Punjab Budget 2025: ਮਿਉਂਸੀਪਲ ਡਿਵੈਲਪਮੈਂਟ ਫੰਡ ਲਈ 225 ਕਰੋੜ ਤੇ ਪੀਐੱਮਐੱਸਆਈਪੀ ਲਈ 300 ਕਰੋੜ
Punjab Budget 2025: ਚੰਡੀਗੜ੍ਹ (ਅਸ਼ਵਨੀ ਚਾਵਲਾ)। ਬੀਤੇ ਦਿਨ ਪੰਜਾਬ ਵਿਧਾਨ ਸਭਾ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੰਜਾਬ ਦਾ 2025-25 ਵਰ੍ਹੇ ਦਾ ਬਜਟ ਪੇਸ਼ ਕੀਤਾ ਗਿਆ। ਪੇਸ਼ ਕੀਤੇ ਗਏ ਬਜਟ ਵਿੱਚ ਸ਼ਹਿਰੀ ਇਲਾਕੇ ’ਤੇ ਖ਼ਾਸ ਕਰਕੇ ਫੋਕਸ ਕੀਤਾ ਗਿਆ ਹੈ। ਸ਼ਹਿਰੀ ਵਿਕਾਸ ਲਈ 5983 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ ਤਾਂ ਇਸ ਵਿੱਤ ਸਾਲ ਪੰਜਾਬ ਦੇ 4 ਸ਼ਹਿਰਾ ’ਤੇ ਖ਼ਾਸ ਕਰਕੇ ਫੋਕਸ ਕੀਤਾ ਗਿਆ ਹੈ। ਸ਼ਹਿਰਾਂ ਦੀਆਂ ਸੜਕਾਂ, ਫੁੱਟਪਾਥਾਂ, ਬਿਜਲੀ ਪ੍ਰਣਾਲੀ, ਟ੍ਰੈਫਿਕ ਲਾਈਟਾਂ, ਸਟਰੀਟ ਲਾਈਟਾਂ, ਪਾਣੀ ਦੀਆਂ ਸਪਲਾਈ ਲਾਈਨਾਂ, ਬੱਸ ਸਟੈਂਡਾਂ, ਨਗਰਪਾਲਿਕਾ ਸੇਵਾਵਾਂ ਅਤੇ ਵਾਤਾਵਰਨ-ਅਨੁਕੂਲ ਜਨਤਕ ਆਵਾਜਾਈ ਆਦਿ ’ਚ ਵੱਡੇ ਸੁਧਾਰ ਕਰਨ ਦਾ ਐਲਾਨ ਖ਼ਜਾਨਾ ਮੰਤਰੀ ਵੱਲੋਂ ਆਪਣੇ ਬਜਟ ਐਲਾਨ ਵਿੱਚ ਕੀਤਾ ਹੈ।
Read Also : Punjab News: ਵਿਧਾਇਕ ਇਸ ਤਰ੍ਹਾਂ ਕਰਵਾਉਣਗੇ ਆਪਣੇ ਇਲਾਕੇ ਦਾ ਵਿਕਾਸ!, ਹਰ ਵਿਧਾਇਕ ਨੂੰ ਮਿਲੇਗਾ ਫੰਡ
ਪਹਿਲੇ ਪੜਾਅ ਤਹਿਤ ਵਿੱਤੀ ਸਾਲ ਦੌਰਾਨ ਪੰਜਾਬ ਦੇ ਚਾਰ ਸ਼ਹਿਰਾਂ ਲੁਧਿਆਣਾ, ਅੰਮ੍ਰਿਤਸਰ, ਜਲੰਧਰ ਅਤੇ ਐੱਸਏਐੱਸ ਨਗਰ (ਮੁਹਾਲੀ) ਦਾ ਵਿਭਿੰਨ ਖੇਤਰਾਂ ਦਾ ਵਿਕਾਸ ਕੀਤਾ ਜਾਵੇਗਾ। ਸੂਬੇ ਦੇ ਇਨ੍ਹਾਂ ਚਾਰ ਸ਼ਹਿਰਾਂ ਦੀਆਂ ਸੜਕਾਂ ਨੂੰ ਵਿੱਤੀ ਸਾਲ ਦੌਰਾਨ ਵਿਸ਼ਵ ਪੱਧਰੀ ਬਣਾਇਆ ਜਾਵੇਗਾ ਅਤੇ ਇਸ ਪ੍ਰਾਜੈਕਟ ਲਈ 140 ਕਰੋੜ ਰੁਪਏ ਦੀ ਤਜਵੀਜ ਕੀਤੀ ਗਈ ਹੈ। ਇਨਾਂ ਸ਼ਹਿਰਾਂ ਦੀਆਂ ਸੜਕਾਂ ਨੂੰ ਕੌਮਾਂਤਰੀ ਮਾਪਦੰਡਾਂ ਅਨੁਸਾਰ ਡਿਜ਼ਾਈਨ ਕਰਨ ਲਈ ਪੰਜਾਬ ਅਤੇ ਭਾਰਤ ਦੇ ਚੋਟੀ ਦੇ ਆਰਕੀਟੈਕਟ ਦੀਆਂ ਸੇਵਾਵਾਂ ਲਈਆਂ ਜਾਣਗੀਆਂ। ਠੇਕੇਦਾਰ 10 ਸਾਲਾਂ ਤੱਕ ਇਨਾਂ ਸੜਕਾਂ ਦਾ ਨਿਰਮਾਣ ਤੇ ਸਾਂਭ-ਸੰਭਾਲ ਲਈ ਜ਼ਿੰਮੇਵਾਰ ਹੋਣਗੇ।
Punjab Budget 2025
ਬਜਟ ਵਿੱਚ ਸ਼ਹਿਰਾਂ ਵਿੱਚ ਰੁਕਾਵਟ ਮੁਕਤ, ਪਹੁੰਚਯੋਗ ਅਤੇ ਸੋਹਣੇ ਫੁੱਟਪਾਥ ਬਣਾਉਣ, ਸਬੰਧਤ ਸਥਾਨਾਂ ਨੂੰ ਸੋਹਣੀ ਦਿੱਖ ਦੇਣ ਅਤੇ ਪ੍ਰਦੂਸ਼ਣ ਰਹਿਤ ਬਾਗਵਾਨੀ ਯੋਜਨਾ ਤਹਿਤ ਤਿਆਰ ਕਰਨ ਦਾ ਖ਼ਾਸ ਪ੍ਰਬੰਧ ਕੀਤਾ ਗਿਆ ਹੈ। ਇਸੇ ਤਰ੍ਹਾਂ ਸੜਕਾਂ ‘ਤੇ ਬਿਜਲੀ ਦੀਆਂ ਲਾਈਨਾਂ, ਸਟਰੀਟ ਲਾਈਟਾਂ, ਪਾਣੀ ਸਪਲਾਈ ਦੀਆਂ ਲਾਈਨਾਂ, ਬੱਸ ਸਟੈਂਡ ਆਦਿ ਦੇ ਵੱਡੇ ਸੁਧਾਰ ਕੀਤੇ ਜਾਣਗੇ।
ਪੇਸ਼ ਕੀਤੇ ਗਏ ਬਜਟ ‘ਚ ਵਿੱਤੀ ਸਾਲ 2025-2026 ਦੌਰਾਨ ਪੰਜਾਬ ਮਿਉਂਸੀਪਲ ਡਿਵੈਲਪਮੈਂਟ ਫੰਡ ਲਈ 225 ਕਰੋੜ ਅਤੇ ਪੀਐੱਮਐੱਸਆਈਪੀ ਲਈ 300 ਕਰੋੜ ਦੀ ਤਜਵੀਜ਼ ਕੀਤੀ ਗਈ ਹੈ। ਪੰਜਾਬ ਦੇ 166 ਕਸਬਿਆਂ ’ਚ ਰਹਿੰਦੀ ਸੂਬੇ ਦੀ ਲੱਗਭੱਗ 40 ਫੀਸਦੀ ਆਬਾਦੀ ਸ਼ਹਿਰੀ ਲਈ ਨਗਰਪਾਲਿਕਾ ਸੇਵਾਵਾਂ ਜਿਵੇ ਸਫਾਈ, ਪਾਣੀ ਦੀ ਸਪਲਾਈ, ਸੀਵਰੇਜ, ਸੜਕਾਂ ਅਤੇ ਸਟਰੀਟ ਲਾਈਟਾਂ ਆਦਿ ’ਚ ਵੱਡੇ ਸੁਧਾਰ ਕੀਤੇ ਜਾਣਗੇ।