ਵਿਧਾਨ ਸਭਾ ’ਚ ਬਜਟ ਇਜ਼ਲਾਸ ਅੱਜ ਤੋਂ, ਸਰਕਾਰ ਨੂੰ ਅੰਦਰੋਂ ਅਤੇ ਬਾਹਰੋਂ ਘੇਰਨਗੀਆਂ ਵਿਰੋਧੀ ਧਿਰਾਂ

Vidhan Sabha

ਕਾਂਗਰਸ ਸਰਕਾਰ ਵੱਲੋਂ ਕੀਤੇ ਵਾਅਦੇ ਵਿਰੋਧੀ ਧਿਰਾਂ ਲਈ ਬਣਨਗੇ ਵੱਡੇ ਮੁੱਦੇ

ਪਟਿਆਲਾ,(ਖੁਸ਼ਵੀਰ ਸਿੰਘ ਤੂਰ (ਸੱਚ ਕਹੂੰ))। ਇੱਕ ਮਾਰਚ ਤੋਂ ਸ਼ੁਰੂ ਹੋ ਰਹੇ ਕੈਪਟਨ ਅਮਰਿੰਦਰ ਸਰਕਾਰ ਕਾਰਜਕਾਲ ਦੇ ਵਿਧਾਨ ਸਭਾ ਦੇ ਅੰਤਿਮ ਬਜਟ ਸ਼ੈਸਨ ਦੇ ਪੂਰੀ ਤਰ੍ਹਾਂ ਹੰਗਾਮੇਦਾਰ ਰਹਿਣ ਦੇ ਅਸਾਰ ਹਨ। ਵਿਰੋਧੀ ਧਿਰਾਂ ਵੱਲੋਂ ਇਸ ਬਜਟ ਸ਼ੈਸਨ ਦੌਰਾਨ ਆਮ ਜਨਤਾ ਨਾਲ ਸਬੰਧਿਤ ਅਨੇਕਾਂ ਮੁੱਦੇ ਚੁੱਕ ਕੇ ਸਰਕਾਰ ਨੂੰ ਘੇਰਨ ਦੀ ਤਿਆਰੀ ਕਰ ਲਈ ਹੈ। ਦਿੱਲੀ ਬਾਰਡਰਾਂ ’ਤੇ ਖੇਤੀ ਕਾਨੂੰਨਾਂ ਖਿਲਾਫ਼ ਬੈਠੇ ਪੰਜਾਬ ਦੇ ਕਿਸਾਨਾਂ ਦੇ ਮਸਲੇ ’ਤੇ ਵੀ ਕੈਪਟਨ ਸਰਕਾਰ ਲਈ ਮੁਸੀਬਤ ਖੜ੍ਹੀ ਹੋ ਸਕਦੀ ਹੈ।

ਇਕੱਤਰ ਹੋਈ ਜਾਣਕਾਰੀ ਮੁਤਾਬਿਕ ਚੋਣਾਂ ਤੋਂ ਪਹਿਲਾਂ ਅਮਰਿੰਦਰ ਸਰਕਾਰ ਵੱਲੋਂ ਆਮ ਜਨਤਾ ਨਾਲ ਅਨੇਕਾਂ ਵਾਅਦੇ ਕੀਤੇ ਗਏ ਸਨ, ਜੋ ਕਿ ਸਰਕਾਰ ਲਈ ਗਲੇ ਦੀ ਹੱਡੀ ਬਣ ਸਕਦੇ ਹਨ। ਵਿਰੋਧੀ ਧਿਰ ਆਮ ਆਦਮੀ ਪਾਰਟੀ ਵੱਲੋਂ ਸਰਕਾਰ ਦੇ ਅੰਤਿਮ ਬਜਟ ਸ਼ੈਸਨ ਵਿੱਚ ਜੋ ਮੁੱਦੇ ਉਠਾਉਣੇ ਹਨ, ਉਸ ਸਬੰਧੀ ਪੂਰਾ ਹੋਮਵਰਕ ਕੀਤਾ ਜਾ ਚੁੱਕਾ ਹੈ।

ਪਤਾ ਲੱਗਾ ਹੈ ਕਿ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਵੱਲੋਂ ਕਾਂਗਰਸ ਵੱਲੋਂ ਕੀਤੇ ਕਰਜ਼ਾ ਮੁਆਫ਼ੀ ਦੇ ਵਾਅਦੇ ਸਮੇਤ ਫਸਲਾਂ ’ਤੇ ਘੱਟੋ ਘੱਟ ਸਮੱਰਥਨ ਮੁੱਲ ’ਤੇ ਘੇਰਿਆ ਜਾਵੇਗਾ। ਆਮ ਆਦਮੀ ਪਾਰਟੀ ਵੱਲੋਂ ਸਰਕਾਰ ਨੂੰ ਅਜਿਹਾ ਕਾਨੂੰਨ ਲਿਆਉਣ ਲਈ ਕਿਹਾ ਜਾਵੇਗਾ ਕਿ ਜੋ ਵਪਾਰੀ ਕਿਸਾਨਾਂ ਦੀ ਫਸਲ ਨੂੰ ਤੈਅ ਮੁੱਲ ਤੋਂ ਘੱਟ ਖਰੀਦੇਗਾ ਤਾਂ ਉਸ ਖਿਲਾਫ਼ ਕਾਰਵਾਈ ਹੋਵੇ। ਇਸ ਤੋਂ ਇਲਾਵਾ ਦਲਿੱਤ ਵਿਦਿਆਰਥੀਆਂ ਦੇ ਵਜੀਫ਼ੇ, ਘਰ ਘਰ ਰੁਜ਼ਗਾਰ, ਆਮ ਲੋਕਾਂ ਨੂੰ ਸਸਤੀ ਬਿਜਲੀ ਦੇਣ ਦੇ ਕੀਤੇ ਵਾਅਦੇ, ਮੁਲਾਜ਼ਮਾਂ ਦੇ ਬਕਾਏ ਆਦਿ ਮੁੱਦਿਆਂ ’ਤੇ ਅਮਰਿੰਦਰ ਸਰਕਾਰ ਨੂੰ ਕਟਿਹਰੇ ਵਿੱਚ ਖੜ੍ਹਾ ਕੀਤਾ ਜਾਵੇਗਾ। ਸੱਤਾਧਿਰ ਨੂੰ ਇਨ੍ਹਾਂ ਸਾਰੇ ਮਾਮਲਿਆਂ ’ਤੇ ਆਪਣੀ ਸਫ਼ਾਈ ਦੇਣ ਲਈ ਪੂਰਾ ਜੋਰ ਤਾਣ ਲਾਉਣਾ ਪਵੇਗਾ।

ਇਸ ਤੋਂ ਇਲਾਵਾ ਅਕਾਲੀ ਦਲ ਦਾ ਵੀ ਕਹਿਣਾ ਹੈ ਕਿ ਸਰਕਾਰ ਵੱਲੋਂ ਹੁਣ ਤੱਕ ਕੁਝ ਨਹੀਂ ਕੀਤਾ ਗਿਆ ਅਤੇ ਇਨ੍ਹਾਂ ਸਾਰੇ ਵਾਅਦਿਆਂ ’ਤੇ ਸਰਕਾਰ ਨੂੰ ਆਪਣਾ ਜਵਾਬ ਜ਼ਰੂਰ ਦੇਣਾ ਪਵੇਗਾ। ਹਲਕਾ ਸਨੌਰ ਤੋਂ ਅਕਾਲੀ ਦਲ ਦੇ ਵਿਧਾਇਕ ਹਰਿਦਰਪਾਲ ਸਿੰਘ ਚੰਦੂਮਾਜਰਾ ਦਾ ਕਹਿਣਾ ਹੈ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਹਰ ਬਜਟ ਵਿੱਚ ਅੰਕੜਿਆਂ ਦੀ ਖੇਡ ਖੇਡੀ ਜਾਂਦੀ ਹੈ, ਪਰ ਹੁੰਦਾ ਕੁਝ ਵੀ ਨਹੀਂ। ਆਏ ਸਾਲ ਮੁਲਾਜ਼ਮਾਂ ਨਾਲ ਧੋਖਾ ਕੀਤਾ ਜਾਂਦਾ ਹੈ ਕਿਸਾਨਾਂ ਨੂੰ ਕਰਜ਼ਿਆਂ ’ਤੇ ਨੋਟਿਸ ਅਤੇ ਜ਼ੁਰਮਾਨੇ ਹੋ ਰਹੇ ਹਨ, ਪਰ ਸਰਕਾਰ ਵੱਲੋਂ ਕਰਜ਼ਾ ਮੁਆਫ਼ੀ ਦੀ ਖੇਡ ਖੇਡੀ ਗਈ।

ਵਾਅਦਿਆਂ ਲਈ ਸਰਕਾਰ ਨੂੰ ਦੇਣਾ ਪਵੇਗਾ ਜਵਾਬ : ਹਰਪਾਲ ਚੀਮਾ

ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਆਗੂ ਵਿਧਾਇਕ ਹਰਪਾਲ ਚੀਮਾ ਨੇ ਇਨ੍ਹਾਂ ਸਾਰੇ ਮੁੱਦਿਆਂ ਦੀ ਪੁਸ਼ਟੀ ਕਰਦਿਆਂ ਆਖਿਆ ਕਿ ਸਰਕਾਰ ਤੋਂ ਇਸ ਦਾ ਜਵਾਬ ਮੰਗਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਲਗਭਗ ਸਾਢੇ ਚਾਰ ਸਾਲ ਚੰਡੀਗੜ੍ਹ ’ਚ ਬੈਠ ਕੇ ਹੀ ਕੁਰਸੀ ਦਾ ਆਨੰਦ ਲੈਂਦਿਆਂ ਬਿਤਾ ਦਿੱਤੇ ਹਨ ਅਤੇ ਹੁਣ ਜਨਤਾ ਨੂੰ ਜਵਾਬ ਦੇਣ ਦੀ ਵਾਰੀ ਹੈ।

Minister, Occupation, Opposition, House, Harpal Cheema, Derailed

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਸਰਕਾਰ ਵੱਲੋਂ ਕੀਤੇ ਵਾਅਦਿਆਂ ਸਮੇਤ ਇਨ੍ਹਾਂ ਦੇ ਕਾਰਜਕਾਲ ਵਿੱਚ ਹੋਏ ਘੁਟਾਲਿਆਂ ’ਤੇ ਘੇਰਿਆ ਜਾਵੇਗਾ। ਚੀਮਾ ਨੇ ਕਿਹਾ ਕਿ ਪੰਜਾਬ ਦੇ ਲੋਕ ਅਮਰਿੰਦਰ ਸਰਕਾਰ ਤੋਂ ਪੂਰੀ ਤਰ੍ਹਾਂ ਔਖੇ ਹਨ ਅਤੇ ਜਨਤਾ ਇਸ ਸਰਕਾਰ ਨੂੰ ਸਬਕ ਸਿਖਾਉਣ ਦੇ ਮੂਡ ਵਿੱਚ ਹੈ।

 

 

ਅਕਾਲੀ ਦਲ ਕਰੇਗਾ ਵਿਧਾਨ ਸਭਾ ਦਾ ਘਿਰਾਓ: ਸ਼ਰਨਜੀਤ ਢਿੱਲੋਂ

ਇਸੇ ਤਰ੍ਹਾਂ ਹੀ ਅਕਾਲੀ ਦਲ ਦੇ ਆਗੂ ਸਰਨਜ਼ੀਤ ਸਿੰਘ ਢਿੱਲੋਂ ਦਾ ਕਹਿਣਾ ਹੈ ਕਿ ਅਕਾਲੀ ਦਲ ਵੱਲੋਂ ਕੱਲ੍ਹ ਨੂੰ ਵਿਧਾਨ ਸਭਾ ਦਾ ਘਿਰਾਓ ਕੀਤਾ ਜਾਵੇਗਾ ਅਤੇ ਸਰਕਾਰ ਨੂੰ ਅੰਦਰੋਂ ਅਤੇ ਬਾਹਰੋਂ ਪੂਰੀ ਤਰ੍ਹਾਂ ਘੇਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ੈਸਨ ਵਿੱਚ ਸਾਰਾ ਕੁਝ ਸਰਕਾਰ ਦੇ ਖਿਲਾਫ਼ ਹੀ ਹੈ ਅਤੇ ਕੀਤਾ ਕੱਖ ਵੀ ਨਹੀਂ। ਇਸ ਲਈ ਅਕਾਲੀ ਦਲ ਸਰਕਾਰ ਨੂੰ ਕਿਸੇ ਪਾਸਿਓ ਵੀ ਭੱਜਣ ਨਹੀਂ ਦੇਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨਾਲ ਝੂਠ ਬੋਲ ਕੇ ਅਮਰਿੰਦਰ ਸਿੰਘ ਵੱਲੋਂ ਸਰਕਾਰ ਤਾਂ ਬਣਾ ਲਈ ਗਈ, ਪਰ ਲੋਕਾਂ ਦੇ ਦੁੱਖ ਸੁੱਖ ’ਚ ਸ਼ਰੀਕ ਹੋਣਾ ਭੁੱਲ ਗਏ, ਜਿਸ ਦੀ ਸਜ਼ਾ ਲੋਕ ਦੇਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.