ਚਿੱਟੇ ਦਾ ਕਹਿਰ : ਬਾਕਸਿੰਗ ਦੇ ਕੌਮੀ ਖਿਡਾਰੀ ਦੀ ਮੌਤ, ਦੋ ਦੀ ਹਾਲਤ ਗੰਭੀਰ
ਬਠਿੰਡਾ (ਸੁਖਜੀਤ ਮਾਨ) | ਬਠਿੰਡਾ ਜ਼ਿਲ੍ਹੇ ’ਚ ਨਸ਼ਿਆਂ ਦਾ ਕਹਿਰ ਲਗਾਤਾਰ ਵਧ ਰਿਹਾ ਹੈ। ਅੱਜ ਜ਼ਿਲ੍ਹੇ ’ਚ ਇੱਕ ਨੌਜਵਾਨ ਦੀ ਚਿੱਟੇ ਨਾਲ ਮੌਤ ਹੋ ਗਈ ਜਦੋਂਕਿ ਦੋ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮਿ੍ਰਤਕ ਨੌਜਵਾਨ ਬਾਕਸਿੰਗ ਦਾ ਕੌਮੀ ਪੱਧਰ ਦਾ ਖਿਡਾਰੀ ਸੀ। ਹਾਸਿਲ ਹੋਏ ਵੇਰਵਿਆਂ ਮੁਤਾਬਿਕ ਤਲਵੰਡੀ ਸਾਬੋ ਵਿੱਚ ਅੱਜ ਕੌਮੀ ਪੱਧਰ ਦੇ ਬਾਕਸਿੰਗ ਖਿਡਾਰੀ ਕੁਲਦੀਪ ਸਿੰਘ (22) ਪੁੱਤਰ ਪ੍ਰੀਤਮ ਸਿੰਘ ਦੀ ਚਿੱਟੇ ਦੀ ਡੋਜ਼ ਲੈਣ ਕਾਰਨ ਮੌਤ ਹੋ ਗਈ। ਪਤਾ ਲੱਗਿਆ ਹੈ ਕਿ ਕੁਲਦੀਪ ਸਿੰਘ ਨੇ ਬਾਕਸਿੰਗ ਮੁਕਾਬਲਿਆਂ ’ਚ ਦੋ ਸੋਨ ਤਗਮਿਆਂ ਸਮੇਤ 5 ਤਗ਼ਮੇ ਜਿੱਤੇ ਸੀ।
ਨੌਜਵਾਨ ਖਿਡਾਰੀ ਦੀ ਨਸ਼ੇ ਕਾਰਨ ਹੋਈ ਮੌਤ ਕਰਕੇ ਇਲਾਕੇ ’ਚ ਸੋਗ ਦੀ ਲਹਿਰ ਦੌੜ ਗਈ। ਇਸ ਤੋਂ ਇਲਾਵਾ ਬਠਿੰਡਾ ਸ਼ਹਿਰ ’ਚ ਦੋ ਨੌਜਵਾਨਾਂ ਦੀ ਹਾਲਤ ਨਸ਼ੇ ਦੀ ਡੋਜ ਕਾਰਨ ਗੰਭੀਰ ਹੋ ਗਈ, ਜਿੰਨ੍ਹਾਂ ਨੂੰ ਸਮਾਜ ਸੇਵੀ ਸੰਸਥਾਵਾਂ ਦੇ ਵਲੰਟੀਅਰਾਂ ਨੇ ਚੁੱਕ ਕੇ ਸਿਵਲ ਹਸਪਤਾਲ ’ਚ ਇਲਾਜ ਲਈ ਪਹੁੰਚਾਇਆ। ਅੱਜ ਸਵੇਰੇ 7 ਵਜੇ ਸਥਾਨਕ ਦਾਣਾ ਮੰਡੀ ਸਬਜੀ ਮੰਡੀ ’ਚ ਇੱਕ ਨੌਜਵਾਨ ਪਿਆ ਹੋਣ ਦੀ ਸੂਚਨਾ ਸਮਾਜ ਸੇਵੀ ਸੰਸਥਾ ਸਹਾਰਾ ਦੇ ਦਫ਼ਤਰ ਪੁੱਜੀ ਸੀ।
ਸੂਚਨਾ ਮਿਲਦਿਆਂ ਹੀ ਸਹਾਰਾ ਵਰਕਰ ਮੌਕੇ ’ਤੇ ਪੁੱਜੇ ਤਾਂ ਦੇਖਿਆ ਇੱਕ ਨੌਜਵਾਨ ਗੰਭੀਰ ਹਾਲਤ ’ਚ ਪਿਆ ਸੀ। ਨੌਜਵਾਨ ਦੇ ਹੱਥ ’ਚ ਇੱਕ ਟੀਕਾ ਵੀ ਸੀ। ਮੌਕੇ ਦੇ ਹਾਲਾਤਾਂ ਤੋਂ ਜਾਪਦਾ ਸੀ ਕਿ ਨੌਜਵਾਨ ਨੇ ਚਿੱਟੇ ਦਾ ਟੀਕਾ ਲਗਾਇਆ ਸੀ। ਸਹਾਰਾ ਟੀਮ ਦੇ ਹਰਬੰਸ ਸਿੰਘ ਨੇ ਗੰਭੀਰ ਹਾਲਤ ’ਚ ਨੌਜਵਾਨ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ’ਚ ਦਾਖਲ ਕਰਵਾਇਆ। ਨੌਜਵਾਨ ਦੀ ਸ਼ਨਾਖਤ ਸੰਦੀਪ ਸਿੰਘ (33) ਪੁੱਤਰ ਕਾਲਾ ਸਿੰਘ ਵਾਸੀ ਸਬਜੀ ਮੰਡੀ ਬਠਿੰਡਾ ਵਜੋਂ ਹੋਈ।
ਇਸ ਤੋਂ ਇਲਾਵਾ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਬੀਬੀ ਵਾਲਾ ਰੋਡ ’ਤੇ ਕਲਾਕ ਟਾਵਰ ਵਾਲੀ ਗਲੀ ਨੰਬਰ ਇੱਕ ’ਚ ਬੁਲਟ ਮੋਟਰ ਸਾਈਕਲ ਸਵਾਰ ਨੌਜਵਾਨ ਬੇਹੋਸ਼ੀ ਦੀ ਹਾਲਤ ’ਚ ਪਿਆ ਹੋਣ ਦੀ ਸੂਚਨਾ ਮਿਲੀ ਸੀ। ਸੂਚਨਾ ਮਿਲਦਿਆਂ ਹੀ ਸੁਸਾਇਟੀ ਦੇ ਵਲੰਟੀਅਰ ਸਾਹਿਬ ਸਿੰਘ, ਯਾਦਵਿੰਦਰ ਸਿੰਘ ਕੰਗ ਐਂਬੂਲੈਂਸ ਸਮੇਤ ਮੌਕੇ ’ਤੇ ਪੁੱਜੇ। ਨੌਜਵਾਨ ਨੇ ਆਪਣੀ ਬਾਂਹ ’ਚ ਚਿੱਟੇ ਦਾ ਟੀਕਾ ਲਗਾ ਰੱਖਿਆ ਸੀ ਤੇ ਖਾਲੀ ਸਰਿੰਜ ਵੀ ਕੋਲ ਹੀ ਪਈ ਸੀ। ਵਲੰਟੀਅਰਾਂ ਨੇ ਨੌਜਵਾਨ ਨੂੰ ਤੁਰੰਤ ਚੁੱਕ ਕੇ ਸਿਵਲ ਹਸਪਤਾਲ ਪਹੁੰਚਾਇਆ 18 ਸਾਲ ਦੇ ਨੌਜਵਾਨ ਦੀ ਪਹਿਚਾਣ ਬੀਬੀ ਵਾਲਾ ਰੋਡ ਦੇ ਵਾਸੀ ਵਜੋਂ ਹੋਈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ