ਗੈਂਗਸਟਰ ਲਾਰੈਂਸ ਖਰੜ ਪੁਲਿਸ ਦੇ ਰਿਮਾਂਡ ’ਤੇ, ਆਰਮਜ਼ ਐਕਟ ਮਾਮਲੇ ’ਚ ਪੁੱਛਗਿੱਛ ਲਈ ਅਦਾਲਤ ’ਚ ਪੇਸ਼
ਖਰੜ (ਐੱਮ ਕੇ ਸ਼ਾਇਨਾ)। ਖਰੜ ਪੁਲੀਸ ਨੇ ਗੈਂਗਸਟਰ ਲਾਰੈਂਸ ਨੂੰ ਅਸਲਾ ਐਕਟ ਕੇਸ ਵਿੱਚ ਪੁੱਛਗਿੱਛ ਲਈ ਅਦਾਲਤ ਵਿੱਚ ਪੇਸ਼ ਕੀਤਾ। ਜਿੱਥੇ ਅਦਾਲਤ ਨੇ ਉਸ ਨੂੰ 10 ਦਿਨਾਂ ਦੇ ਰਿਮਾਂਡ ’ਤੇ ਪੁਲਿਸ ਹਵਾਲੇ ਕਰ ਦਿੱਤਾ।
ਜਾਣਕਾਰੀ ਅਨੁਸਾਰ ਖਰੜ ਪੁਲਿਸ ਨੇ ਲਾਰੈਂਸ ਖ਼ਿਲਾਫ਼ 9 ਸਤੰਬਰ ਨੂੰ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਸੀ। ਇਸ ਵਿੱਚ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਨਾਂ ਸਾਹਮਣੇ ਆਇਆ ਸੀ। ਫਿਲਹਾਲ ਇਸ ਮਾਮਲੇ ’ਚ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਨਾਂ ਸਾਹਮਣੇ ਆ ਰਿਹਾ ਹੈ। ਸੋਮਵਾਰ ਨੂੰ ਮੁਹਾਲੀ ਦੇ ਇੱਕ ਕਲੱਬ ਵਿੱਚ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੰਜ ਦਿਨ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਗਈ ਪਰ ਅਦਾਲਤ ਨੇ ਰਿਮਾਂਡ ਦੇਣ ਤੋਂ ਇਨਕਾਰ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਪੁਲਿਸ ਇਸ ਮਾਮਲੇ ਵਿੱਚ ਮੁਲਜ਼ਮਾਂ ਦਾ ਪਹਿਲਾਂ ਹੀ ਰਿਮਾਂਡ ਲੈ ਚੁੱਕੀ ਹੈ। ਫੇਰ ਦੁਬਾਰਾ ਕੀ ਲੋੜ ਹੈ? ਇਸ ’ਤੇ ਪੁਲੀਸ ਨੇ ਦਲੀਲ ਦਿੱਤੀ ਸੀ ਕਿ ਪਹਿਲੇ ਮੁਲਜ਼ਮ ਤੋਂ ਬਾਰੀਕੀ ਨਾਲ ਪੁੱਛਗਿੱਛ ਨਹੀਂ ਕੀਤੀ ਜਾ ਸਕੀ।
ਪਰ ਪੁਲਿਸ ਦੀ ਦਲੀਲ ਸੁਣਨ ਤੋਂ ਬਾਅਦ ਵੀ ਮੁਹਾਲੀ ਅਦਾਲਤ ਨੇ ਲਾਰੈਂਸ ਦਾ ਰਿਮਾਂਡ ਨਹੀਂ ਦਿੱਤਾ ਅਤੇ ਮੁਲਜ਼ਮ ਨੂੰ ਜੁਡੀਸ਼ੀਅਲ ਰਿਮਾਂਡ ’ਤੇ ਭੇਜ ਦਿੱਤਾ ਗਿਆ। ਜਦੋਂਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਖਰੜ ਦੀ ਅਦਾਲਤ ਨੇ ਅਸਲਾ ਐਕਟ ਕੇਸ ਵਿੱਚ ਦਸ ਦਿਨ ਦੇ ਰਿਮਾਂਡ ’ਤੇ ਭੇਜ ਦਿੱਤਾ ਹੈ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਲਾਰੈਂਸ ਦਾ ਨਾਂ ਆਇਆ ਸੀ। ਇਸ ਤੋਂ ਬਾਅਦ ਐਨਆਈਏ ਨੇ ਵੀ ਉਸ ਤੋਂ ਪੁੱਛਗਿੱਛ ਕੀਤੀ। ਪੰਜਾਬ ਪੁਲਿਸ ਨੇ ਗੈਂਗਸਟਰ ਲਾਰੈਂਸ ਤੋਂ ਕਈ ਮਾਮਲਿਆਂ ਵਿੱਚ ਪ੍ਰੋਡਕਸ਼ਨ ਵਾਰੰਟ ’ਤੇ ਪੁੱਛਗਿੱਛ ਕੀਤੀ ਹੈ। ਇਸ ਤੋਂ ਪਹਿਲਾਂ ਮੁਹਾਲੀ ਅਦਾਲਤ ਨੇ ਸੋਹਾਣਾ ਪੁਲੀਸ ਦੀ ਲਾਰੈਂਸ ਦੀ ਰਿਮਾਂਡ ਦੀ ਅਰਜ਼ੀ ਰੱਦ ਕਰ ਦਿੱਤੀ ਸੀ। ਸੋਹਾਣਾ ਥਾਣੇ ਅਧੀਨ ਸੈਕਟਰ 80 ਸਥਿਤ ਮਾਈਕ੍ਰੋਬ੍ਰੇਵਰੀ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਵਿੱਚ ਲਾਰੈਂਸ ਦੇ ਰਿਮਾਂਡ ਦੀ ਮੰਗ ਕੀਤੀ ਗਈ ਸੀ।
ਲਾਰੈਂਸ ਇਸ ਤੋਂ ਪਹਿਲਾਂ ਬਠਿੰਡਾ ਪੁਲੀਸ ਦੀ ਹਿਰਾਸਤ ਵਿੱਚ ਸੀ। ਸੋਹਾਣਾ ਪੁਲਿਸ ਬਰੂ ਬ੍ਰੋਸ ਗੋਲੀ ਕਾਂਡ ਵਿੱਚ ਉਸਦਾ ਰਿਮਾਂਡ ਮੰਗ ਰਹੀ ਸੀ। ਪੁਲਿਸ ਨੇ ਇਸ ਘਟਨਾ ਵਿੱਚ ਪਹਿਲਾਂ ਲਾਰੇਂਸ ਦਾ 2 ਦਿਨ ਦਾ ਰਿਮਾਂਡ ਲਿਆ ਸੀ। ਪੁਲਿਸ ਨੇ ਕਿਹਾ ਸੀ ਕਿ ਲਾਰੇਂਸ ਨੂੰ ਆਵਾਜ਼ ਦੇ ਨਮੂਨੇ ਲਈ ਦਿੱਲੀ ਲਿਜਾਣ ਕਾਰਨ ਉਸ ਤੋਂ ਡੂੰਘਾਈ ਨਾਲ ਪੁੱਛਗਿੱਛ ਨਹੀਂ ਹੋ ਸਕੀ।
40 ਲੱਖ ਦੀ ਫਿਰੌਤੀ ਲਈ ਵੀ ਫਾਇਰਿੰਗ ਕੀਤੀ ਸੀ
ਦੱਸ ਦੇਈਏ ਕਿ ਇਸ ਸਾਲ 13 ਮਾਰਚ ਨੂੰ ਦੋ ਬਾਈਕ ਸਵਾਰਾਂ ਨੇ ਬਰੂ ਬ੍ਰੋਸ ’ਤੇ ਗੋਲੀਬਾਰੀ ਕੀਤੀ ਸੀ। ਪੁਲਿਸ ਨੇ 2 ਦੋਸ਼ੀਆਂ ਨੂੰ ਗਿ੍ਰਫਤਾਰ ਕਰ ਲਿਆ ਹੈ। ਲਾਰੈਂਸ ’ਤੇ ਦੋਸ਼ ਹੈ ਕਿ ਉਸ ਨੇ ਬਰੂ ਬ੍ਰੋਸ ਦੇ ਮਾਲਕ ਤੋਂ 40 ਲੱਖ ਰੁਪਏ ਦੀ ਫਿਰੌਤੀ ਵਸੂਲਣ ਲਈ ਇਹ ਗੋਲੀਬਾਰੀ ਕਰਵਾਈ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ