UPSC Coaching: ਅਪਰੈਲ 2023 ’ਚ ਕੀਤਾ ਗਿਆ ਸੀ ਐਲਾਨ
- ਪੰਜਾਬ ਦੇ 8 ਜ਼ਿਲ੍ਹਿਆਂ ’ਚ ਆਧੁਨਿਕ ਸੈਂਟਰ ਬਣਾਉਣ ਦਾ ਹੋਇਆ ਸੀ ਐਲਾਨ | UPSC Coaching
UPSC Coaching: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਨੌਜਵਾਨਾਂ ਨੂੰ ਮੁਫ਼ਤ ’ਚ ਸੰਘ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ) ਦੇ ਟੈਸਟ ਦੀ ਕੋਚਿੰਗ ਮਿਲਣਾ ਸਿਰਫ਼ ਇੱਕ ਸੁਫ਼ਨਾ ਹੀ ਬਣ ਕੇ ਰਹਿ ਗਿਆ ਹੈ। ਪੰਜਾਬ ਸਰਕਾਰ ਵੱਲੋਂ ਕੀਤੇ ਗਏ ਇਸ ਐਲਾਨ ਨੂੰ ਦੋ 2 ਸਾਲਾਂ ਤੋਂ ਜ਼ਿਆਦਾ ਦਾ ਸਮਾਂ ਬੀਤ ਗਿਆ ਹੈ ਪਰ ਹੁਣ ਤੱਕ ਇਸ ਸਕੀਮ ਨੂੰ ਫਾਈਲਾਂ ਦੇ ਕਾਗਜ਼ਾਂ ਤੋਂ ਬਾਹਰ ਤੱਕ ਨਹੀਂ ਕੱਢਿਆ ਗਿਆ। ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ’ਚ 8 ਕੋਚਿੰਗ ਸੈਂਟਰ ਬਣਾਉਣ ਦਾ ਵਾਅਦਾ ਕੀਤਾ ਗਿਆ ਸੀ ਪਰ ਹੁਣ ਤੱਕ ਪੰਜਾਬ ’ਚ ਇੱਕ ਵੀ ਮੁਫ਼ਤ ਕੋਚਿੰਗ ਸੈਂਟਰ ਨਹੀਂ ਖੁੱਲ੍ਹ ਪਾਇਆ ਹੈ।
ਪੰਜਾਬ ਸਰਕਾਰ ਵੱਲੋਂ ਅਪਰੈਲ 2023 ’ਚ ਐਲਾਨ ਕੀਤਾ ਗਿਆ ਸੀ ਕਿ ਸੂਬੇ ਦੇ ਗਰੀਬ ਤੇ ਮੱਧ ਵਰਗ ਦੇ ਨੌਜਵਾਨ ਵੀ ਉੱਚ ਅਧਿਕਾਰੀ ਬਣਨ ਦਾ ਸੁਫ਼ਨਾ ਦੇਖਦੇ ਹਨ ਪਰ ਨਿੱਜੀ ਕੋਚਿੰਗ ਸੈਂਟਰਾਂ ’ਚ ਮਹਿੰਗੀ ਫੀਸ ਨਾ ਭਰਨ ਕਰਕੇ ਉਹ ਇਸ ਤੋਂ ਵਾਂਝੇ ਰਹਿ ਰਹੇ ਹਨ, ਪਰ ਪੰਜਾਬ ਸਰਕਾਰ ਇਨ੍ਹਾਂ ਨੌਜਵਾਨਾਂ ਲਈ ਮੁਫ਼ਤ ਕੋਚਿੰਗ ਸੈਂਟਰ ਖੋਲ੍ਹਣ ਦੀ ਤਿਆਰੀ ਕਰ ਰਹੀ ਹੈ। ਪੰਜਾਬ ’ਚ ਸ਼ੁਰੂਆਤੀ ਦੌਰ ’ਚ 8 ਕੋਚਿੰਗ ਸੈਂਟਰ ਖੋਲ੍ਹੇ ਜਾਣਗੇ, ਜਿੱਥੇ ਹਰ ਵਰਗ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਮੁਫ਼ਤ ’ਚ ਕੋਚਿੰਗ ਮਿਲੇਗੀ ਤੇ ਇਸ ਦੇ ਨਾਲ ਹੀ ਹੋਸਟਲ ਵੀ ਤਿਆਰ ਕੀਤੇ ਜਾਣਗੇ ਤਾਂ ਕਿ ਘਰਾਂ ’ਚ ਜਾਣ ਦੀ ਥਾਂ ’ਤੇ ਇਹ ਨੌਜਵਾਨ ਹੋਸਟਲ ’ਚ ਰਹਿ ਕੇ ਦਿਨ-ਰਾਤ ਪੜ੍ਹਾਈ ਵੱਲ ਧਿਆਨ ਦੇ ਸਕਣ।
UPSC Coaching
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਪਰੈਲ 2023 ਤੋਂ ਬਾਅਦ ਲਗਾਤਾਰ ਇਹ ਐਲਾਨ ਕੀਤਾ ਜਾ ਰਿਹਾ ਹੈ ਕਿ ਉਨ੍ਹਾਂ ਦੀ ਸਰਕਾਰ ’ਚ 8 ਕੋਚਿੰਗ ਸੈਂਟਰ ਬਣਾਏ ਜਾ ਰਹੇ ਹਨ ਤੇ ਇਨ੍ਹਾਂ ਲਈ ਬਕਾਇਦਾ ਸ਼ਹਿਰਾਂ ਦੀ ਭਾਲ ਵੀ ਕਰ ਲਈ ਗਈ ਹੈ, ਜਿਸ ਵਿੱਚ ਸੰਗਰੂਰ, ਪਟਿਆਲਾ, ਮੁਹਾਲੀ, ਮੋਗਾ ਤੇ ਲੁਧਿਆਣਾ ਸਣੇ ਕੁਝ ਹੋਰ ਸ਼ਹਿਰਾਂ ਨੂੰ ਸ਼ਾਮਲ ਕੀਤਾ ਜਾਏਗਾ। ਪੰਜਾਬ ਸਰਕਾਰ ਤੇ ਖ਼ਾਸ ਕਰਕੇ ਖੁਦ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਗਏ ਇਸ ਐਲਾਨ ਦੇ ਬਾਵਜ਼ੂਦ ਇਸ ਵਾਅਦੇ ਨੂੰ ਲਾਗੂ ਕਰਨ ਲਈ ਕੋਈ ਠੋਸ ਕਦਮ ਪੰਜਾਬ ਸਰਕਾਰ ਵੱਲੋਂ ਨਹੀਂ ਚੁੱਕੇ ਗਏ।
2 ਲੱਖ ਰੁਪਏ ਤੱਕ ਐ ਨਿੱਜੀ ਕੋਚਿੰਗ ਸੈਂਟਰਾਂ ਦੀ ਫੀਸ
ਆਈਏਐੱਸ ਤੇ ਆਈਪੀਐੱਸ ਅਧਿਕਾਰੀ ਬਣਨ ਲਈ ਯੂਪੀਐੱਸਸੀ ਟੈਸਟ ਨੂੰ ਪਾਸ ਕਰਨਾ ਜ਼ਰੂਰੀ ਹੈ ਤੇ ਇਸ ਟੈਸਟ ਦੀ ਤਿਆਰੀ ਕਰਨ ਲਈ ਨੌਜਵਾਨਾਂ ਨੂੰ ਮਹਿੰਗੇ ਕੋਚਿੰਗ ਸੈਂਟਰਾਂ ’ਚ ਦਾਖ਼ਲਾ ਲੈਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਹੁਣ ਤੱਕ ਯੂਪੀਐੱਸਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਨੌਜਵਾਨ ਨਿੱਜੀ ਕੋਚਿੰਗ ਸੈਂਟਰਾਂ ਤੋਂ ਆ ਰਹੇ ਹਨ। ਇਹ ਕੋਚਿੰਗ ਸੈਂਟਰ 2 ਤੋਂ 3 ਲੱਖ ਰੁਪਏ ਫੀਸ ਲੈਂਦੇ ਹਨ। ਮਹਿੰਗੇ ਕੋਚਿੰਗ ਸੈਂਟਰਾਂ ’ਚ ਦਾਖ਼ਲਾ ਨਾ ਲੈ ਸਕਣ ਕਾਰਨ ਮੱਧ ਵਰਗ ਤੇ ਗਰੀਬ ਵਰਗ ਦੇ ਬੱਚੇ ਕੋਚਿੰਗ ਲੈਣ ਤੋਂ ਵਾਂਝੇ ਰਹਿ ਜਾਂਦੇ ਹਨ।
Read Also : ਫਿਰ ਹਿੱਲੀ ਧਰਤੀ, 3.0 ਤੀਬਰਤਾ ਦੇ ਭੂਚਾਲ ਨਾਲ ਦਹਿਸ਼ਤ