ਛੱਤ ਡਿੱਗਣ ਨਾਲ ਗਰੀਬ ਪਰਿਵਾਰ ਦੇ 4 ਜੀਆਂ ਦੀ ਮੌਤ, ਇੱਕ ਔਰਤ ਗੰਭੀਰ ਜ਼ਖ਼ਮੀ
ਭੂਸ਼ਨ ਸਿੰਗਲਾ, ਪਾਤੜਾਂ। ਅੰਤਾਂ ਦੀ ਗਰਮੀ ਤੋਂ ਬਾਅਦ ਪੰਜਾਬ ਵਿੱਚ ਆਏ ਮੌਨਸੂਨ ਦੀ ਬਰਸਾਤ ਵੱਲੋਂ ਕਹਿਰ ਢਾਹੁਣਾ ਜਾਰੀ ਕਰ ਦਿੱਤਾ ਹੈ ਜਿਸ ਤਹਿਤ ਸਬ ਡਿਵੀਜਨ ਪਾਤੜਾਂ ਅਧੀਨ ਆਉਂਦੇ ਪਿੰਡ ਮਤੋਲੀ ਵਿਖੇ ਬੀਤੀ ਰਾਤ ਇੱਕ ਘਰ ਦੀ ਛੱਤ ਡਿੱਗਣ ਨਾਲ ਪਰਿਵਾਰ ਦੇ 4 ਜੀਆਂ ਦੇ ਮਲਬੇ ਹੇਠਾਂ ਦਬਣ ਕਾਰਨ ਮੌਕੇ ’ਤੇ ਮੌਤ ਹੋ ਗਈ ਜਦੋਂ ਕਿ ਇੱਕ ਮੈਂਬਰ ਦੇ ਗੰਭੀਰ ਜ਼ਖਮੀ ਹੋਣ ਦਾ ਦਰਦਨਾਕ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਮਤੋਲੀ ਦੇ ਸਰਪੰਚ ਰਣਜੀਤ ਸਿੰਘ ਅਤੇ ਬਾਜ਼ੀਗਰ ਵਿਕਾਸ ਬੋਰਡ ਪੰਜਾਬ ਦੇ ਸੀਨੀਅਰ ਵਾਈਸ ਚੇਅਰਮੈਨ ਰਾਮਪਾਲ ਮਤੋਲੀ ਨੇ ਦੱਸਿਆ ਕਿ ਮਜ਼੍ਹਬੀ ਸਿੱਖ ਪਰਿਵਾਰ ਨਾਲ ਸਬੰਧਤ ਮੁਖਤਿਆਰ ਸਿੰਘ ਪੁੱਤਰ ਸਵਰਨ ਸਿੰਘ ਆਪਣੇ ਪਰਿਵਾਰ ਸਮੇਤ ਘਰ ਦੇ ਵਰਾਂਡੇ ਵਿੱਚ ਸੁੱਤੇ ਹੋਏ ਸਨ ਤਾਂ ਬਾਰਸ਼ ਪੈਣ ਕਾਰਨ ਰਾਤ ਅਚਾਨਕ 10.30 ਵਜੇ ਵਰਾਂਡੇ ਦੀ ਛੱਤ ਡਿੱਗਣ ਨਾਲ ਮਲਬੇ ਹੇਠ ਦੱਬ ਕੇ ਮੁਖਤਿਆਰ ਸਿੰਘ (40), ਉਨ੍ਹਾਂ ਦੇ ਬੇਟੇ ਵੰਸ਼ਦੀਪ (15),ਬੇਟੀ ਸਿਮਰਨ ਕੌਰ (13) ਤੇ ਕਮਲਜੀਤ ਕੌਰ (11) ਦੀ ਮੌਕੇ ਤੇ ਮੌਤ ਹੋ ਗਈ ਜਦੋਂ ਕਿ ਸੁਰਿੰਦਰ ਕੌਰ (38) ਪਤਨੀ ਮੁਖਤਿਆਰ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਪਿੰਡ ਵਾਸੀਆਂ ਵੱਲੋਂ ਤੁਰੰਤ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਮਿ੍ਰਤਕ ਮੁਖਤਿਆਰ ਸਿੰਘ ਦੀ ਮਾਤਾ ਤੇ ਉਨ੍ਹਾਂ ਦੀ ਰਿਸ਼ਤੇਦਾਰੀ ਚੋਂ ਆਈ ਇੱਕ ਲੜਕੀ ਦੋਨੇਂ ਪਿਛਲੇ ਕਮਰੇ ਵਿਚ ਸੁੱਤੀਆਂ ਪਈਆਂ ਸਨ ਜਿਨ੍ਹਾਂ ਦਾ ਇਸ ਹਾਦਸੇ ਦੌਰਾਨ ਬਚਾਅ ਹੋ ਗਿਆ। ਮੌਕੇ ’ਤੇ ਪਹੁੰਚੇ ਉਪ ਕਪਤਾਨ ਪੁਲਿਸ ਪਾਤੜਾਂ ਭਰਪੂਰ ਸਿੰਘ, ਸ਼ੁਤਰਾਣਾ ਥਾਣਾ ਮੁਖੀ ਸ਼ਮਸ਼ੇਰ ਸਿੰਘ ਅਤੇ ਠਰੂਆ ਚੌਕੀ ਇੰਚਾਰਜ ਪਲਵਿੰਦਰ ਸਿੰਘ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮਲਬੇ ਹੇਠੋਂ ਮਿ੍ਰਤਕ ਦੇਹਾਂ ਨੂੰ ਬਾਹਰ ਕੱਢ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਵਿਖੇ ਲਿਜਾਇਆ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ।