India AI Journey: ਨਵੀਨਤਾ ਤੋਂ ਆਤਮਨਿਰਭਰਤਾ ਤੱਕ: ਭਾਰਤ ਦਾ ਏਆਈ ਸਫ਼ਰ

India AI Journey
India AI Journey: ਨਵੀਨਤਾ ਤੋਂ ਆਤਮਨਿਰਭਰਤਾ ਤੱਕ: ਭਾਰਤ ਦਾ ਏਆਈ ਸਫ਼ਰ

India AI Journey: ਭਾਰਤ ਅੱਜ ਬਣਾਉਟੀ ਬੁੱਧੀ (ਏਆਈ) ਦੇ ਖੇਤਰ ਵਿੱਚ ਇੱਕ ਨਵੀਂ ਕ੍ਰਾਂਤੀ ਦਾ ਸੂਤਰਧਾਰ ਬਣ ਚੁੱਕਾ ਹੈ। ਕੁਝ ਦਹਾਕੇ ਪਹਿਲਾਂ ਤੱਕ ਜਦੋਂ ਇਹ ਤਕਨੀਕ ਸਿਰਫ਼ ਵਿਕਸਤ ਦੇਸ਼ਾਂ ਦੇ ਖੋਜ ਕੇਂਦਰਾਂ ਤੱਕ ਸੀਮਿਤ ਸੀ, ਤਾਂ ਭਾਰਤ ਨੇ ਆਪਣੀ ਕੁਸ਼ਲਤਾ, ਨਵੀਨਤਾ ਤੇ ਨੀਤੀ-ਨਿਰਮਾਣ ਦੀ ਬਦੌਲਤ ਇਸ ਦਿਸ਼ਾ ’ਚ ਉਲਲੇਖਯੋਗ ਪ੍ਰਗਤੀ ਕੀਤੀ ਹੈ। ਭਾਰਤ ਸਰਕਾਰ ਦੀਆਂ ਰਣਨੀਤਕ ਪਹਿਲਕਦਮੀਆਂ, ਸਟਾਰਟਅੱਪ ਪਾਰੀਸਥਿਤਿਕੀ ਤੰਤਰ ਦਾ ਵਿਸਥਾਰ ਅਤੇ ਡਿਜੀਟਲ ਕੁਸ਼ਲਤਾ ਵਿਕਾਸ ਉੱਤੇ ਜ਼ੋਰ ਨੇ ਦੇਸ਼ ਨੂੰ ਵਿਸ਼ਵ ਏਆਈ ਨਕਸ਼ੇ ਉੱਤੇ ਮਜ਼ਬੂਤੀ ਨਾਲ ਸਥਾਪਿਤ ਕਰ ਦਿੱਤਾ ਹੈ। ਹਾਲ ਹੀ ’ਚ ਗੂਗਲ ਨੇ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿੱਚ ਆਪਣਾ ਵਿਸ਼ਾਲ ਏਆਈ ਡਾਟਾ ਸੈਂਟਰ ਸਥਾਪਿਤ ਕਰਨ ਦਾ ਐਲਾਨ ਕੀਤਾ ਹੈ, ਜੋ ਅਮਰੀਕਾ ਦੇ ਬਾਹਰ ਉਸ ਦਾ ਸਭ ਤੋਂ ਵੱਡਾ ਕੇਂਦਰ ਹੋਵੇਗਾ।

ਇਹ ਖਬਰ ਵੀ ਪੜ੍ਹੋ : Faridkot News: ਖਿਡਾਰੀਆਂ ਲਈ ਫਰੀਦਕੋਟ ਦੇ ਵਿਧਾਇਕ ਨੇ 19 ਲੱਖ ਰੁਪਏ ਦੀ ਲਾਗਤ ਨਾਲ ਲੈਸ ਜਿੰਮ ਤਿਆਰ ਕਰਵਾਈ

ਰਾਜਧਾਨੀ ਦਿੱਲੀ ਵਿੱਚ ਕਰਵਾਏ ਇੱਕ ਭਵਿੱਖਬਾਨ ਇਵੈਂਟ ਵਿੱਚ ਕੰਪਨੀ ਨੇ ਅਗਲੇ ਪੰਜ ਸਾਲਾਂ ਵਿੱਚ 15 ਅਰਬ ਡਾਲਰ ਨਿਵੇਸ਼ ਕਰਨ ਦੀ ਯੋਜਨਾ ਦੱਸੀ। ਇਸ ਪ੍ਰੋਗਰਾਮ ਵਿੱਚ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਣ, ਆਈਟੀ ਮੰਤਰੀ ਅਸ਼ਵਨੀ ਵੈਸ਼ਣਵ ਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਵਰਗੇ ਵਰਿਸ਼ਠ ਨੇਤਾ ਮੌਜੂਦ ਸਨ। ਇਹ ਐਲਾਨ ਸਿਰਫ਼ ਇੱਕ ਨਿਵੇਸ਼ ਦਾ ਸੰਕੇਤ ਨਹੀਂ, ਸਗੋਂ ਭਾਰਤ ਵਿੱਚ ਤਕਨੀਕੀ ਆਤਮਨਿਰਭਰਤਾ ਦੇ ਨਵੇਂ ਯੁੱਗ ਦੀ ਸ਼ੁਰੂਆਤ ਹੈ। ਗੂਗਲ ਕਲਾਉਡ ਦੇ ਸੀਈਓ ਥੌਮਸ ਕੁਰੀਅਨ ਨੇ ਦੱਸਿਆ ਕਿ ਭਾਰਤ ਵਿੱਚ ਪਹਿਲਾਂ ਹੀ 14,000 ਤੋਂ ਵੱਧ ਲੋਕ ਗੂਗਲ ਨਾਲ ਜੁੜੇ ਹੋਏ ਹਨ। India AI Journey

ਦੇਸ਼ ਵਿੱਚ ਪੰਜ ਏਆਈ ਲੈਬਾਂ ਸਕ੍ਰਿਯ ਤਰੀਕੇ ਨਾਲ ਕੰਮ ਕਰ ਰਹੀਆਂ ਹਨ। ਵਿਸ਼ਾਖਾਪਟਨਮ ਦਾ ਨਵਾਂ ਕੇਂਦਰ ਇਨ੍ਹਾਂ ਸਾਰੇ ਯਤਨਾਂ ਨੂੰ ਹੋਰ ਮਜ਼ਬੂਤ ਬਣਾਵੇਗਾ, ਜਿਸ ਨਾਲ ਭਾਰਤ ਵਿੱਚ ਕਲਾਉਡ ਇੰਫਰਾਸਟਰਕਚਰ, ਡਾਟਾ ਸਾਲੂਸ਼ਨਾਂ ਤੇ ਏਆਈ ਮਾਡਲਾਂ ਦੇ ਵਿਸਥਾਰ ਨੂੰ ਨਵੀਂ ਰਫ਼ਤਾਰ ਮਿਲੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤ ਹੁਣ ਸਿਰਫ਼ ਏਆਈ ਤਕਨੀਕ ਦਾ ਉਪਭੋਗਤਾ ਨਹੀਂ, ਸਗੋਂ ਇਸ ਦਾ ਨਿਰਮਾਤਾ ਤੇ ਨਵੀਨਤਾ ਕੇਂਦਰ ਬਣ ਰਿਹਾ ਹੈ। ਇਹ ਕੇਂਦਰ ਅਦਾਣੀ ਗਰੁੱਪ ਦੇ ਸਹਿਯੋਗ ਨਾਲ ਸਥਾਪਿਤ ਹੋਵੇਗਾ, ਜਿਸ ਨਾਲ ਇਹ ਸਾਂਝੇਦਾਰੀ ਭਾਰਤ ਦੀ ਉਦਯੋਗਿਕ ਤੇ ਤਕਨੀਕੀ ਸਮਰੱਥਾ ਨੂੰ ਹੋਰ ਮਜ਼ਬੂਤ ਕਰੇਗੀ।

ਗੂਗਲ ਦਾ ਇਹ ਫ਼ੈਸਲਾ ਇਸ ਤੱਥ ਨੂੰ ਸਾਬਤ ਕਰਦਾ ਹੈ ਕਿ ਭਾਰਤ ਦਾ ਬਾਜ਼ਾਰ ਨਾ ਸਿਰਫ਼ ਵਿਸ਼ਾਲ ਹੈ, ਸਗੋਂ ਤਕਨੀਕੀ ਬਦਲਾਅ ਨੂੰ ਅਪਣਾਉਣ ਵਿੱਚ ਵੀ ਮੋਹਰੀ ਹੈ। ਸਰਕਾਰ ਨੇ ਏਆਈ ਮਿਸ਼ਨ ਅਧੀਨ ਅਗਲੇ ਪੰਜ ਸਾਲਾਂ ਲਈ 10,300 ਕਰੋੜ ਰੁਪਏ ਦਾ ਬਜਟ ਤੈਅ ਕੀਤਾ ਹੈ। ਇਸ ਯੋਜਨਾ ਅਧੀਨ 38,000 ਗ੍ਰਾਫਿਕਸ ਪ੍ਰੋਸੈਸਿੰਗ ਯੂਨਿਟਸ (ਜੀਪੀਯੂ) ਦੀ ਸਥਾਪਨਾ ਕੀਤੀ ਗਈ ਹੈ, ਜੋ ਏਆਈ ਖੋਜ ਤੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੀਆਂ। ਭਾਰਤ ਵਿੱਚ ਪ੍ਰਯੋਗਿਤਕੀ ਤੇ ਏਆਈ ਖੇਤਰ ਨਾਲ ਜੁੜੇ ਲਗਭਗ 60 ਲੱਖ ਲੋਕ ਕੰਮ ਕਰ ਰਹੇ ਹਨ। ਇਸ ਸਾਲ ਦੇਸ਼ ਦੇ ਤਕਨੀਕੀ ਖੇਤਰ ਦਾ ਰਾਜਸਵ 280 ਅਰਬ ਡਾਲਰ ਨੂੰ ਪਾਰ ਕਰਨ ਦੀ ਸੰਭਾਵਨਾ ਹੈ।

ਮਾਹਰਾਂ ਦਾ ਮੰਨਣਾ ਹੈ ਕਿ ਸਾਲ 2035 ਤੱਕ ਏਆਈ ਭਾਰਤ ਦੀ ਅਰਥਵਿਵਸਥਾ ਵਿੱਚ ਲਗਭਗ 1.7 ਟ੍ਰਿਲੀਅਨ ਡਾਲਰ ਦਾ ਯੋਗਦਾਨ ਕਰ ਸਕਦਾ ਹੈ। ਅੰਤਰਰਾਸ਼ਟਰੀ ਡਾਟਾ ਕਾਰਪੋਰੇਸ਼ਨ ਅਨੁਸਾਰ ਸਾਲ 2025 ਤੱਕ ਭਾਰਤ ਦਾ ਏਆਈ ਬਾਜ਼ਾਰ 8 ਅਰਬ ਡਾਲਰ ਦੇ ਪੱਧਰ ਨੂੰ ਛੂਹ ਸਕਦਾ ਹੈ। ਵਿਸ਼ਾਖਾਪਟਨਮ ਨੂੰ ਇਸ ਪ੍ਰੋਜੈਕਟ ਲਈ ਚੁਣਨਾ ਵੀ ਰਣਨੀਤਕ ਦ੍ਰਿਸ਼ਟੀ ਤੋਂ ਅਤਿ ਮਹੱਤਵਪੂਰਨ ਫ਼ੈਸਲਾ ਹੈ। ਗੂਗਲ ਦੇ ਸੀਈਓ ਸੁੰਦਰ ਪਿਚਾਈ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਤੋਂ ਬਾਅਦ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ਉੱਤੇ ਲਿਖਿਆ ਕਿ ਵਿਸ਼ਾਖਾਪਟਨਮ ਵਿੱਚ ਏਆਈ ਹੱਬ ਸਥਾਪਿਤ ਕਰਨ ਦਾ ਫ਼ੈਸਲਾ ਭਾਰਤ ਦੀ ਪ੍ਰਗਤੀ ਅਤੇ ਨਵੀਨਤਾ ਪ੍ਰਤੀ ਗੂਗਲ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। India AI Journey

ਇਹ ਕੇਂਦਰ ਗੀਗਾਵਾਟ ਸਕੇਲ ਕੰਪਿਊਟਿੰਗ ਯੋਗਤਾ, ਅੰਤਰਰਾਸ਼ਟਰੀ ਸਬਸੀ ਗੇਟਵੇ ਅਤੇ ਵਿਸ਼ਾਲ ਊਰਜਾ ਅਵਸੰਰਚਨਾ ਨਾਲ ਲੈਸ ਹੋਵੇਗਾ। ਵਰਤਮਾਨ ’ਚ ਦੇਸ਼ ਵਿੱਚ 1,800 ਤੋਂ ਜ਼ਿਆਦਾ ਗਲੋਬਲ ਕੇਪੇਬਿਲਟੀ ਸੈਂਟਰ ਕੰਮ ਕਰ ਰਹੇ ਹਨ, ਜਿਨ੍ਹਾਂ ਵਿੱਚੋਂ 500 ਤੋਂ ਜ਼ਿਆਦਾ ਸਿੱਧੇ ਏਆਈ ਉੱਤੇ ਕੇਂਦ੍ਰਿਤ ਹਨ। ਭਾਰਤ ’ਚ ਲਗਭਗ 1.8 ਲੱਖ ਸਟਾਰਟਅੱਪ ਸਕ੍ਰਿਯ ਹਨ ਅਤੇ ਇਨ੍ਹਾਂ ਵਿੱਚੋਂ ਲਗਭਗ 89 ਫੀਸਦੀ ਆਪਣੇ ਉਤਪਾਦਾਂ ਜਾਂ ਸੇਵਾਵਾਂ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਏਆਈ ਦਾ ਉਪਯੋਗ ਕਰ ਰਹੇ ਹਨ। ਨੈਸਕੌਮ ਦੀ ਰਿਪੋਰਟ ਅਨੁਸਾਰ ਭਾਰਤ ਨੂੰ ‘ਏਆਈ ਐਡਪਸ਼ਨ ਇੰਡੈਕਸ’ ’ਤੇ 4 ਵਿੱਚੋਂ 2.45 ਅੰਕ ਮਿਲੇ ਹਨ, ਜੋ ਇਸ ਗੱਲ ਦਾ ਪ੍ਰਮਾਣ ਹੈ ਕਿ 87 ਫੀਸਦੀ ਭਾਰਤੀ ਉੱਦਮ ਕਿਸੇ ਨਾ ਕਿਸੇ ਰੂਪ ਵਿੱਚ ਏਆਈ ਸਾਧਾਨਾਂ ਨੂੰ ਅਪਣਾ ਚੁੱਕੇ ਹਨ। India AI Journey

ਏਆਈ ਅਪਣਾਉਣ ਵਿੱਚ ਮੋਹਰੀ ਖੇਤਰ ਹਨ-ਉਦਯੋਗਿਕ ਸੈਕਟਰ ਤੇ ਆਟੋਮੋਟਿਵ ਸੈਕਟਰ, ਉਪਭੋਗਤਾ ਵਸਤੂਆਂ ਅਤੇ ਖੁਦਰਾ ਬਾਜ਼ਾਰ, ਬੈਂਕਿੰਗ, ਵਿੱਤੀ ਸੇਵਾਵਾਂ, ਬੀਮਾ ਅਤੇ ਸਿਹਤ ਸੇਵਾ। ਇਹ ਸਾਰੇ ਮਿਲ ਕੇ ਭਾਰਤ ਵਿੱਚ ਏਆਈ ਦੇ ਕੁੱਲ ਮੁੱਲ ਵਿੱਚ ਲਗਭਗ 60 ਫੀਸਦੀ ਦਾ ਯੋਗਦਾਨ ਦੇ ਰਹੇ ਹਨ। ਹਾਲੀਆ ਸਰਵੇਆਂ ਤੋਂ ਇਹ ਵੀ ਪਤਾ ਚੱਲਿਆ ਹੈ ਕਿ ਲਗਭਗ 26 ਫੀਸਦੀ ਭਾਰਤੀ ਕੰਪਨੀਆਂ ਨੇ ਏਆਈ ਪਰਿਪਕਵਤਾ ਦੇ ਉੱਨਤ ਪੱਧਰ ਤੱਕ ਪਹੁੰਚ ਬਣਾ ਲਈ ਹੈ। ਇੰਡੀਆ ਏਆਈ ਮਿਸ਼ਨ ਤੇ ਏਆਈ ਉੱਤਕ੍ਰਿਸ਼ਟਤਾ ਕੇਂਦਰ ਵਰਗੀਆਂ ਸਰਕਾਰੀ ਪਹਿਲਕਦਮੀਆਂ ਇਸ ਬਦਲਾਅ ਦੇ ਕੇਂਦਰ ਵਿੱਚ ਹਨ। ਇਹ ਨਾ ਸਿਰਫ਼ ਕੰਪਿਊਟਿੰਗ ਸ਼ਕਤੀ ਤੱਕ ਪਹੁੰਚ ਵਧਾ ਰਹੀਆਂ ਹਨ।

ਸਗੋਂ ਖੋਜ ਅਤੇ ਨਵੀਨਤਾ ਨੂੰ ਉਤਸ਼ਾਹਿਤ ਵੀ ਕਰ ਰਹੀਆਂ ਹਨ। ਇਨ੍ਹਾਂ ਤੋਂ ਸਟਾਰਟਅੱਪ, ਸਿੱਖਿਆ ਸੰਸਥਾਵਾਂ ਅਤੇ ਸਮਾਜਿਕ ਸੰਗਠਨ ਅਜਿਹੇ ਸਾਧਾਨ ਵਿਕਸਿਤ ਕਰ ਰਹੇ ਹਨ, ਜੋ ਸਿੱਧੇ ਆਮ ਜਨਤਾ ਨੂੰ ਲਾਭ ਪਹੁੰਚਾਉਂਦੇ ਹਨ। ਭਾਰਤ ਦਾ ਟੀਚਾ ਏਆਈ ਨੂੰ ਨਾ ਸਿਰਫ਼ ਸ਼ਕਤੀਸ਼ਾਲੀ ਬਣਾਉਣਾ ਹੈ, ਸਗੋਂ ਇਸ ਨੂੰ ਪਹੁੰਚਯੋਗ, ਕਿਫਾਇਤੀ ਅਤੇ ਨੈਤਿਕ ਦ੍ਰਿਸ਼ਟੀ ਤੋਂ ਜ਼ਿੰਮੇਵਾਰ ਵੀ ਬਣਾਉਣਾ ਹੈ। ਅੱਜ ਭਾਰਤ ਦੁਨੀਆ ਨੂੰ ਇਹ ਸੰਦੇਸ਼ ਦੇ ਰਿਹਾ ਹੈ ਕਿ ਏਆਈ ਸਿਰਫ਼ ਤਕਨੀਕੀ ਪ੍ਰਗਤੀ ਦਾ ਸਾਧਨ ਨਹੀਂ, ਸਗੋਂ ਸਮਾਵੇਸ਼ੀ ਵਿਕਾਸ ਦੀ ਨਵੀਂ ਦਿਸ਼ਾ ਹੈ। ਸਰਕਾਰ ਦੀਆਂ ਦੂਰਦਰਸ਼ੀ ਨੀਤੀਆਂ, ਨਿਵੇਸ਼ਕਾਂ ਦਾ ਵਿਸ਼ਵਾਸ, ਸਟਾਰਟਅੱਪਾਂ ਦੀ ਊਰਜਾ ਅਤੇ ਨੌਜਵਾਨਾਂ ਦੀ ਨਵੀਨਤਾ ਮਿਲ ਕੇ ਭਾਰਤ ਨੂੰ ਏਆਈ ਕ੍ਰਾਂਤੀ ਦਾ ਮੋਹਰੀ ਬਣਾ ਰਹੇ ਹਨ। ਇਹ ਸਿਰਫ਼ ਤਕਨੀਕ ਦੀ ਜਿੱਤ ਨਹੀਂ, ਸਗੋਂ ਉਸ ਭਾਰਤ ਦੀ ਜਿੱਤ ਹੈ ਜੋ ਭਵਿੱਖ ਨੂੰ ਦਿਸ਼ਾ ਦੇਣ ਲਈ ਤਿਆਰ ਹੈ। India AI Journey

(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਸੰਤੋਸ਼ ਕੁਮਾਰ ਭਾਰਗਵ