ਸੁਨਾਮ ‘ਚ ਜ਼ਹਿਰੀਲੀ ਸ਼ਰਾਬ ਦਾ ਕਹਿਰ, 6 ਦੀ ਮੌਤ ਅਤੇ 7 ਹਸਪਤਾਲ ‘ਚ ਦਾਖਲ

Sunam News
ਸੁਨਾਮ 'ਚ ਜ਼ਹਿਰੀਲੀ ਸ਼ਰਾਬ ਦਾ ਕਹਿਰ, 6 ਦੀ ਮੌਤ ਅਤੇ 7 ਹਸਪਤਾਲ 'ਚ ਦਾਖਲ

ਲੋਕਾਂ ਵੱਲੋਂ ਜ਼ਹਿਰੀਲੀ ਸ਼ਰਾਬ ਪੀਣ ਦੇ ਕਾਰਨ ਮੌਤਾਂ ਦਾ ਲਗਾਇਆ ਆਰੋਪ  

ਸੁਨਾਮ ਉਧਮ ਸਿੰਘ ਵਾਲਾ (ਕਰਮ ਥਿੰਦ)। ਸਥਾਨਕ ਇਲਾਕੇ ‘ਚ ਲਗਾਤਾਰ ਛੇ ਮੌਤਾਂ ਹੋਣ ਨਾਲ ਹੜਕੰਪ ਮੱਚ ਗਿਆ, ਜਿਸ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਹੈ, ਕਿਉਂਕਿ ਪਿੰਡ ਗੁੱਜਰਾਂ ਤੋਂ ਬਾਅਦ ਜ਼ਹਿਰੀਲੀ ਸ਼ਰਾਬ ਦਾ ਕਹਿਰ ਹੁਣ ਸੁਨਾਮ ਵਿੱਚ ਵੀਂ ਵਰਤਿਆ ਹੈ, ਜਿਸ ਨਾਲ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਵੀ ਬਣਿਆ ਹੋਇਆ ਹੈ। Sunam News

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਰਜਸ ਸਿੰਘ ਰਵੀਦਾਸਪੁਰਾ ਟਿੱਬੀ ਵਾਸੀ ਸਰਪੰਚ ਨੇ ਦੱਸਿਆ ਕਿ ਇਹ ਮੌਤਾਂ ਦਾਰੂ ਪੀਣ ਦੇ ਨਾਲ ਹੋਈਆਂ ਹਨ ਉਹਨਾਂ ਨੇ ਦੱਸਿਆ ਕਿ ਉਨਾਂ ਵੱਲੋਂ ਐਂਬੂਲੈਂਸ ਰਾਹੀਂ ਹੋਰ ਕਈ ਵਿਅਕਤੀ ਸਿਵਿਲ ਹਸਪਤਾਲ ਦੇ ਵਿੱਚ ਇਲਾਜ ਲਈ ਭੇਜੇ ਗਏ ਹਨ।

ਇਹ ਵੀ ਪੜ੍ਹੋ: ਪੁਲਿਸ ਨੇ 3 ਵਿਅਕਤੀ 28 ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ ਕੀਤੇ ਕਾਬੂ

ਮਿਲੀ ਜਾਣਕਾਰੀ ਅਨੁਸਾਰ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਸੁਨਾਮ ਅਤੇ ਇਸ ਦੇ ਨਾਲ ਲੱਗਦੇ ਪਿੰਡ ਜਖੇਪਲ ਸਮੇਤ ਹੁਣ ਤੱਕ 6 ਵਿਅਕਤੀਆਂ ਦੀ ਮੌਤ ਹੋ ਜਾਣ ਦੀ ਖਬਰ ਹੈ। ਇਸ ਤੋਂ ਇਲਾਵਾ ਪੀੜਤਾਂ ‘ਚੋਂ 7 ਵਿਅਕਤੀਆਂ ਨੂੰ ਸਥਾਨਕ ਸਿਵਲ ਹਸਪਤਾਲ ਵਿਚ ਲਿਜਾਇਆ ਗਿਆ ਜਿੱਥੇ ਉਹਨਾਂ ’ਚੋਂ ਕੁਝ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਪਟਿਆਲਾ ਅਤੇ ਸੰਗਰੂਰ ਵਿਖੇ ਰੈਫਰ ਕਰ ਦਿੱਤਾ ਗਿਆ ਹੈ

ਜਦੋਂ ਕਿ ਕੁਝ ਦੀ ਅੱਖਾਂ ਦੀ ਰੌਸ਼ਨੀ ਵੀ ਚਲੇ ਜਾਣ ਦਾ ਪਤਾ ਲੱਗਿਆ ਹੈ।  ਭਾਵੇਂ ਪੁਲਿਸ ਅਤੇ ਪ੍ਰਸਾਸ਼ਨਿਕ ਅਧਿਕਾਰੀ ਇੰਨ੍ਹਾਂ ਮੌਤਾਂ ਦੇ ਕਾਰਨਾਂ ਦੀ ਪੁਸ਼ਟੀ ਕਰਨ ਤੋਂ ਟਾਲਾ ਵੱਟ ਰਹੇ ਹਨ ਪਰ ਮ੍ਰਿਤਕਾਂ ਦੇ ਪਰਿਵਾਰ ਅਤੇ ਲੋਕਾਂ ਦਾ ਕਹਿਣਾ ਹੈ ਕਿ ਉਕਤ ਵਿਅਕਤੀਆਂ ਨੇ ਮੁੱਲ ਦੀ ਸ਼ਰਾਬ ਲੈ ਕੇ ਪੀਤੀ ਸੀ। ਜਿਸ ਕਾਰਨ ਉਹ ਬਿਮਾਰ ਹੋ ਗਏ ਸਨ ।

ਜ਼ਹਿਰੀਲੀ ਸ਼ਰਾਬ ਪੀਣ ਨਾਲ ਇਨਾਂ ਦੀ ਹੋਈ ਮੌਤ

ਕਥਿਤ ਜ਼ਹਿਰੀਲੀ ਸ਼ਰਾਬ ਪੀ ਕੇ ਮੌਤ ਦੇ ਮੂੰਹ ਵਿਚ ਜਾਣ ਵਾਲਿਆਂ ’ਚੋਂ ਗੁਰਮੀਤ ਸਿੰਘ (45) ਪੁੱਤਰ ਦੇਸ ਰਾਜ, ਲੱਛਾ ਸਿੰਘ (40) ਪੁੱਤਰ ਲੀਲਾ ਸਿੰਘ, ਬੁੱਧ ਸਿੰਘ (70) ਪੁੱਤਰ ਕਾਕਾ ਸਿੰਘ, ਸੇਵਕ (40) ਪੁੱਤਰ ਸੀਤਾ ਅਤੇ ਸਖੀ ਨਾਥ (65) ਪੁੱਤਰ ਮੇਹਰ ਨਾਥ ਸਾਰੇ ਵਾਸੀ ਰਵਿਦਾਸਪੁਰਾ ਟਿੱਬੀ ਸ਼ਾਮਿਲ ਹਨ। ਜਿੰਨ੍ਹਾਂ ’ਚੋਂ ਸਖੀ ਨਾਥ ਸਮਾਣਾ ਦਾ ਰਹਿਣ ਵਾਲਾ ਸੀ ਜੋ ਕਿ ਆਪਣੀ ਰਿਸ਼ਤੇਦਾਰੀ ਵਿਚ ਇੱਥੇ ਮਿਲਣ ਆਇਆ ਹੋਇਆ ਸੀ। Sunam News

ਇਹ ਵੀ ਪੜ੍ਹੋ: ਪਟਵਾਰੀ ਦਾ ਡਰਾਈਵਰ ਪਾ ਰਿਹਾ ਸੀ ਰਿਸ਼ਵਤ ਦਾ ‘ਗੇਅਰ’ ਵਿਜੀਲੈਂਸ ਨੇ ਲਿਆ ਘੇਰ

ਇਸ ਤੋਂ ਇਲਾਵਾ ਜਖੇਪਲ ਵਾਸ ਦਾ ਰਹਿਣ ਵਾਲਾ ਗਿਆਨ ਸਿੰਘ (32) ਪੁੱਤਰ ਗੁਰਮੀਤ ਸਿੰਘ ਦੀ ਵੀ ਸ਼ਰਾਬ ਪੀਣ ਕਾਰਨ ਮੌਤ ਹੋ ਗਈ ਹੈ। ਇਸ ਮਾਮਲੇ ਵਿਚ ਸੁਖਦੇਵ ਸਿੰਘ, ਭੋਲੂ ਸਿੰਘ, ਬੂਟਾ ਸਿੰਘ, ਦਰਸ਼ਨ ਸਿੰਘ, ਰਵੀ ਸਿੰਘ, ਕਰਮਜੀਤ ਸਿੰਘ, ਸਫੀ ਸਿੰਘ ਆਦਿ ਦਾ ਸਿਵਲ ਹਸਪਤਾਲ ਸੁਨਾਮ ‘ਚ ਇਲਾਜ ਲਿਜਾਇਆ ਗਿਆ ਸੀ ਪਰੰਤੂ ਉਹਨਾਂ ਦੀ ਨਾਜੁਕ ਸਥਿਤੀ ਨੂੰ ਦੇਖਦੇ ਹੋਏ ਉਹਨਾਂ ਨੂੰ ਪਟਿਆਲਾ ਅਤੇ ਸੰਗਰੂਰ ਲਈ ਰੈਫਰ ਕਰ ਦਿੱਤਾ ਗਿਆ ਹੈ, ਜਿੰਨ੍ਹਾਂ ਚੋਂ ਕੁਝ ਦੀ ਹਾਲਤ ਨਾਜੁਕ ਬਣੀ ਹੋਈ ਹੈ।

ਇਸ ਦੀ ਜਾਂਚ ਪੂਰੀ ਬਰੀਕੀ ਨਾਲ ਕੀਤੀ ਜਾਵੇਗੀ : ਡੀਐਸਪੀ

Sunam News

ਇਸ ਸਬੰਧੀ ਮੌਕੇ ਪੁੱਜੇ ਡੀਐਸਪੀ ਸੁਨਾਮ ਮਨਦੀਪ ਸਿੰਘ ਸੰਧੂ ਨਾਲ ਗੱਲਬਾਤ ਕਰਨ ’ਤੇ ਉਹਨਾਂ ਨੇ ਕਿਹਾ ਕਿ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਸਾਹਮਣੇ ਆਵੇਗਾ ਉਸ ਦੇ ਮੁਤਾਬਿਕ ਬਣਦੀ ਕਾਰਵਾਈ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਕਿ ਉਹਨਾਂ ਵੱਲੋਂ ਇਸ ਦੀ ਜਾਂਚ ਪੂਰੀ ਬਰੀਕੀ ਨਾਲ ਕੀਤੀ ਜਾਵੇਗੀ। ਇਸ ਸਬੰਧੀ ਐਸਡੀਐਮ ਸੁਨਾਮ ਪ੍ਰਮੋਦ ਸਿੰਗਲਾ ਨੇ ਕਿਹਾ ਕਿ ਇਹ ਬਹੁਤ ਦੁਖਦਾਈ ਘਟਨਾ ਹੈ।

 ਨਸ਼ਾ ਵੇਚਣ ਵਾਲਿਆਂ ਲਈ ਕੋਈ ਚੋਣ ਜ਼ਾਬਤਾ ਨਹੀਂ : ਸੂਬਾ ਪ੍ਰਧਾਨ

ਇਸ ਮੌਕੇ ਨਾਰੀ ਏਕਤਾ ਜਬਰ ਵਿਰੋਧੀ ਫਰੰਟ ਮਜ਼ਦੂਰ ਜਥੇਬੰਦੀ ਦੀ ਸੂਬਾ ਪ੍ਰਧਾਨ ਹਰਪ੍ਰੀਤ ਕੌਰ ਧੂਰੀ ਨੇ ਕਿਹਾ ਕਿ ਸਰਕਾਰਾਂ ਦੇ ਇਸ਼ਾਰੇ ’ਤੇ ਨਸ਼ੇ ਵਿਕ ਰਹੇ ਹਨ ਉਹਨਾਂ ਨੇ ਕਿਹਾ ਕਿ ਚੋਣ ਜ਼ਾਬਤਾ ਸਾਡੇ ਲਈ ਲੱਗੀ ਹੋਈ ਹੈ, ਜਦਕਿ ਨਸ਼ਾ ਵੇਚਣ ਵਾਲਿਆਂ ਲਈ ਕੋਈ ਚੋਣ ਜ਼ਾਬਤਾ ਨਹੀਂ ਹੈ। ਜਦੋਂ ਕੋਈ ਨੌਜਵਾਨ ਪੀੜ੍ਹੀ ਉੱਠ ਕੇ ਰੋਕਦੀ ਹੈ ਤਾਂ ਉਹਨਾਂ ’ਤੇ ਹੀ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ।

ਸ਼ਰਾਬ ਦੇ ਠੇਕੇਦਾਰਾਂ ਨੇ ਕਰਵਾਈ ਅਨਾਊਂਸਮੈਂਟ (Sunam News)

ਸਥਾਨਕ ਸ਼ਹਿਰ ਸੁਨਾਮ ਵਿੱਚ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਇੱਕ ਅਨਾਊਂਸਮੈਂਟ ਕਰਵਾਉਂਦੇ ਹੋਏ ਕਿਹਾ ਗਿਆ ਹੈ ਕਿ ਪਿੰਡ ਗੁੱਜਰਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਸ ਲਈ ਕਿਸੇ ਵੀ ਅਣਅਧਿਕਾਰਤ ਵਿਅਕਤੀ ਤੋਂ ਸ਼ਰਾਬ ਲੈ ਕੇ ਇਸ ਦਾ ਸੇਵਨ ਨਾ ਕਰੋ ਅਤੇ ਜੇਕਰ ਤੁਹਾਡੇ ਆਸ-ਪਾਸ ਕੋਈ ਵਿਅਕਤੀ ਸ਼ਰਾਬ ਦੀ ਤਸਕਰੀ ਕਰਦਾ ਹੈ ਤਾਂ ਇਸਦੀ ਸੂਚਨਾ ਆਬਕਾਰੀ ਵਿਭਾਗ ਜਾਂ ਠੇਕੇਦਾਰ ਨੂੰ ਦਿੱਤੀ ਜਾਵੇ। ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਂਅ ਗੁਪਤ ਰੱਖਿਆ ਜਾਵੇਗਾ।

LEAVE A REPLY

Please enter your comment!
Please enter your name here