ਕਮਾਦ ‘ਚੋਂ ਮਿਲੀ ਗਲੀ ਸੜੀ ਲਾਸ਼ | Murder
- ਪੁਲਿਸ ਵੱਲੋਂ ਤਿੰਨ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ | Murder
ਗੁਰਦਾਸਪੁਰ, (ਸੱਚ ਕਹੂੰ ਨਿਊਜ਼)। ਦੀਨਾਨਗਰ ‘ਚ ਇੱਕ ਨੌਜਵਾਨ ਨੂੰ ਚਿੱਟੇ ਦਾ ਟੀਕਾ ਲਗਾ ਕੇ ਮਾਰ ਦਿੱਤੇ ਜਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਦੀ ਮੌਤ ਲਈ ਪੁਲਿਸ ਨੇ ਉਸਦੇ ਤਿੰਨ ਦੋਸਤਾਂ ਖ਼ਿਲਾਫ਼ ਪਰਚਾ ਦਰਜ ਕੀਤਾ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਪ੍ਰਵੇਸ਼ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਅਵਾਂਖਾ ਵਜੋਂ ਹੋਈ ਹੈ। ਮ੍ਰਿਤਕ ਪਿਛਲੇ 6 ਦਿਨਾਂ ਤੋਂ ਲਾਪਤਾ ਸੀ, ਜਿਸਦੀ ਲਾਸ਼ ਅੱਜ ਕਮਾਦ ਦੇ ਖੇਤਾਂ ‘ਚੋਂ ਗਲੀ ਸੜੀ ਹਾਲਤ ‘ਚ ਬਰਾਮਦ ਹੋਈ ਹੈ। (Murder)
ਮ੍ਰਿਤਕ ਦੇ ਪਿਤਾ ਅਸ਼ੋਕ ਕੁਮਾਰ ਅਨੁਸਾਰ ਕੁਝ ਦਿਨ ਪਹਿਲਾਂ ਉਨ੍ਹਾਂ ਦੇ ਲੜਕੇ ਪ੍ਰਵੇਸ਼ ਕੁਮਾਰ ਨੂੰ ਉਸਦੇ ਤਿੰਨ ਦੋਸਤ ਬਲਜਿੰਦਰ ਕੁਮਾਰ ਸ਼ੈਲੀ ਪੁੱਤਰ ਜੋਧ ਰਾਜ, ਕਾਲਾ ਪੁੱਤਰ ਮੋਹਨ ਲਾਲ ਅਤੇ ਗੰਨੀ ਪੁੱਤਰ ਅਸ਼ਵਨੀ ਕੁਮਾਰ (ਤਿੰਨੋਂ ਵਾਸੀ ਪਿੰਡ ਅਵਾਂਖਾ) ਬੁਲਾ ਕੇ ਕਿੱਧਰੇ ਲੈ ਗਏ ਸਨ ਅਤੇ ਬਾਅਦ ‘ਚ ਉਨ੍ਹਾਂ ਦੇ ਲੜਕੇ ਦਾ ਕੋਈ ਸੁਰਾਗ ਨਾ ਲੱਗਾ। ਉਹ ਇਸ ਸਬੰਧੀ ਜਦੋਂ ਵੀ ਤਿੰਨਾਂ ਦੋਸਤਾਂ ਨੂੰ ਪੁੱਛਦੇ ਤਾਂ ਉਹ ਟਾਲਮਟੋਲ ਕਰ ਦਿੰਦੇ। ਬਾਅਦ ‘ਚ ਜਦੋਂ ਇਹ ਮਾਮਲਾ ਪੁਲਿਸ ਦੇ ਧਿਆਨ ‘ਚ ਲਿਆਂਦਾ ਗਿਆ ਤਾਂ ਪੁਲਿਸ ਵੱਲੋਂ ਸਖ਼ਤੀ ਨਾਲ ਪੁੱਛਗਿੱਛ ਕਰਨ ‘ਤੇ ਤਿੰਨਾਂ ਵਿੱਚੋਂ ਇੱਕ ਨੌਜਵਾਨ ਨੇ ਮੰਨਿਆ ਕਿ ਉਨ੍ਹਾਂ ਨੇ ਪ੍ਰਵੇਸ਼ ਕੁਮਾਰ ਨੂੰ ਚਿੱਟੇ ਦਾ ਟੀਕਾ ਲਗਾ ਕੇ ਮਾਰ ਦਿੱਤਾ ਸੀ ਤੇ ਲਾਸ਼ ਪਿੰਡ ਮਦਾਰਪੁਰ ਨੇੜੇ ਕਮਾਦ ਦੇ ਖੇਤਾਂ ‘ਚ ਸੁੱਟ ਦਿੱਤੀ। ਮੁਲਜ਼ਮ ਦੀ ਨਿਸ਼ਾਨਦੇਹੀ ‘ਤੇ ਜਦੋਂ ਪੁਲਿਸ ਨੇ ਕਮਾਦ ‘ਚ ਜਾ ਕੇ ਦੇਖਿਆ ਤਾਂ ਉੱਥੋਂ ਪ੍ਰਵੇਸ਼ ਕੁਮਾਰ ਦੀ ਲਾਸ਼ ਗਲੀ ਸੜੀ ਹਾਲਤ ‘ਚ ਬਰਾਮਦ ਹੋਈ। (Murder)
ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮ੍ਰਿਤਕ ਦੇ ਪਿਤਾ ਅਸ਼ੋਕ ਕੁਮਾਰ ਦੇ ਬਿਆਨਾਂ ‘ਤੇ ਉਕਤ ਤਿੰਨਾਂ ਨੌਜਵਾਨਾਂ ਖ਼ਿਲਾਫ਼ ਧਾਰਾ 364/34 ਆਈਪੀਸੀ ਅਧੀਨ ਮਾਮਲਾ ਦਰਜ ਕਰ ਲਿਆ। ਇਨ੍ਹਾਂ ‘ਚ ਦੋ ਨੌਜਵਾਨ ਗ੍ਰਿਫ਼ਤਾਰ ਕਰ ਲਏ ਗਏ ਹਨ ਜਦਕਿ ਇੱਕ ਫ਼ਰਾਰ ਹੈ। ਐੱਸਐੱਚਓ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਪੂਰੀ ਗੰਭੀਰਤਾ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਤੀਸਰੇ ਮੁਲਜ਼ਮ ਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ।