
ਕੁਲਤਾਰ ਸਿੰਘ ਸੰਧਵਾਂ ਅਤੇ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਲੋਕਾਂ ਨੂੰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਵਧ ਚੜ੍ਹ ਕੇ ਸਹਿਯੋਗ ਦੇਣ ਦਾ ਸੱਦਾ
Free Eye Camp: (ਅਨਿਲ ਲੁਟਾਵਾ) ਅਮਲੋਹ। ਸਿੱਖ ਕੌਮ ਦੇ ਮਹਾਨ ਜਰਨੈਲ, ਰਾਮਗੜ੍ਹੀਆ ਮਿਸਲ ਦੇ ਬਾਨੀ ਅਤੇ ਸਿੱਖ ਰਾਜ ਦੇ ਉਸਰਈਏ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦਿਹਾੜੇ ਨੂੰ ਸਮਰਪਿਤ ਅੱਜ ਅਮਲੋਹ ਵਿਖੇ ਰਾਮਗੜ੍ਹੀਆ ਵੈਲਫੇਅਰ ਫੈਡਰੇਸ਼ਨ ਪੰਜਾਬ ਵੱਲੋਂ ਅੱਖਾਂ ਦੀ ਜਾਂਚ ਸਬੰਧੀ ਮੁਫ਼ਤ ਕੈਂਪ ਲਗਾਇਆ ਗਿਆ । ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਅਤੇ ਰਾਮਗੜ੍ਹੀਆ ਭਾਈਚਾਰੇ ਨੂੰ ਵਧਾਈ ਦਿੱਤੀ।
ਇਹ ਵੀ ਪੜ੍ਹੋ: Storm Rain Alert: ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ’ਚ ਅਲਰਟ ਜਾਰੀ, ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਵੋ ਇਹ ਖਬਰ
ਇਸ ਮੌਕੇ ਸੰਬੋਧਨ ਕਰਦਿਆਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੇ ਜੀਵਨ, ਸਿੱਖ ਇਤਿਹਾਸ ਵਿਚ ਉਹਨਾਂ ਦੀ ਸ਼ਾਨਾਮੱਤੀ ਭੂਮਿਕਾ ਤੇ ਸਿੱਖ ਰਾਜ ਦੀ ਉਸਾਰੀ ਵਿਚ ਯੋਗਦਾਨ ਬਾਰੇ ਜਾਣੂ ਕਰਵਾਇਆ। ਉਹਨਾਂ ਨੇ ਕਿਹਾ ਕਿ ਅਜਿਹੇ ਮਹਾਨ ਯੋਧਿਆਂ ਦੇ ਜੀਵਨ ਬਾਰੇ ਨੌਜਵਾਨ ਪੀੜੀ ਨੂੰ ਜਾਗਰੂਕ ਕਰਨ ਲਈ ਅਜਿਹੇ ਸਮਾਗਮ ਨਿਯਮਤ ਤੌਰ ਉੱਤੇ ਕਰਵਾਏ ਜਾਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੀ ਦੇਣ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਅਤੇ ਉਹ ਸਿੱਖ ਇਤਿਹਾਸ ਦੇ ਵੱਡੇ ਮੀਲ ਪੱਥਰ ਸਨ।
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਵੀ ਲੋਕ ਪੂਰਾ ਸਹਿਯੋਗ ਦੇਣ | Free Eye Camp

ਇਸ ਮੌਕੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਜਿੱਥੇ ਕੌਮ ਦੇ ਇਸ ਮਹਾਨ ਨਾਇਕ ਨੂੰ ਸਿਜਦਾ ਕੀਤਾ ਉੱਥੇ ਹੀ ਰਾਮਗੜੀਆ ਭਾਈਚਾਰੇ ਨੂੰ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੇ ਜਨਮ ਦਿਹਾੜੇ ਦੀ ਦਿਲੋਂ ਮੁਬਾਰਕਬਾਦ ਵੀ ਭੇਂਟ ਕੀਤੀ। ਇਸ ਮੌਕੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਵੀ ਲੋਕਾਂ ਨੂੰ ਵਧ-ਚੜ ਕੇ ਸਹਿਯੋਗ ਦੇਣ ਦਾ ਸੱਦਾ ਦਿੱਤਾ। ਉਹਨਾਂ ਕਿਹਾ ਕਿ ਇਸ ਵੱਡੀ ਸਮਾਜਿਕ ਬੁਰਾਈ ਦੇ ਖਾਤਮੇ ਲਈ ਲੋਕਾਂ ਦੇ ਭਰਪੂਰ ਸਮਰਥਨ ਦੀ ਲੋੜ ਹੈ । ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਕਰਦੇ ਹੋਏ ਕਾਲੀ ਕਮਾਈ ਨਾਲ ਬਣਾਈਆਂ ਜਾਇਦਾਦਾਂ ਨੂੰ ਢਾਇਆ ਜਾ ਰਿਹਾ ਹੈ ਅਤੇ ਨਸ਼ਿਆਂ ਦੀ ਦਲਦਲ ਵਿੱਚ ਫਸੇ ਲੋਕਾਂ ਨੂੰ ਤੰਦਰੁਸਤ ਕਰਨ ਲਈ ਨਸ਼ਾ ਮੁਕਤੀ ਕੇਂਦਰਾਂ ਵਿੱਚ ਇਲਾਜ ਕਰਵਾਇਆ ਜਾ ਰਿਹਾ ਹੈ।
ਕੈਂਪ ਦੌਰਾਨ 500 ਤੋਂ ਵਧੇਰੇ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ
ਸਮਾਗਮ ਦੌਰਾਨ ਵਿਧਾਇਕ ਅਮਲੋਹ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਵੀ ਰਾਮਗੜ੍ਹੀਆ ਭਾਈਚਾਰੇ ਤੇ ਕੈਂਪ ਪ੍ਰਬੰਧਕਾਂ ਨੂੰ ਮੁਬਾਰਕਾਂ ਦਿੱਤੀਆਂ।
ਇਸ ਦੌਰਾਨ ਰਾਮਗੜ੍ਹੀਆ ਵੈਲਫੇਅਰ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ ਜਤਿੰਦਰ ਸਿੰਘ ਰਾਮਗੜ੍ਹੀਆ ਨੇ ਸਾਰੀਆਂ ਪ੍ਰਮੁੱਖ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਵੱਲੋਂ ਦਿਖਾਏ ਮਾਰਗ ਉੱਤੇ ਚਲਦੇ ਹੋਏ ਮਨੁੱਖਤਾ ਦੀ ਭਲਾਈ ਲਈ ਉਪਰਾਲੇ ਜਾਰੀ ਰੱਖੇ ਜਾਣਗੇ। ਕੈਂਪ ਦੌਰਾਨ 500 ਤੋਂ ਵਧੇਰੇ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ। Free Eye Camp
ਇਸ ਮੌਕੇ ਸ਼ਿੰਗਾਰਾ ਸਿੰਘ ਸਲਾਣਾ, ਸਿਕੰਦਰ ਸਿੰਘ ਗੋਗੀ ਪ੍ਰਧਾਨ ਮਿਊਸੀਪਲ ਕਮੇਟੀ ਅਮਲੋਹ,ਚੇਅਰਪਰਸਨ ਸੁਖਵਿੰਦਰ ਕੌਰ ਗਹਿਲੋਤ ਵੈਲਫੇਅਰ ਫੈਡਰੇਸ਼ਨ ਦੇ ਮੀਤ ਪ੍ਰਧਾਨ ਰਜਿੰਦਰ ਸਿੰਘ ਬੱਬੀ, ਸੀਨੀਅਰ ਮੀਤ ਪ੍ਰਧਾਨ ਸਰਬਜੀਤ ਸਿੰਘ, ਜਗਦੀਸ਼ ਸਿੰਘ ਲੋਟੇ, ਕੁਲਵਿੰਦਰ ਸਿੰਘ ਬਿੱਟੂ, ਗਗਨਦੀਪ ਸਿੰਘ,ਕੌਂਸਲਰ ਜਗਤਾਰ ਸਿੰਘ,ਕੌਂਸਲਰ ਲਵਪ੍ਰੀਤ ਸਿੰਘ ਲਵੀ, ਭੁਪਿੰਦਰ ਸਿੰਘ ਮਿੰਟੂ, ਮਨਿੰਦਰ ਸਿੰਘ ਭਾਟੋ , ਯਾਦਵਿੰਦਰ ਸਿੰਘ ਮਾਨਗੜ੍ਹ, ਨਰੇਸ਼ ਸ਼ਰਮਾ, ਮਨੀਸ਼ ਗੁਪਤਾ, ਕੁਲਦੀਪ ਕੁਮਾਰ ਦੀਪਾ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ।