੇ ਨਾਲ ਹੋਇਆ ਸ਼ਾਮਲ, ਕਾਂਗਰਸ ‘ਚ ਰਹਿਣ ਦਾ ਹੱਕ ਨਹੀਂ: ਪਰਨੀਤ ਕੌਰ
ਇੱਧਰ ਮਾਮਲਾ ਭਖਣ ਤੋਂ ਬਾਅਦ ਪਰਨੀਤ ਕੌਰ ਨੂੰ ਖੁਦ ਸਾਹਮਣੇ ਆਉਣਾ ਪਿਆ। ਉਨ੍ਹਾਂ ਕਿਹਾ ਕਿ ਰਣਦੀਪ ਸਿੰਘ ਨਾਂਅ ਦੇ ਗੈਂਗਸਟਰ ਨੂੰ ਕਿਸੇ ਦੀ ਕੀਮਤ ‘ਤੇ ਕਾਂਗਰਸ ਦਾ ਮੈਂਬਰ ਬਣਿਆ ਰਹਿਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਗਲਤ ਤਰੀਕਿਆਂ ਰਾਹੀਂ ਸਿਆਸਤ ਵਿੱਚ ਆਉਣ ਵਾਲੇ ਅਪਰਾਧੀਆਂ ਨੂੰ ਪਾਰਟੀ ਵੱਲੋਂ ਰੱਤੀ ਭਰ ਵੀ ਸਹਿਣ ਨਹੀਂ ਕੀਤਾ ਜਾਵੇਗਾ। ਪਰਨੀਤ ਕੌਰ ਨੇ ਕਿਹਾ ਕਿ ਜਿਹੜੇ ਗੈਂਗਸਟਰ ‘ਤੇ ਸਵਾਲ ਉਠਾਏ ਗਏ ਹਨ, ਉਹ ਪਟਿਆਲਾ ਵਿਖੇ ਪਿਛਲੇ ਹਫਤੇ ਹੋਏ ਇੱਕ ਸਮਾਗਮ ਵਿੱਚ ਸ਼ਾਮਲ ਹੋਇਆ ਅਤੇ ਉਹ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਪੰਜਾਬੀ ਯੂਨੀਵਰਸਿਟੀ ਦੇ 1500 ਵਿਦਿਆਰਥੀਆਂ ਦੇ ਗਰੁੱਪ ਦਾ ਹਿੱਸਾ ਸੀ। ਉਨ੍ਹਾਂ ਕਿਹਾ ਕਿ ਬੀਤੇ ਸਮੇਂ ਰਣਦੀਪ ਸਿੰਘ ਅਸਲ ਵਿੱਚ ਆਮ ਆਦਮੀ ਪਾਰਟੀ ਦਾ ਸਮੱਰਥਕ ਸੀ ਅਤੇ ਉਸ ਨੇ ਆਪਣੇ-ਆਪ ਨੂੰ ਵਿਦਿਆਰਥੀ ਅਤੇ ਸਿਆਸੀ ਕਾਰਕੁੰਨ ਵਜੋਂ ਪੇਸ਼ ਕਰਕੇ ਸਿਆਸਤ ਵਿੱਚ ਸ਼ਾਮਲ ਹੋਣ ਦਾ ਸੁਖਾਲਾ ਰਾਹ ਲੱਭਿਆ। ਪਰਨੀਤ ਕੌਰ ਨੇ ਬਚਦਿਆਂ ਆਖਿਆ ਕਿ ਜਦੋਂ ਵੱਡੀ ਗਿਣਤੀ ਲੋਕ ਕਾਂਗਰਸ ‘ਚ ਸ਼ਾਮਲ ਹੁੰਦੇ ਹਨ ਰਹੇ ਹਨ, ਉਦੋਂ ਹਰੇਕ ਦੀ ਜਾਂਚ ਕਰਨੀ ਔਖੀ ਹੋ ਜਾਂਦੀ ਹੈ। ਰਣਦੀਪ ਸਿੰਘ ਦੇ ਪਿਛੋਕੜ ਬਾਰੇ ਜਾਣਕਾਰੀ ਉਨ੍ਹਾਂ ਦੇ ਧਿਆਨ ਵਿੱਚ ਹੁਣ ਆਈ ਹੈ ਅਤੇ ਉਸ ਨੂੰ ਪਾਰਟੀ ਵਿੱਚੋਂ ਬਾਹਰ ਕੱਢੇ ਜਾਣ ਨੂੰ ਉਹ ਖੁਦ ਯਕੀਨੀ ਬਣਾਉਣਗੇ। ਉਨ੍ਹਾਂ ਕਿਹਾ ਕਿ ਸਬੰਧਿਤ ਗੈਂਗਸਟਰ ਵਿਰੁੱਧ ਅਪਰਾਧਿਕ ਮਾਮਲੇ ‘ਚ ਕਾਨੂੰਨ ਆਪਣਾ ਰਾਹ ਅਖਤਿਆਰ ਕਰੇਗਾ।
ਕਾਂਗਰਸ ਗੈਂਗਸਟਰਾਂ ਨੂੰ ਕਰ ਰਹੀ ਹੈ ਪਾਰਟੀ ‘ਚ ਸ਼ਾਮਿਲ: ਡਾ. ਗਾਂਧੀ
ਪਟਿਆਲਾ ਤੋਂ ਪੰਜਾਬ ਜਮਹੂਰੀ ਗਠਜੋੜ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਨੇ ਕਾਂਗਰਸ ਵੱਲੋਂ ਗੈਗਸਟਰਾਂ ਨੂੰ ਪਾਰਟੀ ਵਿੱਚ ਸ਼ਾਮਿਲ ਕਰਨ ਦੀ ਮੁਹਿੰਮ ‘ਤੇ ਇਤਰਾਜ਼ ਜਤਾਉਦਿਆਂ ਕਿਹਾ ਕਿ ਕਾਂਗਰਸ ਪਾਰਟੀ ਜਮਹੂਰੀਅਤ ਦੇ ਮੁੱਢਲੇ ਅਸੂਲਾਂ ਨੂੰ ਤਿਆਗਦੇ ਹੋਏ ਸੱਤਾ ਨੂੰ ਹਥਿਆਉਣ ਲਈ ਨਾਮਵਰ ਗੈਂਗਸਟਰਾਂ ਨੂੰ ਪਾਰਟੀ ਵਿੱਚ ਸ਼ਾਮਿਲ ਕਰਕੇ ਆਪਣੇ ਸਿਆਸੀ ਦਿਵਾਲੀਆਪਣ ਦਾ ਪ੍ਰਮਾਣ ਦੇ ਰਹੀ ਹੈ। ਗਾਂਧੀ ਨੇ ਕਿਹਾ ਕਿ ਉਹ ਕਾਂਗਰਸ ਵਾਂਗ ਪੈਸੇ ਦੇ ਜਾਂ ਗੁੰਡਿਆਂ ਦੇ ਜ਼ੋਰ ‘ਤੇ ਨਹੀਂ ਸਗੋਂ ਇਨਸਾਫ ਪਸੰਦ ਆਮ ਲੋਕਾਂ ਦੇ ਸਹਿਯੋਗ ਨਾਲ ਚੋਣ ਜਿੱਤਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।