ਪਾਈਆਂ 500 ਆਰਟੀਆਈਜ਼, ਕਮਿਸ਼ਨ ਨੇ ਕਰ ਦਿੱਤੈ ਬਲੈਕ ਲਿਸਟ

ਹੁਣ ਨਗਰ ਨਿਗਮ ਲੁਧਿਆਣਾ ਨੂੰ ਨਹੀਂ ਦੇਣਾ ਪਏਗਾ ਆਰਟੀਆਈ ਦਾ ਜੁਆਬ, ਕਮਿਸ਼ਨ ਨੇ ਲਗਾਈ ਰੋਕ
ਚੰਡੀਗੜ੍ਹ, ਅਸ਼ਵਨੀ ਚਾਵਲਾ

ਨਗਰ ਨਿਗਮ ਲੁਧਿਆਣਾ ਤੋਂ ਆਰ.ਟੀ.ਐਕਟ ਤਹਿਤ ਜਾਣਕਾਰੀ ਲੈਣ ਦਾ ਇੱਕ ਵਿਅਕਤੀ ‘ਤੇ ਇੰਨਾ ਭੂਤ ਸਵਾਰ ਹੋ ਗਿਆ ਕਿ ਉਸ ਨੇ ਇੱਕ ਜਾਂ ਫਿਰ ਦੋ ਨਹੀਂ ਸਗੋਂ ਇਕੋ ਹੀ ਸਮੇਂ 500 ਆਰ.ਟੀ.ਆਈ. ਪਾਉਂਦੇ ਹੋਏ ਜਾਣਕਾਰੀ ਮੰਗ ਲਈ। ਜਿਸ ਨੂੰ ਦੇਖ ਕੇ ਰਾਜ ਸੂਚਨਾ ਕਮਿਸ਼ਨ ਵੀ ਹੈਰਾਨ ਹੋ ਗਿਆ ਅਤੇ ਇਸ ਮਾਮਲੇ ਵਿੱਚ ਸੁਣਵਾਈ ਦਰਮਿਆਨ 500 ਆਰ.ਟੀ.ਆਈ. ਪਾਉਣ ਵਾਲੇ ਵਿਅਕਤੀ ਨੂੰ ਹੀ ਗਲਤ ਠਹਿਰਾਉਂਦੇ ਹੋਏ ਬਲੈਕ ਲਿਸਟ ਕਰਾਰ ਦੇ ਦਿੱਤਾ ਹੈ। ਜਿਸ ਕਾਰਨ ਹੁਣ ਲੁਧਿਆਣਾ ਦੇ ਨਗਰ ਨਿਗਮ ਨੂੰ ਇਨ੍ਹਾਂ 500 ਆਰ.ਟੀ.ਆਈ. ਦਾ ਜੁਆਬ ਦੇਣ ਦੀ ਜਰੂਰਤ ਨਹੀਂ ਪਏਗੀ।

ਜਾਣਕਾਰੀ ਅਨੁਸਾਰ ਲੁਧਿਆਣਾ ਦੇ ਵਾਸੀ ਅਮਰਜੀਤ ਸਿੰਘ ਧਮੋਟੀਆ ਨੇ ਨਗਰ ਨਿਗਮ ਲੁਧਿਆਣਾ ਤੋਂ ਕੋਈ ਜਾਣਕਾਰੀ ਲੈਣ ਲਈ ਆਰ.ਟੀ.ਆਈ. ਦਾ ਸਹਾਰਾ ਲਿਆ ਸੀ। ਜਾਣਕਾਰੀ ਜ਼ਿਆਦਾ ਹੋਣ ਕਾਰਨ ਅਮਰਜੀਤ ਸਿੰਘ ਨੇ 1 ਜਾਂ ਫਿਰ 2 ਦੀ ਥਾਂ ‘ਤੇ ਸਾਰੀ ਜਾਣਕਾਰੀ ਲੈਣ ਲਈ 500 ਆਰ.ਟੀ.ਆਈ. ਪਾ ਦਿੱਤੀਆਂ। ਇੰਨੀ ਵੱਡੀ ਗਿਣਤੀ ਵਿੱਚ ਆਰ.ਟੀ.ਆਈ. ਅਤੇ ਜਾਣਕਾਰੀ ਨੂੰ ਦੇਖਦੇ ਹੋਏ ਨਗਰ ਨਿਗਮ ਲੁਧਿਆਣਾ ਨੇ ਜਾਣਕਾਰੀ ਸਮੇਂ ਸਿਰ ਦੇਣ ਤੋਂ ਅਸਮਰਥਾ ਜ਼ਾਹਿਰ ਕਰ ਦਿੱਤੀ। ਜਿਸ ਤੋਂ ਬਾਅਦ ਅਮਰਜੀਤ ਸਿੰਘ ਨੇ ਆਰ.ਟੀ.ਆਈ. ਤਹਿਤ ਜਾਣਕਾਰੀ ਲੈਣ ਲਈ ਰਾਜ ਸੂਚਨਾ ਕਮਿਸ਼ਨ ਵਿਖੇ ਸ਼ਿਕਾਇਤ ਤਾਂ ਦਰਜ ਕਰਵਾ ਦਿੱਤੀ ਪਰ ਇਹ ਸ਼ਿਕਾਇਤ ਨਗਰ ਨਿਗਮ ਦੀ ਥਾਂ ‘ਤੇ ਅਮਰਜੀਤ ਸਿੰਘ ਨੂੰ ਹੀ ਭਾਰੀ ਪੈ ਗਈ।ਅਮਰਜੀਤ ਸਿੰਘ ਧਮੋਟੀਆ ਵੱਲੋਂ ਪਾਈਆਂ ਹੋਈਆਂ ਸਾਰੀਆਂ ਅਰਜ਼ੀਆਂ ਦਾ ਨਿਬੇੜਾ ਕਰਦਿਆਂ ਰਾਜ ਸੂਚਨਾ ਕਮਿਸ਼ਨਰ ਯਸ਼ਵੀਰ ਮਹਾਜਨ ਨੇ ਕਿਹਾ ਕਿ ਜਿੱਥੇ ਰਾਜ ਸੂਚਨਾ ਕਮਿਸ਼ਨ ਦੀ ਜਿੰਮੇਵਾਰੀ ਲੋਕਾਂ ਨੂੰ ਨਿਯਮਾਂ ਅਨੁਸਾਰ ਮੰਗੀ ਗਈ ਜਾਣਕਾਰੀ ਦੁਆਉਣ ਦੀ ਉਥੇ ਨਾਲ ਹੀ ਇਸ ਕਾਨੂੰਨ ਦੀ ਦੁਰਵਰਤੋਂ ਨੂੰ ਰੋਕਣਾ ਵੀ ਹੈ

ਅਮਰਜੀਤ ਸਿੰਘ ਧਮੋਟੀਆ ਵੱਲੋਂ ਪਾਈਆਂ ਹੋਈਆਂ ਸਮੂਹ ਅਰਜ਼ੀਆਂ ਆਰ.ਟੀ.ਆਈ. ਕਾਨੂੰਨ ਦੀ ਧਾਰਾ 7 (9) ਅਧੀਨ ਨਗਰ ਨਿਗਮ ਲੁਧਿਆਣਾ ਨੂੰ ਹੁਕਮ ਦਿੱਤੇ ਕਿ ਉਹ ਅਮਰਜੀਤ ਸਿੰਘ ਧਮੋਟੀਆ ਵੱਲੋਂ ਪਾਈਆਂ ਗਈਆਂ ਆਰ.ਟੀ.ਆਈ. ਅਰਜ਼ੀਆਂ ਨੂੰ ਨਜ਼ਰ ਅੰਦਾਜ਼ ਕਰਨ ਅਤੇ ਇਹ ਜਾਣਕਾਰੀ ਦੇਣ ਦੀ ਜਰੂਰਤ ਨਹੀਂ ਹੈ। ਇਸ ਨੂੰ ਸਿੱਧੇ ਤੌਰ ‘ਤੇ ਬਲੈਕ ਲਿਸਟ ਦਾ ਨਾਅ ਵੀ ਦਿੱਤਾ ਜਾ ਸਕਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।