ਕਲੀਨਿਕ ਡਾਕਟਰ ਖਿਲਾਫ਼ ਸੰਯੁਕਤ ਕਮਿਸ਼ਨਰ ਨਗਰ ਨਿਗਮ ਦੀ ਸ਼ਿਕਾਇਤ ’ਤੇ ਪੁਲਿਸ ਵੱਲੋਂ ਮਾਮਲਾ ਦਰਜ਼ | Fraud News
ਲੁਧਿਆਣਾ (ਜਸਵੀਰ ਸਿੰਘ ਗਹਿਲ)। ਸਥਾਨਕ ਸ਼ਹਿਰ ’ਚ ਇੱਕ ਕਲੀਨਿਕ ਚਾਲਕ ਡਾਕਟਰ ਵੱਲੋਂ ਦੋ ਪਰਿਵਾਰਾਂ ਨੂੰ ਨਗਰ ਨਿਗਮ ਦੇ ਫਲੈਟਾਂ ਦੇ ਜ਼ਾਅਲੀ ਅਲਾਟਮੈਂਟ ਲੈਟਰ ਦੇ ਕੇ 60- 60 ਹਜ਼ਾਰ ਦੀ ਨਕਦੀ ਹਾਸਲ਼ ਕਰ ਲਈ। ਮਾਮਲਾ ਸਾਹਮਣੇ ਆਉਣ ’ਤੇ ਨਿਗਮ ਅਧਿਕਾਰੀਆਂ ਦੀ ਸ਼ਿਕਾਇਤ ’ਤੇ ਸਬੰਧਿਤ ਡਾਕਟਰ ਖਿਲਾਫ਼ ਪੁਲਿਸ ਵੱਲੋਂ ਮੁਕੱਦਮਾ ਦਰਜ਼ ਕਰ ਲਿਆ ਗਿਆ ਹੈ। (Fraud News)
ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਸ਼ਿਕਾਇਤ ਸੰਯੁਕਤ ਕਮਿਸਨਰ ਨੇ ਦੱਸਿਆ ਕਿ ਮੁਹੱਲਾ ਸੁੰਦਰ ਨਗਰ ਪਿੰਡ ਲੁਹਾਰਾ ਦੇ ਰਹਿਣ ਵਾਲੇ ਰਾਮ ਧੀਰਜ ਅਤੇ ਸਾਂਤੀ ਦੇਵੀ ਡਾ. ਰਵੀ ਦੇ ਕੋਲ ਉਸ ਦੇ ਬਾਪੂ ਮਾਰਕੀਟ ’ਚ ਸਥਿੱਤ ਕਲੀਨਿਕ ’ਚ ਦਵਾਈ ਲੈਣ ਲਈ ਆਉਂਦੇ ਰਹਿੰਦੇ ਸਨ। ਇਸੇ ਦੋਰਾਨ ਡਾ. ਰਵੀ ਨੇ ਉਕਤ ਦੋਵਾਂ ਨੂੰ ਪਿੰਡ ਢੰਡਾਰੀ ਵਿਖੇ ਨਗਰ ਨਿਗਮ ਦੇ ਫਲੈਟਾਂ ਵਿਚੋਂ ਦੋ ਫਲੈਟ ਦਿਵਾਉਣ ਦੀ ਗੱਲ ਆਖੀ ਤੇ ਉਨਾਂ ਦੇ ਸਹਿਮਤੀ ਜਤਾਉਣ ’ਤੇ ਇਸ ਦੇ ਬਦਲੇ ਉਸਨੇ ਉਨਾਂ ਕੋਲੋਂ ਪ੍ਰਤੀ ਫਲੈਟ 60- 60 ਹਜ਼ਾਰ ਰੁਪਏ ਦੇ ਹਿਸਾਬ ਨਾਲ ਕੁੱਲ 1.20 ਲੱਖ ਰੁਪਏ ਹਾਸਲ ਕਰ ਲਏ।
ਜਿਸ ਤੋਂ ਬਾਅਦ ਡਾ. ਰਵੀ ਨੇ ਦੋਵਾਂ ਨੂੰ 306 ਤੇ 307 ਨੰਬਰ ਫਲੈਟਾਂ ਦੇ ਅਲਾਟਮੈਂਟ ਲੈਟਰ ਵੀ ਦੇ ਦਿੱਤੇ। ਜਿਉਂ ਹੀ ਪਰਿਵਾਰ ਉਕਤ ਦੋਵੇਂ ਫਲੈਟਾਂ ’ਤੇ ਕਬਜ਼ਾ ਲੈਣ ਪਹੁੰਚਿਆ ਤਾਂ ਪਤਾ ਲੱਗਾ ਕਿ ਉਨਾਂ ਨੂੰ ਡਾ. ਰਵੀ ਵੱਲੋਂ ਦਿੱਤੇ ਗਏ ਅਲਾਟਮੈਂਟ ਲੈਟਰ ਫ਼ਰਜੀ ਹਨ। ਜਿਸ ਤੋਂ ਬਾਅਦ ਉਨਾਂ ਤੁਰੰਤ ਨਗਰ ਨਿਗਮ ਵਿਖੇ ਅਧਿਕਾਰੀਆਂ ਨਾਲ ਸੰਪਰਕ ਕੀਤਾ। ਜਿੰਨਾਂ ਵੱਲੋਂ ਮਾਮਲਾ ਪੁਲਿਸ ਦੇ ਧਿਆਨ ’ਚ ਲਿਆਉਣ ਤੋਂ ਬਾਅਦ ਏਸੀਪੀ ਸਾਊਥ ਦੀ ਪੜਤਾਲ ਪਿੱਛੋਂ ਸੰਯੁਕਤ ਕਮਿਸ਼ਨਰ ਨਗਰ ਨਿਗਮ ਦੀ ਸ਼ਿਕਾਇਤ ’ਤੇ ਡਾਕਟਰ ਰਵੀ ਦੇ ਖਿਲਾਫ਼ ਥਾਣਾ ਸਾਹਨੇਵਾਲ ਵਿਖੇ ਮਾਮਲਾ ਦਰਜ਼ ਕਰਕੇ ਅਗਲੇਰੀ ਜਾਂਚ ਆਰੰਭ ਦਿੱਤੀ ਹੈ।