Teacher Scam Punjab: ਮੁੱਖ ਮੰਤਰੀ ਦਫ਼ਤਰ ਦਾ ਨਾਂਅ ਵਰਤ ਕੇ ਮੁੱਖ ਅਧਿਆਪਕਾਂ ਨਾਲ ਮਾਰੀ ਹਜ਼ਾਰਾਂ ਦੀ ਠੱਗੀ, ਮਾਮਲਾ ਦਰਜ

Fraud News

ਮੁੱਖ ਅਧਿਆਪਕਾ ਰਮਨਪ੍ਰੀਤ ਕੌਰ ਨੇ ਇਸ ਧੋਖਾਧੜੀ ਦੀ ਸਾਈਬਰ ਕਰਾਇਮ ’ਚ ਦਰਖਾਸ਼ਤ ਦੇ ਕੇ ਇਨਸਾਫ਼ ਦੀ ਮੰਗ ਕੀਤੀ

Teacher Scam Punjab: (ਅਸ਼ੋਕ ਗਰਗ) ਬਠਿੰਡਾ। ਬਠਿੰਡਾ ਜ਼ਿਲ੍ਹੇ ਦੇ ਪਿੰਡ ਸੇਲਬਰਾਹ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ’ਚ ਤੈਨਾਤ ਮੁੱਖ ਅਧਿਆਪਕਾ ਨਾਲ ਮੁੱਖ ਮੰਤਰੀ ਦੇ ਦਫਤਰ ’ਚੋਂ ਫੋਨ ਦਾ ਕਹਿ ਕੇ ਅਨੋਖੇ ਢੰਗ ਨਾਲ ਹਜ਼ਾਰਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਸਾਈਬਰ ਕਰਾਈਮ ਥਾਣਾ ਪੁਲਿਸ ਨੇ ਮੁੱਖ ਅਧਿਆਪਕਾ ਰਮਨਪ੍ਰੀਤ ਕੌਰ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ।

ਇਸ ਮਾਮਲੇ ਸਬੰਧੀ ਮੁੱਖ ਅਧਿਆਪਕਾ ਨੇ ਪੁਲਿਸ ਨੂੰ ਦੱਸਿਆ ਕਿ 23 ਜੂਨ ਨੂੰ ਉਨ੍ਹਾਂ ਦੇ ਫੋਨ ’ਤੇ ਕਾਲ ਆਈ, ਜੋ ਆਪਣੇ-ਆਪ ਨੂੰ ਸੀਐੱਮ ਹਾਊਸ ’ਚੋਂ ਬੋਲ ਰਿਹਾ ਕਹਿ ਰਿਹਾ ਸੀ ਅਤੇ ਕਿਹਾ ਕਿ ਤੁਹਾਡੇ ਸਕੂਲ ਨੂੰ 50 ਹਜ਼ਾਰ ਰੁਪਏ ਕੰਪੋਜੈਟ ਗ੍ਰਾਂਟ ਆਈ ਹੈ, ਜਿਸ ਨੂੰ ਉਨ੍ਹਾਂ ਅੱਧੀ ਸਕੂਲ ਵਿਚ ਵਰਤ ਲਈ ਤੇ ਅੱਧੀ ਦਾ ਗਬਨ ਕਰ ਲਿਆ ਜਿਸ ਕਾਰਨ ਉਨ੍ਹਾਂ ਦੀ ਇੰਨਕੁਆਰੀ ਲੱਗੀ ਹੈ। ਉਨ੍ਹਾਂ ਦੱਸਿਆ ਕਿ ਉਕਤ ਫੋਨ ਕਰਨ ਵਾਲੇ ਵਿਅਕਤੀ ਨੇ ਕਿਹਾ ਕਿ ਜੇਕਰ ਤੁਸੀ ਸਰਵਿਸ ’ਚ ਰਹਿ ਕੇ ਇੰਨਕੁਆਰੀ ਕਰਵਾਉਣਾ ਚਾਹੁੰਦੇ ਹੋ ਤਾਂ ਗਰਾਂਟ ਦੇ 50 ਫੀਸਦੀ ਪੈਸੇ ਜਮ੍ਹਾਂ ਕਰਵਾ ਦਿਓ ਅਤੇ ਉਕਤ ਵਿਅਕਤੀ ਨੇ ਖਾਤਾ ਨੰਬਰ ਵੀ ਨੋਟ ਕਰਵਾ ਦਿੱਤਾ ਅਤੇ ਨਾਲ ਹੀ ਧਮਕੀ ਦਿੱਤੀ ਕਿ ਜੇਕਰ ਰੁਪਏ ਜਮ੍ਹਾਂ ਨਾ ਕਰਵਾਏ ਤਾਂ ਡੀਡੀਓ ਦਫਤਰ ਕੋਲੋਂ ਆਪਣਾ ਸਸਪੈਸ਼ਨ ਆਰਡਰ ਲੈ ਲਓ।

ਇਹ ਵੀ ਪੜ੍ਹੋ: Opium Smuggling: ਰਾਜਸਥਾਨ ਤੋਂ ਤਸਕਰੀ ਕਰਨ ਆਇਆ ਨੌਜਵਾਨ ਡੇਢ ਕਿੱਲੋ ਅਫੀਮ ਸਮੇਤ ਪੁਲਿਸ ਵੱਲੋਂ ਕਾਬੂ

ਮੁੱਖ ਅਧਿਆਪਕਾ ਨੇ ਅੱਗੇ ਦੱਸਿਆ ਕਿ ਉਸ ਨੇ ਇਸ ਡਰੋਂ ਆਪਣੇ ਲੜਕੇ ਦੇ ਬੈਂਕ ਖਾਤੇ ਵਿੱਚੋਂ ਫੋਨ ਕਰਨ ਵਾਲੇ ਵਿਅਕਤੀ ਨੂੰ ਦੋ ਵਾਰ 25-25 ਹਜ਼ਾਰ ਰੁਪਏ ਗੂਗਲ ਪੇਅ ਕਰਵਾ ਦਿੱਤੇ । ਇਸ ਤੋਂ ਬਾਅਦ ਉਕਤ ਵਿਅਕਤੀ ਹੋਰ ਪੈਸਿਆਂ ਦੀ ਮੰਗ ਕਰਨ ਲੱਗ ਪਿਆ ਜਿਸ ਤੋਂ ਬਾਅਦ ਮੁੱਖ ਅਧਿਆਪਕਾ ਨੂੰ ਪਤਾ ਲੱਗਿਆ ਕਿ ਉਸ ਨਾਲ ਧੋਖਾਧੜੀ ਹੋ ਰਹੀ ਹੈ। ਮੁੱਖ ਅਧਿਆਪਕਾ ਰਮਨਪ੍ਰੀਤ ਕੌਰ ਨੇ ਇਸ ਧੋਖਾਧੜੀ ਦੀ ਸਾਈਬਰ ਕਰਾਇਮ ’ਚ ਦਰਖਾਸ਼ਤ ਦੇ ਕੇ ਇਨਸਾਫ਼ ਦੀ ਮੰਗ ਕੀਤੀ ਹੈ। ਸਾਈਬਰ ਕਰਾਈਮ ਥਾਣਾ ਦੇ ਇੰਸਪੈਕਟਰ ਮੈਡਮ ਸੁਖਵੀਰ ਕੌਰ ਨੇ ਦੱਸਿਆ ਕਿ ਮੁੱਖ ਅਧਿਆਪਕਾ ਦੇ ਬਿਆਨਾਂ ’ਤੇ ਫੋਨ ਕਰਨ ਵਾਲੇ ਨਾਮੂਲਮ ਵਿਅਕਤੀ ਖਿਲਾਫ ਮੁਕੱਦਮਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। Teacher Scam Punjab