ਗਦਰੀ ਬਾਬਾ ਵਿਸਾਖਾ ਸਿੰਘ

ਗਦਰੀ ਬਾਬਾ ਵਿਸਾਖਾ ਸਿੰਘ

ਸਾਡਾ ਦੇਸ਼ ਭਾਰਤ ਚਿਰੋਕਾ ਸਮਾਂ ਅੰਗਰੇਜ਼ਾਂ ਦਾ ਗੁਲਾਮ ਰਿਹਾ ਹੈ। ਇਸ ਗੁਲਾਮੀ ਤੋਂ ਨਿਜਾਤ ਹਾਸਲ ਕਰਨ ਲਈ ਜਿੱਥੇ ਭਾਰਤੀ ਨੌਜਵਾਨਾਂ ਨੇ ਅਨੇਕਾਂ ਕੁਰਬਾਨੀਆਂ ਕੀਤੀਆਂ, ਉੱਥੇ ਗਦਰੀ ਬਾਬਿਆਂ ਦੀਆਂ ਕੁਰਬਾਨੀਆਂ ਦਾ ਵੀ ਆਪਣਾ ਇੱਕ ਵੱਖਰਾ ਅਧਿਆਏ ਹੈ। ਇਸ ਅਧਿਆਏ ਵਿੱਚ ਦੇਸ਼ ਭਗਤ ਗਦਰੀ ਬਾਬੇ ਵਿਸਾਖਾ ਸਿੰਘ ਦਾ ਨਾਂਅ ਵੀ ਸ਼ਾਮਲ ਹੈ। ਬਾਬਾ ਜੀ ਦਾ ਜਨਮ ਮਾਝੇ ਦੇ ਕੇਂਦਰੀ ਜ਼ਿਲ੍ਹੇ ਅੰਮ੍ਰਿਤਸਰ ਦੇ ਇੱਕ ਛੋਟੇ ਜਿਹੇ ਪਿੰਡ ਦਦਹੇਰ ਸਾਹਿਬ ਵਿਖੇ ਅੱਧ ਵਿਸਾਖ ਸੰਮਤ ਬਿਕਰਮੀ 1834 ਅਰਥਾਤ 1877 ਈ. ਨੂੰ ਪਿਤਾ ਸ. ਦਿਆਲ ਸਿੰਘ ਤੇ ਮਾਤਾ ਇੰਦ ਕੌਰ ਦੇ ਘਰ ਹੋਇਆ। ਦੇਸੀ ਮਹੀਨੇ ਵਿਸਾਖ ਦੀ ਪੈਦਾਇਸ਼ ਹੋਣ ਕਰਕੇ ਬਾਬਾ ਜੀ ਦਾ ਨਾਂਅ ਵਿਸਾਖਾ ਸਿੰਘ ਰੱਖ ਦਿੱਤਾ ਗਿਆ।
ਬਚਪਨ ਤੋਂ ਹੀ ਬਾਬਾ ਜੀ ਨੇਕ ਸੁਭਾਅ ਅਤੇ ਧਾਰਮਿਕ ਸੋਚ ਵਾਲੇ ਵਿਅਕਤੀ ਸਨ। ਬਾਬਾ ਜੀ ਨੇ ਆਪਣੀ ਮੁੱਢਲੀ ਵਿੱਦਿਆ ਪਿੰਡ ਦੇ ਗੁਰਦੁਆਰੇ ਦੇ ਸੰਤ ਈਸ਼ਰ ਦਾਸ ਪਾਸੋਂ ਗ੍ਰਹਿਣ ਕੀਤੀ।

1896 ਈ. ਵਿੱਚ ਬਾਬਾ ਜੀ ਫੌਜ ਵਿੱਚ ਭਰਤੀ ਹੋ ਗਏ। ਪਰ ‘ਪਗੜੀ ਸੰਭਾਲ ਜੱਟਾ’ ਲਹਿਰ ਦੇ ਆਗੂ ਸ. ਅਜੀਤ ਸਿੰਘ (ਸ਼ਹੀਦ ਭਗਤ ਸਿੰਘ ਦੇ ਚਾਚਾ) ਦੇ ਪ੍ਰਭਾਵ ਹੇਠ ਆ ਕੇ ਆਪ ਨੇ 1907 ਈਸਵੀ ਨੂੰ ਫੌਜ ਦੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ। ਕੁੱਝ ਸਮਾਂ ਪਾ ਕੇ ਬਾਬਾ ਜੀ ਹੰਕਾਊ (ਚੀਨ) ਚਲੇ ਗਏ ਤੇ ਪੁਲਿਸ ਵਿੱਚ ਭਰਤੀ ਹੋ ਗਏ। ਪਰ ਇੱਥੇ ਵੀ ਉਨ੍ਹਾਂ ਨੂੰ ਗੁਲਾਮੀ ਦਾ ਅਹਿਸਾਸ ਵੱਢ-ਵੱਢ ਖਾਣ ਲੱਗਾ, ਜਿਸ ਦੀ ਬਦੌਲਤ ਉਨ੍ਹਾਂ ਨੇ ਇਹ ਨੌਕਰੀ ਵੀ ਛੱਡ ਦਿੱਤੀ।

1908 ਈ. ਵਿੱਚ ਬਾਬਾ ਜੀ ਸਾਂਨਫਰਾਂਸਿਸਕੋ (ਅਮਰੀਕਾ) ਚਲੇ ਗਏ। ਇੱਥੇ ਇਨ੍ਹਾਂ ਦਾ ਤਾਲਮੇਲ ਬਹੁਤ ਸਾਰੇ ਗਦਰੀਆਂ ਤੇ ਦੇਸ਼ ਭਗਤਾਂ ਜਿਵੇਂ ਬਾਬਾ ਸੋਹਣ ਸਿੰਘ ਭਕਨਾ, ਕਰਤਾਰ ਸਿੰਘ ਸਰਾਭਾ, ਲਾਲਾ ਹਰਦਿਆਲ, ਹਰਨਾਮ ਸਿੰਘ ਟੁੰਡੀਲਾਟ ਤੇ ਭਾਈ ਪਰਮਾਨੰਦ ਆਦਿ ਨਾਲ ਹੋਇਆ। ਜੁਲਾਈ 1914 ਈ. ਨੂੰ ਪਹਿਲੀ ਸੰਸਾਰ ਜੰਗ ਛਿੜ ਪਈ, ਇਸ ਜੰਗ ਦੇ ਛਿੜਨ ‘ਤੇ ਗਦਰ ਪਾਰਟੀ ਦੇ ‘ਯੁਗਾਂਤਰ ਆਸ਼ਰਮ’ ਵਿੱਚ ਇੱਕ ਹੰਗਾਮੀ ਮੀਟਿੰਗ ਹੋਈ। ਇਸ ਮੀਟਿੰਗ ਵਿੱਚ ਮੌਕੇ ਦਾ ਫਾਇਦਾ ਉਠਾਉਂਦਿਆਂ ਸਾਰੇ ਗਦਰੀਆਂ ਨੂੰ ਦੇਸ਼ ਵਾਪਸ ਪਰਤ ਕੇ ਗਦਰ ਕਰਨ ਲਈ ਕਿਹਾ ਗਿਆ।

1914 ਨੂੰ ਸਾਰੇ ਗਦਰੀਆਂ ਨੇ ਭਾਰਤ ਵੱਲ ਨੂੰ ਮੁਹਾਰਾਂ ਮੋੜ ਲਈਆਂ, ਪਰ ਬਾਬਾ ਜੀ 1915 ਈ. ਵਿੱਚ ਦੇਸ਼ ਪਹੁੰਚੇ। ਦੇਸ਼ ਪਹੁੰਚਦਿਆਂ ਹੀ ਇਨ੍ਹਾਂ ਨੂੰ ਮਦਰਾਸ ਤੋਂ ਗ੍ਰਿਫਤਾਰ ਕਰ ਲਿਆ ਗਿਆ ਤੇ ਲੁਧਿਆਣਾ ਭੇਜ ਦਿੱਤਾ ਗਿਆ। ਪੁੱਛ-ਪੜਤਾਲ ਤੋਂ ਬਾਅਦ ਇਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। ਅਪਰੈਲ 1915 ਨੂੰ ਮੁੜ ਗ੍ਰਿਫਤਾਰ ਕਰ ਲਿਆ ਗਿਆ ਤੇ ਮੁਲਤਾਨ ਜੇਲ੍ਹ ਭੇਜ ਦਿੱਤਾ ਗਿਆ। 16 ਨਵੰਬਰ 1915 ਨੂੰ ਕਰਤਾਰ ਸਿੰਘ ਸਰਾਭਾ ਤੇ ਉਸ ਦੇ ਸੱਤ ਹੋਰ ਸਾਥੀਆਂ ਨੂੰ ਫਾਂਸੀ ਦੇਣ ਤੋਂ ਬਾਅਦ ਇਨ੍ਹਾਂ ਨੂੰ ਕਾਲੇ ਪਾਣੀ (ਅੰਡੇਮਾਨ) ਭੇਜ ਦਿੱਤਾ ਗਿਆ।

14 ਅਪਰੈਲ 1920 ਨੂੰ ਬਾਬਾ ਜੀ ਦੀ ਸਿਹਤ ਅਚਾਨਕ ਖਰਾਬ ਹੋ ਗਈ ਅਤੇ ਅੰਗਰੇਜ਼ ਸਰਕਾਰ ਨੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ। ਰਿਹਾਈ ਤੋਂ ਬਾਅਦ ਇਹ ਪਿੰਡ ਆ ਗਏ। ਪਿੰਡ ਆ ਕੇ ਬਾਬਾ ਜੀ ਨੇ ਦੇਸ਼ ਭਗਤ ਪਰਿਵਾਰ ਸਹਾਇਕ ਕਮੇਟੀ ਬਣਾ ਲਈ ਅਤੇ ਤਨ ਮਨ ਅਤੇ ਧਨ ਨਾਲ ਦੇਸ਼ ਭਗਤ ਪਰਿਵਾਰਾਂ ਦੀ ਸਹਾਇਤਾ ਵਿੱਚ ਜੁਟ ਗਏ। 1932 ਵਿੱਚ ਬਾਬਾ ਜੀ ਨੇ ‘ਅੰਮ੍ਰਿਤ ਪ੍ਰਚਾਰ ਸੰਗਤ’ ਨਾਂਅ ਦੀ ਸੰਸਥਾ ਬਣਾਈ ਤੇ ਲੋਕਾਂ ਨੂੰ ਅੰਮ੍ਰਿਤ ਪਾਨ ਕਰਵਾਇਆ। 1957 ਈ. ਵਿੱਚ ਬਾਬਾ ਜੀ ਦਾ ਦੇਹਾਂਤ ਹੋ ਗਿਆ। ਬਾਬਾ ਜੀ ਦੀ ਸਾਲਾਨਾ ਬਰਸੀ ਅੱਜ (5 ਦਸੰਬਰ) ਬੜੀ ਧੂਮ-ਧਾਮ ਅਤੇ ਸ਼ਰਧਾ ਨਾਲ ਮਨਾਈ ਜਾ ਰਹੀ ਹੈ।
ਰਿਸ਼ੀ ਨਗਰ ਐਕਸਟੈਨਸ਼ਨ (ਲੁਧਿਆਣਾ)
ਮੋ. 94631-32719
ਰਮੇਸ਼ ਬੱਗਾ ਚੋਹਲਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.