ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਚੱਲ ਰਹੀ ਮੁਫ਼ਤ ਬਿਜਲੀ ਦੀ ਸਕੀਮ ਨੂੰ ਬੰਦ ਕਰਨ ਦੀ ਸਲਾਹ ਦੇਸ਼ ਦੇ ਸਾਬਕਾ ਆਰਥਿਕ ਸਲਾਹਕਾਰ ਅਰਵਿੰਦ ਸੁਬਰਾਮਣੀਅਮ ਵੱਲੋਂ ਪੰਜਾਬ ਸਰਕਾਰ ਨੂੰ ਦਿੱਤੀ ਗਈ ਹੈ। ਇਸ ਸਲਾਹ ਦੇ ਨਾਲ ਹੀ ਸਾਫ਼ ਤੌਰ ’ਤੇ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਦੀਆਂ ਮੁਫ਼ਤ ਸਕੀਮਾਂ ਹਮੇਸ਼ਾ ਹੀ ਸਰਕਾਰੀ ਖਜ਼ਾਨੇ ’ਤੇ ਬੋਝ ਰਹੀਆਂ ਹਨ ਅਤੇ ਇਨ੍ਹਾਂ ਨੂੰ ਬੰਦ ਕੀਤੇ ਬਿਨਾਂ ਖਜ਼ਾਨੇ ਨੂੰ ਵਾਪਸ ਪਟੜੀ ’ਤੇ ਨਹੀਂ ਲਿਆਂਦਾ ਜਾ ਸਕਦਾ । ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਖਜਾਨਾ ਮੰਤਰੀ ਹਰਪਾਲ ਚੀਮਾ ਵੱਲੋਂ ਇਸ ਸਲਾਹ ਬਾਰੇ ਫਿਲਹਾਲ ਕੋਈ ਵੀ ਟਿੱਪਣੀ ਨਹੀਂ ਕੀਤੀ ਗਈ ਮੌਜ਼ੂਦਾ ਸਰਕਾਰ ਇਸ ਸਕੀਮ ਨੂੰ ਬੰਦ ਕਰਨ ਲਈ ਤਿਆਰ ਨਹੀਂ ਆਮ ਆਦਮੀ ਪਾਰਟੀ 300 ਯੂਨਿਟਾਂ ਮੁਫਤ ਬਿਜਲੀ ਦੇ ਵਾਅਦੇ ਨਾਲ ਹੀ ਸਰਕਾਰ ਹੋਂਦ ’ਚ ਆਈ ਹੈ।
ਪੰਜਾਬ ਦੇ ਖਜ਼ਾਨੇ ਨੂੰ ਪਟੜੀ ’ਤੇ ਵਾਪਸ ਲਿਆਉਣ ਲਈ ਜ਼ਰੂਰੀ ਐ ਸਖ਼ਤ ਕਦਮ
ਜਾਣਕਾਰੀ ਅਨੁਸਾਰ ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦੇਸ਼ ਦੇ ਸਾਬਕਾ ਆਰਥਿਕ ਸਲਾਹਕਾਰ ਅਰਵਿੰਦ ਸੁਬਰਾਮਣੀਅਮ ਨਾਲ ਚੰਡੀਗੜ੍ਹ ਵਿਖੇ ਮੀਟਿੰਗ ਕੀਤੀ ਗਈ ਸੀ। ਇਸ ਮੀਟਿੰਗ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਵੱਲੋਂ ਪੰਜਾਬ ਦੀ ਆਰਥਿਕ ਸਥਿਤੀ ’ਤੇ ਚਰਚਾ ਕਰਦੇ ਹੋਏ ਉਨ੍ਹਾਂ ਤੋਂ ਮਦਦ ਮੰਗੀ ਗਈ ਸੀ ਕਿ ਉਹ ਆਪਣੇ ਤਜ਼ਰਬੇ ਨਾਲ ਪੰਜਾਬ ਦੇ ਮੌਜ਼ੂਦਾ ਹਾਲਾਤਾਂ ਨੂੰ ਦੇਖਦੇ ਹੋਏ ਕੁਝ ਸਮਾਂ ਪੰਜਾਬ ਨੂੰ ਦੇਣ ਤਾਂ ਅਰਵਿੰਦ ਸੁਬਰਾਮਣੀਅਮ ਵੱਲੋਂ ਇਸ ਮਾਮਲੇ ਵਿੱਚ ਪੰਜਾਬ ਦੀ ਮਦਦ ਕਰਨ ਦਾ ਭਰੋਸਾ ਦਿੰਦੇ ਹੋਏ ਕਿਹਾ ਗਿਆ ਸੀ ਕਿ ਪੰਜਾਬ ਨੂੰ ਸਭ ਤੋਂ ਪਹਿਲਾਂ ਮੁਫ਼ਤ ਬਿਜਲੀ ਤੋਂ ਆਪਣੇ ਆਪ ਨੂੰ ਦੂਰ ਕਰਨਾ ਪਵੇਗਾ।
Also Read : ਕਿੰਨਾ ਐ ਭਾਖੜਾ, ਪੌਂਗ ਤੇ ਰਣਜੀਤ ਸਾਗਰ ਡੈਮ ’ਚ ਪਾਣੀ ਦਾ ਪੱਧਰ, ਦੇਖੋ ਪਿਛਲੇ ਸਾਲ ਦੇ ਮੁਕਾਬਲੇ ਤਾਜ਼ਾ ਰਿਪੋਰਟ
ਉਨ੍ਹਾਂ ਕਿਹਾ ਸੀ ਕਿ ਮੌਜ਼ੂਦਾ ਸਰਕਾਰ ਤੋਂ ਪਹਿਲਾਂ ਸਿਰਫ਼ ਕਿਸਾਨਾਂ ਨੂੰ ਬਿਜਲੀ ਮੁਆਫ਼ ਸੀ ਅਤੇ ਉਸ ਸਮੇਂ ਵੀ ਦੇਸ਼ ਦੇ ਆਰਥਿਕ ਸਲਾਹਕਾਰਾਂ ਵੱਲੋਂ ਕਿਸਾਨਾਂ ਨੂੰ ਮੁਫ਼ਤ ਬਿਜਲੀ ਬੰਦ ਕਰਨ ਦੀ ਸਲਾਹ ਦਿੱਤੀ ਗਈ ਸੀ ਪਰ ਇਸ ਸਰਕਾਰ ਵਿੱਚ ਤਾਂ ਆਮ ਘਰਾਂ ਨੂੰ ਵੀ ਮੁਫ਼ਤ ਬਿਜਲੀ ਦੀ ਸਹੂਲਤ ਦੇ ਦਿੱਤੀ ਗਈ ਹੈ, ਜਿਸ ਨਾਲ ਸਬਸਿਡੀ ਦਾ ਬੋਝ ਹੀ ਪੰਜਾਬ ਸਰਕਾਰ ’ਤੇ ਕਾਫ਼ੀ ਜ਼ਿਆਦਾ ਵਧ ਗਿਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਸਾਲ ਹੀ ਬੋਝ ਵਧੇਗਾ। ਇਸ ਲਈ ਪੰਜਾਬ ਨੇ ਜੇਕਰ ਤਰੱਕੀ ਵੱਲ ਲੈ ਕੇ ਜਾਣਾ ਹੈ ਅਤੇ ਵਿਕਾਸ ਲਈ ਫੰਡ ਬਾਰੇ ਸੋਚਣਾ ਹੈ ਤਾਂ ਸਭ ਤੋਂ ਪਹਿਲਾਂ ਮੁਫ਼ਤ ਬਿਜਲੀ ਨੂੰ ਬੰਦ ਕਰਨਾ ਪਵੇਗਾ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਉਣ ਵਾਲੇ ਦਿਨਾਂ ਵਿੱਚ ਇੱਕ ਵਾਰ ਫਿਰ ਸਾਬਕਾ ਆਰਥਿਕ ਸਲਾਹਕਾਰ ਅਰਵਿੰਦ ਸੁਬਰਾਮਨੀਅਮ ਨੂੰ ਮਿਲਣਗੇ ਤਾਂ ਕਿ ਭਵਿੱਖ ਬਾਰੇ ਚਰਚਾ ਕੀਤੀ ਜਾ ਸਕੇ।