ਪਲਾਟ ਦਾ ਨਕਲੀ ਇਕਰਨਾਮਾ ਬਣਾ ਕੇ ਮਾਰੀ 21 ਲੱਖ ਰੁਪਏ ਦੀ ਠੱਗੀ
(ਸੱਚ ਕਹੂੰ ਨਿਊਜ਼) ਲੁਧਿਆਣਾ। Fake Papers Of Plot ਜ਼ਿਲ੍ਹਾ ਲੁਧਿਆਣਾ ਦੀ ਪੁਲਿਸ ਨੇ ਜ਼ਾਅਲੀ ਇਕਰਾਰਨਾਮੇ ਸਹਾਰੇ 21 ਲੱਖ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਵਿੱਚ 9 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਰੋਹਿਤ ਦੱਤਾ ਪੁੱਤਰ ਰਣਧੀਰ ਦੱਤਾ ਵਾਸੀ ਫੋਕਲ ਪੁਆਇੰਟ ਲੁਧਿਆਣਾ ਨੇ ਦੱਸਿਆ ਕਿ ਉਸ ਨੇ 485 ਵਰਗ ਗਜ ਦਾ ਇੱਕ ਰਿਹਾਇਸ਼ੀ ਪਲਾਟ ਜੋ ਪਿੰਡ ਬਾੜੇਵਾਲ ਅਬਾਦੀ ਰਾਜਗੁਰੂ ਨਗਰ ਲੁਧਿਆਣਾ ਵਿਖੇ ਖਰੀਦਿਆ ਸੀ, ਲਈ ਰਾਜੇਸ਼ ਗੁਪਤਾ ਵਾਸੀ ਟਿਵਿਨ ਟਾਵਰ ਓਮੈਕਸ ਫਲੈਟਸ ਪੱਖੋਵਾਲ ਰੋਡ ਲੁਧਿਆਣਾ, ਗਗਨ ਸਰੀਨ ਵਾਸੀ ਸਰਾਭਾ ਨਗਰ, ਪਰਮਿੰਦਰ ਸਿੰਘ ਵਾਸੀ ਸ਼ਹੀਦ ਕਰਨੈਲ ਸਿੰਘ ਨਗਰ, ਸੰਜੀਵ ਕੁਮਾਰ ਉਰਫ਼ ਬਿੱਟੂ ਵਾਸੀ ਨਾਨਕ ਨਗਰ, ਸੁਰਿੰਦਰ ਕੁਮਾਰ ਉਰਫ਼ ਬੱਬੀ ਵਾਸੀ ਰਾਜਗੁਰੂ ਨਗਰ, ਵੀਰ ਸਿੰਘ ਵਾਸੀ ਮੁਕਤਸਰ, ਮਾਲਾ ਸਰਪੰਚ, ਮੋਨੂੰ ਖਾਨ ਤੇ ਚਰਨਜੀਤ ਸਿੰਘ ਉਰਫ਼ ਚੰਨੀ ਵਾਸੀਆਨ ਨਾਮਲੂਮ ਮਿਲੀਭੁਗਤ ਕਰਕੇ ਉਸਨੂੰ ਜ਼ਾਅਲੀ ਇਕਰਾਰਨਾਮਾ ਦੇ ਦਿੱਤਾ ਅਤੇ ਉਸ ਪਾਸੋਂ 21 ਲੱਖ ਰੁਪਏ ਦੀ ਰਕਮ ਹਾਸਲ਼ ਕਰ ਲਈ।
ਇਹ ਵੀ ਪੜ੍ਹੋ: ਵੱਡੀ ਗਿਣਤੀ ’ਚ ਪੁਲਿਸ ਅਧਿਕਾਰੀਆਂ ਦੇ ਕੀਤੇ ਤਬਾਦਲੇ
ਰੋਹਿਤ ਦੱਤਾ ਮੁਤਾਬਕ ਉਕਤ ਨੇ ਉਸ ਨਾਲ 15 ਮਾਰਚ 2024 ਨੂੰ ਰਜਿਸਟਰੀ ਕਰਵਾਉਣਾ ਮੁਕਰੱਰ ਕੀਤਾ ਸੀ ਪਰ ਤੈਅ ਸਮੇਂ ’ਤੇ ਉਸਨੂੰ ਰਿਹਾਇਸ਼ੀ ਪਲਾਟ ਦੀ ਰਜਿਸਟਰੀ ਨਹੀਂ ਕਰਵਾਈ। ਇਸ ਲਈ ਉਕਤ ਖਿਲਾਫ਼ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਮਾਮਲੇ ਦੇ ਤਫ਼ਤੀਸੀ ਅਫ਼ਸਰ ਹਰਦੀਪ ਸਿੰਘ ਦਾ ਕਹਿਣਾ ਹੈ ਕਿ ਰੋਹਿਤ ਦੱਤਾ ਦੀ ਸ਼ਿਕਾਇਤ ’ਤੇ 9 ਵਿਅਕਤੀਆਂ ਖਿਲਾਫ਼ ਮੁਕੱਦਮਾ ਦਰਜ਼ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਫ਼ਿਲਹਾਲ ਜਾਂਚ ਜਾਰੀ ਹੈ, ਜਲਦ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।