Road Accident: ਮਾਨਸਾ (ਸੁਖਜੀਤ ਮਾਨ)। ਮਾਨਸਾ-ਸਰਦੂਲਗੜ੍ਹ ਰੋਡ ਤੇ ਪਿੰਡ ਸਰਦੂਲੇਵਾਲਾ ਨੇੜੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ’ਚ ਤਿੰਨ ਮਹਿਲਾਵਾਂ ਸਮੇਤ ਚਾਰ ਜਣਿਆਂ ਦੀ ਮੌਤ ਹੋ ਗਈ ਅਤੇ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਕਾਰ ਸਵਾਰ ਪਰਿਵਾਰ ਚੰਡੀਗੜ੍ਹ ਤੋਂ ਵਿਆਹ ਸਮਾਗਮ ਤੋਂ ਦੇਰ ਰਾਤ ਸਰਸਾ ਵਾਪਸ ਪਰਤ ਰਿਹਾ ਸੀ। ਕਾਰ ਤੇ ਟਰੱਕ ਦੀ ਹੋਈ ਇਹ ਆਹਮੋ-ਸਾਹਮਣੀ ਟੱਕਰ ਐਨੀ ਭਿਆਨਕ ਸੀ ਕਿ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਭੰਨਿਆ ਗਿਆ।
ਵੇਰਵਿਆਂ ਮੁਤਾਬਿਕ ਇਹ ਹਾਦਸਾ ਸ਼ੁੱਕਰਵਾਰ ਦੇਰ ਰਾਤ ਮਾਨਸਾ-ਸਰਸਾ ਰੋਡ ਤੇ ਸਰਦੂਲੇਵਾਲਾ ਕੋਲ ਵਾਪਰਿਆ। ਹਾਦਸਾ ਵਾਪਰਨ ਤੇ ਆਸ-ਪਾਸ ਦੇ ਲੋਕ ਤੇ ਸੂਚਨਾ ਮਿਲਣ ‘ਤੇ ਪੁਲਿਸ ਵੀ ਮੌਕੇ ‘ਤੇ ਪਹੁੰਚੀ। ਸਭ ਤੋਂ ਪਹਿਲਾਂ ਕਾਰ ਦੇ ਡਰਾਈਵਰ ਨੂੰ ਬਾਹਰ ਕੱਢਿਆ ਗਿਆ ਉਹ ਜਿਉਂਦਾ ਸੀ ਅਤੇ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਜਿਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ।
Read Also : ਭਾਰਤ-ਪੋਲੈਂਡ ਸਬੰਧ, ਦੁਸ਼ਮਣ ਗੁਆਂਢੀਆਂ ਦੀ ਸਾਂਝੀ ਚਿੰਤਾ
ਇਸ ਤੋਂ ਬਾਅਦ ਕਾਰ ’ਚੋਂ ਇੱਕ ਪੁਰਸ਼ ਤੇ ਤਿੰਨ ਮਹਿਲਾਵਾਂ ਦੀਆਂ ਲਾਸ਼ਾਂ ਕੱਢੀਆਂ ਗਈਆਂ। ਹਾਦਸੇ ਤੋਂ ਬਾਅਦ ਟਰੱਕ ਦਾ ਡਰਾਈਵਰ ਫਰਾਰ ਦੱਸਿਆ ਜਾ ਰਿਹਾ ਹੈ। ਮਿਰਤਕਾਂ ਦੀ ਪਹਿਚਾਣ ਅਸ਼ੋਕ ਕੁਮਾਰ, ਊਸ਼ਾ ਬਾਂਸਲ, ਰਾਧਾ ਦੇਵੀ ਤੇ ਰਿਤੂ ਬਾਲਾ ਵਜੋਂ ਹੋਈ ਹੈ। ਪੁਲਿਸ ਥਾਣਾ ਸਰਦੂਲਗੜ੍ਹ ਦੇ ਐਸਐਚਓ ਗਣੇਸ਼ਵਰ ਕੁਮਾਰ ਨੇ ਦੱਸਿਆ ਕਿ ਮਿਰਤਕ ਸਰਸਾ ਦੇ ਰਹਿਣ ਵਾਲੇ ਸੀ। ਉਹਨਾਂ ਵੱਲੋਂ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।














