Punjab Floods: ਰਾਵੀ ਤੋਂ ਛੱਡਿਆ ਜਾ ਰਿਹੈ ਲਗਾਤਾਰ ਇੱਕ ਲੱਖ ਕਿਊਸਿਕ ਪਾਣੀ, ਘੱਗਰ ਨੇ ਪਟਿਆਲਾ ’ਚ ਮਚਾਈ ਤਬਾਹੀ
- ਅਗਲੇ ਚਾਰ ਦਿਨ ਫਿਰ ਮੀਂਹ ਪੈਣ ਦੇ ਆਸਾਰ | Punjab Floods
- ਫਸਲਾਂ ਦਾ ਸਭ ਤੋਂ ਵੱਧ ਨੁਕਸਾਨ ਜ਼ਿਲ੍ਹਾ ਫਾਜ਼ਿਲਕਾ ’ਚ, 40 ਹਜ਼ਾਰ ਏਕੜ ਤੋਂ ਵੱਧ ਰਕਬਾ ਡੁੱਬਿਆ
Punjab Floods: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ’ਚ ਹੜ੍ਹਾਂ ਦਾ ਕਹਿਰ ਲਗਾਤਾਰ ਜਾਰੀ ਹੈ ਅੱਜ ਪਏ ਭਾਰੀ ਮੀਂਹ ਨੇ ਹੜ੍ਹ ਪੀੜਤਾਂ ਦੀਆਂ ਮੁਸ਼ਕਲਾਂ ’ਚ ਭਾਰੀ ਵਾਧਾ ਕਰ ਦਿੱਤਾ ਹੈ ਮੀਂਹ ਕਾਰਨ ਪ੍ਰਸ਼ਾਸਨ ਨੂੰ ਵੀ ਰਾਹਤ ਕਾਰਜਾਂ ’ਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ
ਸੂਬੇ ਦੇ ਇਤਿਹਾਸ ਵਿੱਚ ਸਭ ਤੋਂ ਵੱਡੇ ਹੜ੍ਹ ਮੰਨੇ ਜਾਣ ਵਾਲੇ 1988 ਦੇ ਰਿਕਾਰਡ ਨੂੰ ਵੀ ਇਸ ਵਾਰ ਦੇ ਹੜ੍ਹਾਂ ਨੇ ਤੋੜ ਕਰ ਰੱਖ ਦਿੱਤਾ ਹੈ। ਸੂਬਾ ਸਰਕਾਰ ਦੇ ਅਨੁਮਾਨ ਅਨੁਸਾਰ ਹੁਣ ਤੱਕ ਦੀ ਇਹ ਸਭ ਤੋਂ ਵੱਡੀ ਬਰਬਾਦੀ ਹੈ ਅਤੇ 1988 ਦੇ ਰਿਕਾਰਡ ਵੀ ਟੁੱਟਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਪਹਿਲੀ ਵਾਰ ਪੰਜਾਬ ਦੇ 8 ਜ਼ਿਲ੍ਹਿਆਂ ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਤਰਨਤਾਰਨ, ਜਲੰਧਰ, ਕਪੂਰਥਲਾ, ਫਿਰੋਜ਼ਪੁਰ ਅਤੇ ਫਾਜ਼ਿਲਕਾ ਦੇ ਸੈਂਕੜੇ ਪਿੰਡ ਇੰਨੀ ਵੱਡੀ ਮਾਰ ਝੱਲ ਰਹੇ ਹਨ।
Read Also : ਪੰਜਾਬ ’ਚ ਖਤਰੇ ’ਚ ਘੰਟੀ, ਦਰਿਆਵਾਂ ’ਚ ਹੜ੍ਹ, 37 ਸਾਲਾਂ ਦਾ ਰਿਕਾਰਡ ਟੁੱਟਿਆ
ਬਦ ਤੋਂ ਬਦਤਰ ਹਾਲਾਤ ਵਿੱਚੋਂ ਗੁਜ਼ਰ ਰਹੇ ਇਨ੍ਹਾਂ ਪਿੰਡਾਂ ਨੂੰ ਅਜੇ ਵੀ ਰਾਹਤ ਮਿਲਣ ਦੇ ਕੋਈ ਆਸਾਰ ਨਜ਼ਰ ਨਹੀਂ ਆ ਰਹੇ ਅਤੇ ਆਉਂਦੇ ਚਾਰ ਦਿਨਾਂ ਵਿੱਚ ਮੁੜ ਤੇਜ਼ ਮੀਂਹ ਪੈਣ ਦੇ ਜਾਣਕਾਰੀ ਮਿਲਣ ਦੇ ਇਨ੍ਹਾਂ ਪ੍ਰਭਾਵਿਤ ਜ਼ਿਲ੍ਹਿਆਂ ਦੇ ਪ੍ਰਸ਼ਾਸਨ ਦੇ ਹੱਥ-ਪੈਰ ਫੁੱਲਦੇ ਨਜ਼ਰ ਆ ਰਹੇ ਹਨ। ਜੇਕਰ ਆਉਂਦੇ ਚਾਰ ਦਿਨਾਂ ਵਿੱਚ ਮੀਂਹ ਲਗਾਤਾਰ ਪਿਆ ਅਤੇ ਮੀਂਹ ਦੇ ਨਾਲ ਹੀ ਰਾਵੀ ਤੋਂ ਛੱਡੇ ਜਾਣ ਵਾਲੇ ਪਾਣੀ ਨਾਲ ਹੋਰ ਤਬਾਹੀ ਇਨ੍ਹਾਂ ਪਿੰਡਾਂ ਵਿੱਚ ਮੱਚੇਗੀ, ਦੱਸਿਆ ਜਾ ਰਿਹਾ ਹੈ ਕਿ ਰਾਵੀ ਡੈਮ ਤੋਂ 1 ਲੱਖ ਕਿਊਸਕ ਪਾਣੀ ਛੱਡਿਆ ਜਾ ਰਿਹਾ ਹੈ ਅਤੇ ਮੀਂਹ ਪੈਣ ਕਰਕੇ ਇਸ ਵਿੱਚ ਕਾਫ਼ੀ ਜ਼ਿਆਦਾ ਵਾਧਾ ਵੀ ਹੋ ਸਕਦਾ ਹੈ।
Punjab Floods
ਪੰਜਾਬ ਵਿੱਚ ਇਸ ਸਮੇਂ ਹੜ੍ਹਾਂ ਦੇ ਕਾਰਨ 11 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ ਤਾਂ 23 ਬੰਦਿਆਂ ਦੇ ਲਗਭਗ ਮੌਤਾਂ ਵੀ ਹੋ ਗਈਆਂ ਹਨ ਆਉਣ ਵਾਲੇ ਦਿਨਾਂ ਵਿੱਚ ਇਨ੍ਹਾਂ ਮੌਤਾਂ ਦਾ ਅੰਕੜਾ ਵੀ ਵਧ ਸਕਦਾ ਹੈ, ਕਿਉਂਕਿ ਹੁਣ ਤੱਕ ਤਿੰਨ ਬੰਦੇ ਲਾਪਤਾ ਦੱਸੇ ਜਾ ਰਹੇ ਹਨ।
ਮੌਜ਼ੂਦਾ ਹਾਲਾਤ ਵਿੱਚ ਰਾਹਤ ਕਾਰਜ ਵੀ ਘੱਟ ਪੈ ਰਹੇ ਹਨ, ਕਿਉਂਕਿ ਸਰਕਾਰੀ ਅਮਲੇ ਵੱਲੋਂ ਪੂਰੀ ਕੋਸ਼ਿਸ਼ ਕਰਨ ਦੇ ਬਾਵਜੂਦ ਹਰ ਘਰ ਤੱਕ ਰਾਸ਼ਨ ਪਹੁੰਚਾਉਣ ਦੀ ਕੋਸ਼ਿਸ਼ ਨਾਕਾਮ ਹੋ ਰਹੀ ਹੈ, ਇਸ ਕਾਰਨ ਇਨ੍ਹਾਂ ਜ਼ਿਲ੍ਹਿਆਂ ਦੇ ਪਿੰਡਾਂ ਵਿੱਚ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਨੂੰ ਵੀ ਅੱਗੇ ਕਰਦੇ ਹੋਏ ਉਨ੍ਹਾਂ ਤੋਂ ਮੱਦਦ ਮੰਗੀ ਜਾ ਰਹੀ ਹੈ।
ਇਸ ਸਮੇਂ ਪੱਕੇ ਹੋਏ ਭੋਜਨ ਦੀ ਮੰਗ ਜ਼ਿਆਦਾ ਹੈ, ਕਿਉਂਕਿ ਘਰਾਂ ਦੇ ਚੁੱਲ੍ਹੇ ਬੁਝਣ ਕਰਕੇ ਹੜ੍ਹ ਵਿੱਚ ਫ਼ਸੇ ਲੋਕ ਕੱਚੇ ਰਾਸ਼ਨ ਦੀ ਥਾਂ ’ਤੇ ਤਿਆਰ ਰੋਟੀ-ਸਬਜ਼ੀ ਹੀ ਭੇਜਣ ਦੀ ਮੰਗ ਕਰ ਰਹੇ ਹਨ। ਇਸ ਨਾਲ ਹੀ ਪਾਣੀ ਵੀ ਵੱਡੇ ਪੱਧਰ ’ਤੇ ਸਪਲਾਈ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਓਧਰ ਜ਼ਿਲ੍ਹਾ ਪਟਿਆਲਾ ਦੇ ਕਈ ਪਿੰਡਾਂ ’ਚ ਘੱਗਰ ਦਰਿਆ ਦਾ ਪਾਣੀ ਦਾਖਲ ਹੋ ਗਿਆ ਹੈ ਅਤੇ ਖੇਤ ਸਮੁੰਦਰਾਂ ਵਾਂਗ ਨਜ਼ਰ ਆ ਰਹੇ ਹਨ
ਹੁਣ ਤੱਕ ਆਏ ਪੰਜਾਬ ਵਿੱਚ ਹੜ੍ਹਾਂ ਦਾ ਵੇਰਵਾ
- 1955 ਵਿੱਚ ਸਤਲੁਜ ਅਤੇ ਬਿਆਸ ਵਿੱਚ ਆਏ ਹੜ੍ਹਾਂ ਕਰਕੇ ਕਈ ਜ਼ਿਲ੍ਹੇ ਪ੍ਰਭਾਵਿਤ ਹੋਏ ਸਨ ਅਤੇ ਕਈ ਪਿੰਡਾਂ ਵਿੱਚ ਭਾਰੀ ਨੁਕਸਾਨ ਹੋਇਆ ਸੀ
- 1978 ਵਿੱਚ ਸਤਲੁਜ ਅਤੇ ਬਿਆਸ ਦਰਿਆ ਵਿੱਚ ਕਾਫ਼ੀ ਪਾਣੀ ਆਉਣ ਕਰਕੇ ਫਿਰੋਜ਼ਪੁਰ, ਜਲੰਧਰ ਅਤੇ ਕਪੂਰਥਲਾ ਦੇ ਜ਼ਿਲੇ੍ਹ ਦੇ ਕਈ ਪਿੰਡ ਪ੍ਰਭਾਵਿਤ ਹੋਏ ਸਨ।
- 1988 ਵਿੱਚ ਆਏ ਹੜ੍ਹਾਂ ਨੂੰ ਪੰਜਾਬ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਹੜ੍ਹ ਵਿੱਚ ਮੰਨਿਆ ਜਾਂਦਾ ਰਿਹਾ ਹੈ। ਸਤਲੁਜ ਅਤੇ ਘੱਗਰ ਦਰਿਆ ਕਰਕੇ ਲੁਧਿਆਣਾ, ਕਪੂਰਥਲਾ, ਜਲੰਧਰ, ਫਰੀਦਕੋਟ, ਫਿਰੋਜ਼ਪੁਰ, ਗੁਰਦਾਸਪੁਰ ਅਤੇ ਅੰਮ੍ਰਿਤਸਰ ਦੇ ਕਈ ਪਿੰਡ ਬੁਰੀ ਤਰ੍ਹਾਂ ਡੁੱਬ ਗਏ ਸਨ।
- 1993 ਵਿੱਚ ਘੱਗਰ ਦਰਿਆ ਵਿੱਚ ਆਏ ਪਾਣੀ ਕਰਕੇ ਸੰਗਰੂਰ ਅਤੇ ਪਟਿਆਲਾ ਜ਼ਿਲ੍ਹੇ ’ਚ ਭਾਰੀ ਤਬਾਹੀ ਹੋਈ ਸੀ।
- 2010 ਵਿੱਚ ਸਤਲੁਜ ਅਤੇ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਰਕੇ ਫਗਵਾੜਾ, ਕਪੂਰਥਲਾ, ਤਰਨਤਾਰਨ ਅਤੇ ਅੰਮ੍ਰਿਤਸਰ ਜ਼ਿਲੇ੍ਹ ਦੇ ਪਿੰਡ ਪ੍ਰਭਾਵਿਤ ਹੋਏ ਸਨ
- 2019 ਵਿੱਚ ਸਤਲੁਜ ਡੈਮ ਵਿੱਚੋਂ ਭਾਰੀ ਪਾਣੀ ਛੱਡਣ ਕਰਕੇ ਜਲੰਧਰ, ਕਪੂਰਥਲਾ, ਫਿਰੋਜ਼ਪੁਰ ਅਤੇ ਰੂਪ ਨਗਰ ਵਿੱਚ ਭਾਰੀ ਨੁਕਸਾਨ ਹੋਇਆ ਸੀ।
- 2023 ਵਿੱਚ ਭਾਰੀ ਮੀਂਹ ਕਾਰਨ ਅਤੇ ਡੈਮਾਂ ਵੱਲੋਂ ਛੱਡੇ ਗਏ ਫਿਰੋਜ਼ਪੁਰ, ਫਾਜ਼ਿਲਕਾ ਪਾਣੀ ਕਰਕੇ ਹੁਸ਼ਿਆਰਪੁਰ, ਕਪੂਰਥਲਾ, ਪਟਿਆਲਾ ਅਤੇ ਸੰਗਰੂਰ ਜ਼ਿਲੇ੍ਹ ਵਿੱਚ ਤਬਾਹੀ ਹੋਈ ਸੀ।
- 2025 ਵਿੱਚ ਹੁਣ ਆਏ ਹੜ੍ਹਾਂ ਨੇ ਪਿਛਲੇ ਸਾਰੇ ਰਿਕਾਰਡ ਤੋੜ ਕੇ ਰੱਖ ਦਿੱਤੇ ਹਨ ਅਤੇ ਹੁਣ ਤੱਕ ਦੇ ਸਭ ਤੋਂ ਵੱਡੇ ਹੜ੍ਹ ਮੰਨੇ ਜਾ ਰਹੇ ਹਨ, ਜਿਨ੍ਹਾਂ ਕਾਰਨ 8 ਤੋਂ ਜ਼ਿਆਦਾ ਜ਼ਿਲੇ੍ਹ ਦੇ ਪਿੰਡਾਂ ਵਿੱਚ ਭਾਰੀ ਤਬਾਹੀ ਹੋਈ ਹੈ।
ਇਸ ਤਰ੍ਹਾਂ ਚੱਲ ਰਹੇ ਰਾਹਤ ਕਾਰਜ
- ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਬਣਾਏ 77 ਰਾਹਤ ਕੈਂਪਾਂ ਵਿੱਚ 4729 ਲੋਕਾਂ ਨੂੰ ਦਿੱਤਾ ਬਸੇਰਾ
- ਪਿਛਲੇ 24 ਘੰਟਿਆਂ ਦੌਰਾਨ ਕੁੱਲ 4711 ਲੋਕਾਂ ਨੂੰ ਬਾਹਰ ਕੱਢ ਕੇ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ
- ਹੁਣ ਤੱਕ ਕੁੱਲ 11330 ਵਿਅਕਤੀ ਬਾਹਰ ਕੱਢੇ
- ਐੱਨਡੀਆਰਐੱਫ, ਐੱਸਡੀਆਰਐੱਫ, ਪੰਜਾਬ ਪੁਲਿਸ ਅਤੇ ਫੌਜ ਦੀ ਰਾਹਤ ਕਾਰਜਾਂ ’ਚ ਸਰਗਰਮ ਭੂਮਿਕਾ