ਪਿਛਲੀ ਕਾਂਗਰਸ ਸਰਕਾਰ ਦੇ ਸਿਆਸੀ ਆਗੂਆਂ ਅਤੇ ਉੱਚ ਅਧਿਕਾਰੀਆਂ ਦੇ ਆਲ਼ੇ-ਦੁਆਲੇ ਘੁੰਮ ਰਹੀ ਐ ਰਿਪੋਰਟ
ਸਾਬਕਾ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਖ਼ੁਦ ਕਰ ਚੁੱਕੇ ਹਨ ਦਾਅਵਾ, ਰਿਪੋਰਟ ਖੱੁਲ੍ਹਣ ਤੋਂ ਬਾਅਦ ਹੋਣਗੇ ਖ਼ੁਲਾਸੇ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਉੱਤਰ ਪ੍ਰਦੇਸ਼ ਦੇ ਗੈਂਗਸਟਰ ਮੁਖਤਿਆਰ ਅੰਸਾਰੀ (Gangster Mukhtar Ansari) ਨੂੰ ਪਿਛਲੀ ਕਾਂਗਰਸ ਸਰਕਾਰ ਦੌਰਾਨ ਵੀਵੀਆਈ ਟ੍ਰੀਟਮੈਂਟ ਦੇਣ ਦੇ ਮਾਮਲੇ ਵਿੱਚ ਤਿਆਰ ਹੋਈ ਰਿਪੋਰਟ ਮੁੱਖ ਮੰਤਰੀ ਭਗਵੰਤ ਮਾਨ ਦੇ ਦਰਬਾਰ ਵਿੱਚ ਪੁੱਜ ਗਈ ਹੈ, ਜਿਸ ਦੇ ਖੱੁਲ੍ਹਣ ਮਗਰੋਂ ਇਸ ਮਾਮਲੇ ਵਿੱਚ ਕਈ ਵੱਡੇ ਖ਼ੁਲਾਸੇ ਹੋਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ। ਇਸ ਮਾਮਲੇ ਦੀ ਜਾਂਚ ਵੀਵੀਆਈਪੀ ਟ੍ਰੀਟਮੈਂਟ ਤੋਂ ਇਲਾਵਾ ਮੁਖਤਿਆਰ ਅੰਸਾਰੀ ਦੀ ਪਤਨੀ ਨੂੰ ਜੇਲ੍ਹ ਅੰਦਰ ਰੱਖਣ ਅਤੇ ਪਿਛਲੀ ਸਰਕਾਰ ਦੇ ਸਿਆਸੀ ਲੀਡਰਾਂ ਸਣੇ ਉੱਚ ਅਧਿਕਾਰੀਆਂ ਦੇ ਆਲ਼ੇ-ਦੁਆਲੇ ਘੁੰਮ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਰਿਪੋਰਟ ਦੇ ਬਾਹਰ ਆਉਣ ਮਗਰੋਂ ਵੱਡੀ ਕਾਰਵਾਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀ ਜਾਂ ਸਕਦੀ ਹਾਲਾਂਕਿ ਇਸ ਰਿਪੋਰਟ ਨੂੰ ਲੈ ਕੇ ਕੋਈ ਵੀ ਜਾਣਕਾਰੀ ਦੇਣ ਨੂੰ ਤਿਆਰ ਨਹੀਂ ਹੈ। ਇਸ ਰਿਪੋਰਟ ਦੇ ਤਿਆਰ ਹੋਣ ਤੋਂ ਬਾਅਦ ਜੇਲ੍ਹ ਵਿਭਾਗ ਦੇ ਕੁਝ ਅਧਿਕਾਰੀਆਂ ਅਤੇ ਪਿਛਲੀ ਸਰਕਾਰ ’ਚ ਸ਼ਾਮਲ ਸਿਆਸੀ ਆਗੂਆਂ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ।
ਜੇਲ੍ਹ ਦੇ ਅੰਦਰ ਵੀਵੀਆਈਪੀ ਟ੍ਰੀਟਮੈਂਟ ਦੇਣ ਦੇ ਨਾਲ ਹੀ ਅੰਸਾਰੀ ਦੀ ਪਤਨੀ ਨੂੰ ਵੀ ਮਿਲਣ ਦੀ ਮਿਲਦੀ ਰਹੀ ਐ ਇਜਾਜ਼ਤ (Gangster Mukhtar Ansari)
ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਬਾਹੂਬਲੀ ਮੁਖਤਿਆਰ ਅੰਸਾਰੀ (Gangster Mukhtar Ansari) ਨੂੰ ਇੱਕ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਹਿਰਾਸਤ ਵਿੱਚ ਲਿਆ ਸੀ। ਅੰਸਾਰੀ ਨੂੰ ਜਨਵਰੀ 2019 ਵਿੱਚ ਪੰਜਾਬ ਲਿਆਂਦਾ ਗਿਆ ਸੀ ਅਤੇ ਅਪਰੈਲ 2021 ਤੱਕ ਸੂਬੇ ’ਚ ਹੀ ਰੱਖਿਆ ਗਿਆ ਸੀ। ਇਸ ਦੌਰਾਨ ਵੀ ਪੰਜਾਬ ਸਰਕਾਰ ਮੁਖਤਿਆਰ ਅੰਸਾਰੀ ਨੂੰ ਵਾਪਸ ਨਹੀਂ ਭੇਜਣਾ ਚਾਹੁੰਦੀ ਸੀ ਅਤੇ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਸੁਪਰੀਮ ਕੋਰਟ ਵਿੱਚ ਕੇਸ ਲੜਦੇ ਹੋਏ ਮੁਖਤਿਆਰ ਅੰਸਾਰੀ ਨੂੰ ਵਾਪਸ ਉੱਤਰ ਪ੍ਰਦੇਸ਼ ਲਿਜਾਇਆ ਗਿਆ ਸੀ। ਉਸ ਨੂੰ ਉੱਤਰ ਪ੍ਰਦੇਸ਼ ਲਿਜਾਣ ਤੋਂ ਬਾਅਦ ਇਹ ਗੱਲ ਨਿਕਲ ਕੇ ਬਾਹਰ ਆਈ ਸੀ ਕਿ ਅੰਸਾਰੀ ਨੂੰ ਕਾਂਗਰਸ ਸਰਕਾਰ ਨੇ ਵੀਵੀਆਈਪੀ ਟ੍ਰੀਟਮੈਂਟ ਦਿੰਦੇ ਹੋਏ ਆਪਣੇ ਕੋਲ ਰੱਖਿਆ ਹੋਇਆ ਸੀ।
ਇਸ ਮਾਮਲੇ ਵਿੱਚ ਏਡੀਜੀਪੀ ਰਾਜਿੰਦਰਾ ਨਾਮਦੀਓ ਢੋਕੇ ਨੂੰ ਜਾਂਚ ਦਿੱਤੀ ਗਈ ਸੀ, ਜਿਸ ਤੋਂ ਬਾਅਦ ਹੁਣ ਇਸ ਰਿਪੋਰਟ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੌਂਪ ਦਿੱਤਾ ਗਿਆ ਹੈ। ਇਸ ਰਿਪੋਰਟ ਵਿੱਚ ਵੀਵੀਆਈਪੀ ਟ੍ਰੀਟਮੈਂਟ ਦੇਣ ਦੇ ਨਾਲ ਹੀ ਅਧਿਕਾਰੀਆਂ ਵੱਲੋਂ ਵੱਡੇ ਪੱਧਰ ’ਤੇ ਪੈਸੇ ਲੈਣ ਦਾ ਜ਼ਿਕਰ ਵੀ ਕੀਤਾ ਗਿਆ ਹੈ ਹਾਲਾਂਕਿ ਪਿਛਲੀ ਸਰਕਾਰ ਵਿੱਚ ਸ਼ਾਮਲ ਸਿਆਸੀ ਆਗੂਆਂ ਦੀ ਸ਼ਮੂਲੀਅਤ ਬਾਰੇ ਕੀ ਦੋਸ਼ ਲਾਏ ਗਏ ਹਨ, ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਰਹੀ ਹੈ। ਕੁਝ ਸੂਤਰਾਂ ਦਾ ਕਹਿਣਾ ਹੈ ਕਿ ਇਸ ਰਿਪੋਰਟ ਵਿੱਚ ਪਿਛਲੀ ਸਰਕਾਰ ’ਚ ਸ਼ਾਮਲ ਆਗੂਆਂ ਨੂੰ ਕਲੀਨ ਚਿਟ ਦਿੱਤੀ ਗਈ ਹੈ ਅਤੇ ਕੁਝ ਸੂਤਰਾਂ ਦਾ ਕਹਿਣਾ ਹੈ ਕਿ ਇਸ ਜਾਂਚ ਵਿਚ ਉਨ੍ਹਾਂ ਨੂੰ ਵੀ ਘੇਰਿਆ ਗਿਆ ਹੈ। ਇਸ ਲਈ ਰਿਪੋਰਟ ਖੱੁਲ੍ਹਣ ਤੋਂ ਬਾਅਦ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਾਰਵਾਈ ਦੇ ਆਦੇਸ਼ ਦਿੱਤੇ ਜਾਣਗੇ, ਉਸ ਸਮੇਂ ਹੀ ਅਸਲ ਗੱਲ ਨਿਕਲ ਕੇ ਬਾਹਰ ਆਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ