Free Bus Service Punjab: ਪੰਜਾਬ ਸਰਕਾਰ ਵੱਲ ਪੀਆਰਟੀਸੀ ਦਾ ਬਕਾਇਆ 400 ਕਰੋੜ ਨੂੰ ਪੁੱਜਿਆ
- ਸਮੇਂ ਸਿਰ ਪੈਸਾ ਜਾਰੀ ਨਾ ਹੋਣ ਕਾਰਨ ਪੀਆਰਟੀਸੀ ਦੀ ਹਾਲਤ ਨਾਜੁਕ ਸਥਿਤੀ ’ਚ | Free Bus Service Punjab
Free Bus Service Punjab: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤਾ ਹੋਇਆ ਔਰਤਾਂ ਦੇ ਮੁਫ਼ਤ ਬੱਸ ਸਫ਼ਰ ਦਾ ਭਾਰ ਪੀਆਰਟੀਸੀ ’ਤੇ ਵਧਦਾ ਹੀ ਜਾ ਰਿਹਾ ਹੈ। ਪੀਆਰਟੀਸੀ ਵੱਲੋਂ ਸਰਕਾਰ ਕੋਲੋਂ ਇਕੱਲਾ ਔਰਤਾਂ ਦੇ ਮੁਫ਼ਤ ਬੱਸ ਸਫ਼ਰ ਦਾ ਬਕਾਇਆ 400 ਕਰੋੜ ’ਤੇ ਪੁੱਜ ਗਿਆ ਹੈ। ਸਰਕਾਰ ਵੱਲੋਂ ਪੀਆਰਟੀਸੀ ਨੂੰ ਸਮੇਂ ਸਿਰ ਬਣਦੀ ਰਾਸ਼ੀ ਨਾ ਮਿਲਣ ਕਾਰਨ ਆਪਣੀ ਗੱਡੀ ਰੋੜਨੀ ਔਖੀ ਹੋ ਰਹੀ ਹੈ।
Read Also : Weather Update Punjab: ਪੰਜਾਬ ’ਚ ਹੁਣ ਜ਼ੋਰ ਫੜੇਗੀ ਠੰਢ, 15 ਜ਼ਿਲ੍ਹਿਆਂ ਲਈ ਅਲਰਟ ਹੋਇਆ ਜਾਰੀ
ਦੱਸਣਯੋਗ ਹੈ ਕਿ ਔਰਤਾਂ ਨੂੰ ਮੁਫ਼ਤ ਬੱਸ ਸਫ਼ਰ ਦੀ ਇਹ ਸਕੀਮ ਕੈਪਟਨ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸੀ, ਜੋ ਕਿ ਬਾਕੀ ਸਰਕਾਰਾਂ ਲਈ ਗਲੇ ਦੀ ਹੱਡੀ ਬਣੀ ਹੋਈ ਹੈ। ਪੀਆਰਟੀਸੀ ਦੀਆਂ ਲਾਰੀਆਂ ਰਾਹੀਂ ਪੰਜਾਬ ਦੀਆਂ ਔਰਤਾਂ ਵੱਲੋਂ ਇੱਕ ਦਿਨ ਵਿੱਚ ਸਵਾ ਸੌਂ ਕਰੋੜ ਤੱਕ ਦਾ ਮੁਫ਼ਤ ਸਫ਼ਰ ਕੀਤਾ ਜਾ ਰਿਹਾ ਹੈ। ਆਏ ਮਹੀਨੇ ਹੀ ਪੀਆਰਟੀਸੀ ਵੱਲੋਂ ਸਰਕਾਰ ਕੋਲ 35 ਕਰੋੜ ਰੁਪਏ ਤੋਂ ਵੱਧ ਦੇ ਬਿਲ ਭੇਜੇ ਜਾ ਰਹੇ ਹਨ, ਪਰ ਸਰਕਾਰ ਵੱਲੋਂ ਇਹ ਰਕਮ ਸਮੇਂ ਸਿਰ ਨਹੀਂ ਦਿੱਤੀ ਜਾ ਰਹੀ, ਜਿਸ ਕਾਰਨ ਵੱਧਦੀ-ਵੱਧਦੀ ਇਹ ਰਕਮ 400 ਕਰੋੜ ਰੁਪਏ ’ਤੇ ਪੁੱਜ ਗਈ ਹੈ।
ਇੱਕ ਦਿਨ ’ਚ ਔਰਤਾਂ ਸਵਾ ਸੌ ਕਰੋੜ ਦਾ ਕਰ ਰਹੀਆਂ ਨੇ ਮੁਫ਼ਤ ਬੱਸ ਸਫ਼ਰ | Free Bus Service Punjab
ਪਤਾ ਲੱਗਾ ਹੈ ਕਿ ਸਰਕਾਰ ਵੱਲੋਂ ਜੁਲਾਈ ਮਹੀਨੇ ਵਿੱਚ 100 ਕਰੋੜ ਰੁਪਏ ਜਾਰੀ ਕੀਤਾ ਗਿਆ ਸੀ ਅਤੇ ਉਸ ਤੋਂ ਬਾਅਦ 3 ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਸਰਕਾਰ ਵੱਲੋਂ ਅਜੇ ਤੱਕ ਕੋਈ ਪੈਸਾ ਜਾਰੀ ਨਹੀਂ ਕੀਤਾ ਗਿਆ। ਪੀਆਰਟੀਸੀ ਦੀ ਫਿਕਰ ਇੱਥੇ ਹੀ ਨਹੀਂ ਮੁੱਕ ਰਹੀ ਇਸ 400 ਕਰੋੜ ਤੋਂ ਇਲਾਵਾ ਬਾਕੀ ਕੈਟਾਗਰੀਆਂ ਨੂੰ ਮਿਲਣ ਵਾਲੀ ਮੁਫ਼ਤ ਸੇਵਾ ਦੇ 100 ਕਰੋੜ ਰੁਪਏ ਵੱਖਰੇ ਸਰਕਾਰ ਵੱਲ ਖੜ੍ਹੇ ਹਨ। ਸਰਕਾਰ ਪੀਆਰਟੀਸੀ ਨੂੰ ਤਨਖਾਹਾਂ ਸਮੇਤ ਹੋਰ ਕੰਮ ਚਲਾਉਣ ਲਈ ਕੁਝ ਰਾਸ਼ੀ ਜਾਰੀ ਕਰਕੇ ਆਕਸੀਜ਼ਨ ਦੇ ਦਿੰਦੀ ਹੈ ਅਤੇ ਉਸ ਤੋਂ ਬਾਅਦ ਪੀਆਰਟੀਸੀ ਦੀ ਮੁੜ ਸਰਕਾਰ ਵੱਲ ਝਾਕ ਸ਼ੁਰੂ ਹੋ ਜਾਂਦੀ ਹੈ।
ਇੱਕ ਅਧਿਕਾਰੀ ਦਾ ਕਹਿਣਾ ਸੀ ਕਿ ਉਨ੍ਹਾਂ ਵੱਲੋਂ ਸਰਕਾਰ ਨੂੰ ਸਮੇਂ ਸਿਰ ਮੁਫ਼ਤ ਬੱਸ ਸਫ਼ਰ ਦੇ ਬਿਲ ਭੇਜ ਦਿੱਤੇ ਜਾਂਦੇ ਹਨ, ਪਰ ਪੈਸੇ ਜਾਰੀ ਕਰਨ ਵਿੱਚ ਹਰ ਵਾਰ ਦੇਰੀ ਹੋ ਜਾਂਦੀ ਹੈ। ਉਂਝ ਉਨ੍ਹਾਂ ਕਿਹਾ ਕਿ ਸਰਕਾਰ ਨਾਲ ਲਗਾਤਾਰ ਰਾਬਤਾ ਕਾਇਮ ਕੀਤਾ ਹੋਇਆ ਹੈ ਅਤੇ ਜਲਦ ਪੈਸੇ ਮਿਲਣ ਦੀ ਆਸ ਹੈ। ਦੱਸਣਯੋਗ ਹੈ ਕਿ ਔਰਤਾਂ ਦੇ ਇਹ ਮੁਫ਼ਤ ਬੱਸ ਸਫ਼ਰ ਦਾ ਪੈਸਾ ਸ਼ੁਰੂ ਤੋਂ ਹੀ ਸਰਕਾਰ ਵੱਲ ਪੈਡਿੰਗ ਆਉਂਦਾ ਆ ਰਿਹਾ ਹੈ। ਪੀਆਰਟੀਸੀ ਦੀਆਂ ਵੱਖ ਵੱਖ ਜਥੇਬੰਦੀਆਂ ਵੱਲੋਂ ਵੀ ਸਰਕਾਰ ਨੂੰ ਉਕਤ ਪੈਸੇ ਜਾਰੀ ਕਰਨ ਲਈ ਜਗਾਇਆ ਜਾਂਦਾ ਹੈ ਅਤੇ ਧਰਨੇ ਪ੍ਰਦਰਸ਼ਨ ਕੀਤੇ ਜਾਂਦੇ ਹਨ।
ਸਰਕਾਰ ਫੌਰੀ ਤੌਰ ’ਤੇ ਪੀਆਰਟੀਸੀ ਦਾ ਪੈਸਾ ਜਾਰੀ ਕਰੇ: ਨਿਰਮਲ ਧਾਲੀਵਾਲ
ਇਸ ਸਬੰਧੀ ਪੀਆਰਟੀਸੀ ਵਰਕਰਜ਼ ਐਕਸ਼ਨ ਕਮੇਟੀ ਦੇ ਕਨਵੀਨਰ ਨਿਰਮਲ ਸਿੰਘ ਧਾਲੀਵਾਲ ਦਾ ਕਹਿਣਾ ਹੈ ਕਿ ਸਰਕਾਰ ਪੀਆਰਟੀਸੀ ਦਾ ਬਣਦਾ 400 ਕਰੋੜ ਰੁਪਏ ਫੋਰੀ ਤੌਰ ’ਤੇ ਜਾਰੀ ਕਰੇ। ਉਨ੍ਹਾਂ ਕਿਹਾ ਕਿ ਸਰਕਾਰਾਂ ਜੀ ਸਦਕੇ ਲੋਕਾਂ ਨੂੰ ਮੁਫ਼ਤ ਸਹੂਲਤਾਂ ਦੇਣ, ਪਰ ਅਜਿਹੇ ਅਦਾਰਿਆਂ ਨੂੰ ਉਨ੍ਹਾਂ ਦੀ ਬਣਦੀ ਰਕਮ ਸਮੇਂ ਸਿਰ ਮੁਹੱਈਆ ਵੀ ਕਰਵਾਏ। ਧਾਲੀਵਾਲ ਨੇ ਆਖਿਆ ਕਿ ਮੌਜੂਦਾ ਸਮੇਂ ਨਵੀਆਂ ਬੱਸਾਂ ਦੀ ਵਧੇਰੇ ਜ਼ਰੂਰਤ ਹੈ ਨਾ ਤਾਂ ਇਸ ਸਰਕਾਰ ਕੋਲੋਂ ਨਵੀਆਂ ਬੱਸਾਂ ਪਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੀਆਰਟੀਸੀ ਦੀ ਮੌਜੂਦਾ ਆਰਥਿਕ ਸਥਿਤੀ ਕਾਫ਼ੀ ਡਾਵਾਂਡੋਲ ਬਣੀ ਹੋਈ ਹੈ।