ਵਿਜੀਲੈਂਸ ਦੇ ਈਓ ਵਿੰਗ ਵੱਲੋਂ ਸੱਤ ਘੰਟਿਆਂ ਤੋਂ ਜਿਆਦਾ ਸਮੇਂ ਤੱਕ ਕੀਤੀ ਗਈ ਪੁੱਛਗਿੱਛ
ਚੰਡੀਗੜ੍ਹ/ਪਟਿਆਲਾ, (ਅਸ਼ਵਨੀ ਚਾਵਲਾ/ਖੁਸ਼ਵੀਰ ਤੂਰ)। ਪਿਛਲੇ ਕੁਝ ਸਮੇਂ ਤੋਂ ਵਿਵਾਦਾਂ ਵਿੱਚ ਘਿਰੇ ਮੋਗਾ ਦੇ ਸਾਬਕਾ ਐਸ.ਐਸ.ਪੀ. ਰਾਜਜੀਤ ਸਿੰਘ ਨੇ ਪੁਲਿਸ ਹੈੱਡਕੁਆਟਰ ਵਿਖੇ ਆਪਣਾ ਪਾਸਪੋਰਟ ਜਮਾ ਕਰਵਾ ਦਿੱਤਾ ਹੈ। ਓਧਰ ਰਾਜਜੀਤ ਪਟਿਆਲਾ ਵਿਖੇ ਵਿਜੀਲੈਂਸ ਅੱਗੇ ਪੇਸ਼ ਹੋਏ ਜਿੱਥੇ ਉਨ੍ਹਾਂ ਤੋਂ ਸੱਤ ਘੰਟੇ ਪੁੱਛਗਿੱਛ ਕੀਤੀ ਗਈ ਸਾਬਕਾ ਐਸਐਸਪੀ ਰਾਜਜੀਤ ਸਿੰਘ ਅੱਜ ਪਟਿਆਲਾ ਵਿਖੇ ਇੱਕ ਪੁਰਾਣੇ ਮਾਮਲੇ ਵਿੱਚ ਵਿਜੀਲੈਂਸ ਦੇ ਈਓ ਵਿੰਗ ਅੱਗੇ ਪੇਸ਼ ਹੋਏ। ਇਸ ਦੌਰਾਨ ਵਿਜੀਲੈਂਸ ਦੇ ਈਓ ਵਿੰਗ ਵੱਲੋਂ ਸੱਤ ਘੰਟਿਆਂ ਤੋਂ ਜਿਆਦਾ ਸਮੇਂ ਤੱਕ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਗਈ।
ਮਿਲੇ ਵੇਰਵਿਆਂ ਮੁਤਾਬਿਕ ਐਫਆਈਆਰ 1/2015 ਜੋ ਕਿ ਮੁਹਾਲੀ ਵਿਖੇ ਦਰਜ ਸੀ, ਉਸ ਸਮੇਂ ਤਰਨਤਾਰਨ ਦੇ ਜਗਦੀਪ ਸਿੰਘ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਉੱਥੋਂ ਦੇ ਇੰਸਪੈਕਟਰ ਸੀਆਈਏ ਇੰਚਾਰਜ਼ ਇੰਦਰਜੀਤ ਸਿੰਘ ਅਤੇ ਦੋ ਹੋਰ ਵਿਅਕਤੀਆਂ ਵੱਲੋ 2013 ਵਿੱਚ 17 ਲੱਖ ਰੁਪਏ ਲਏ ਸੀ ਅਤੇ ਰਾਜਦੀਪ ਸਿੰਘ ਉਸ ਸਮੇਂ ਤਰਨਤਾਰਨ ਦੇ ਐਸਐਸਪੀ ਸਨ। ਜਗਦੀਪ ਸਿੰਘ ਖਰੜ ਲੈਬ ਵਿਖੇ ਲੱਗਿਆ ਹੋਇਆ ਸੀ ਅਤੇ ਉਸ ‘ਤੇ ਦੋਸ਼ ਸਨ ਕਿ ਉਹ ਪੈਸੇ ਲੈ ਕੇ ਸੈਂਪਲ ਫੇਲ੍ਹ ਕਰਵਾਉਂਦਾ ਸੀ। ਇੰਸਪੈਕਟਰ ਇੰਦਰਜੀਤ ਸਿੰਘ ਵੱਲੋਂ ਉਸ ਨੂੰ ਗ੍ਰਿਫਤਾਰ ਕਰਨ ਦੀ ਬਜਾਏ 17 ਲੱਖ ਰੁਪਏ ਲੈ ਕੇ ਉਸ ਨੂੰ ਗਵਾਹ ਬਣਾ ਲਿਆ ਗਿਆ। (SSP)
ਇਸ ਕੇਸ ਵਿੱਚ ਸਾਬਕਾ ਐਸਐਸਪੀ ਰਾਜਜੀਤ ਕੋਲੋਂ ਵੀ ਕੀਤੀ ਗਈ ਪੁੱਛਗਿੱਛ
ਪਟਿਆਲਾ ਵਿਜੀਲੈਸ ਦੇ ਈਓ ਵਿੰਗ ਦੇ ਐਸਪੀ ਪ੍ਰੀਤਪਾਲ ਸਿੰਘ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਐਨਾ ਵੱਡਾ ਮਾਮਲਾ ਐਸਐਸਪੀ ਦੀ ਭੂਮਿਕਾ ਤੋਂ ਬਗੈਰ ਨਹੀਂ ਹੋ ਸਕਦਾ, ਇਸ ਕੇਸ ਵਿੱਚ ਅੱਜ ਸਾਬਕਾ ਐਸਐਸਪੀ ਰਾਜਜੀਤ ਕੋਲੋਂ ਪੁੱਛਗਿੱਛ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਅਨੇਕਾਂ ਸੁਆਲ ਕੀਤੇ ਗਏ। ਉਨ੍ਹਾਂ ਹੋਰ ਦੱਸਿਆ ਕਿ ਰਾਜਜੀਤ ਅੱਗੇ ਕਈ ਹੋਰ ਸੁਆਲ ਵੀ ਰੱਖੇ ਗਏ ਹਨ ਜਿਸ ਦਾ ਉਸ ਤੋਂ ਜਵਾਬ ਲਿਆ ਜਾਵੇਗਾ।
ਇਹ ਮਾਮਲਾ ਉਸ ਸਮੇਂ ਉਜਾਗਰ ਹੋਇਆ ਜਦੋਂ ਜਗਦੀਪ ਸਿੰਘ ਨੂੰ ਮੁੜ ਸੈਂਪਲ ਫੇਲ੍ਹ ਕਰਵਾਉਣ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸ ਤੋਂ ਬਾਅਦ ਇਹ ਸਾਰਾ ਖੁਲਾਸਾ ਉਸ ਵੱਲੋਂ ਕੀਤਾ ਗਿਆ ਸੀ। ਚੰਡੀਗੜ੍ਹ ਵਿਖੇ ਪਾਸਪੋਰਟ ਜਮ੍ਹਾਂ ਕਰਾਉਣ ਮੌਕੇ ਰਾਜਜੀਤ ਨੇ ਕਿਹਾ ਕਿ ਉਨ੍ਹਾਂ ਦਾ ਮਾਮਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਚੱਲ ਰਿਹਾ ਹੈ ਅਤੇ ਇਸ ਦੀ ਅਗਲੀ ਸੁਣਵਾਈ 25 ਜੁਲਾਈ ਨੂੰ ਹੈ ਅਤੇ ਉਹ ਮਾਨਯੋਗ ਅਦਾਲਤ ‘ਤੇ ਪੂਰਾ ਭਰੋਸਾ ਕਰਦੇ ਹਨ। ਰਾਜਜੀਤ ਸਿੰਘ ਨੇ ਕਿਹਾ ਕਿ ਉਹ ਇਹ ਸੁਣ ਕੇ ਹੈਰਾਨ ਹੋ ਗਏ ਸਨ ਕਿ ਵਿਜੀਲੈਂਸ ਵਲੋਂ ਉਸ ਖ਼ਿਲਾਫ਼ ਲੁਕ ਆਊਟ ਜਾਰੀ ਕਰ ਦਿੱਤਾ ਗਿਆ ਹੈ, ਉਨ੍ਹਾਂ ਕਿਹਾ ਕਿ ਉਹ ਕਿਤੇ ਵੀ ਭਜਣ ਵਾਲੇ ਨਹੀਂ ਹਨ।
ਉਨਾਂ ਕਿਹਾ ਕਿ ਉਹ ਇੱਕ ਸ਼ਹੀਦ ਪਰਿਵਾਰ ਨਾਲ ਸੰਬੰਧਿਤ ਹਨ ਅਤੇ ਦੇਸ਼ ਲਈ ਕੁਰਬਾਨੀ ਦੇਣਾ ਜਾਣਦੇ ਹਨ। ਇਸ ਲਈ ਉਨਾਂ ਦੇ ਮਾਮਲੇ ਵਿੱਚ ਹਰ ਫੈਸਲਾ ਆਉਣ ਤੱਕ ਉਹ ਕਿਥੇ ਵੀ ਨਹੀਂ ਜਾਣ ਵਾਲੇ ਹਨ। ਦੱਸਣਯੋਗ ਹੈ ਕਿ ਰਾਜਜੀਤ ਸਿੰਘ ‘ਤੇ ਨਸ਼ੇ ਖ਼ਿਲਾਫ਼ ਬਣਾਈ ਗਈ ਐਸ.ਆਈ.ਟੀ. ਵੱਲੋਂ ਦੋਸ਼ ਲਗਾਏ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮੋਗਾ ਐਸ.ਐਸ.ਪੀ. ਤੋਂ ਹਟਾਇਆ ਗਿਆ ਸੀ ਅਤੇ ਬੀਤੀ ਰਾਤ ਰਾਜਜੀਤ ਦੇ ਵਿਦੇਸ਼ ਭੱਜਣ ਦੀ ਅਫ਼ਵਾਹ ਫੈਲਣ ਤੋਂ ਬਾਅਦ ਲੁੱਕ ਆਉਟ ਨੋਟਿਸ ਜਾਰੀ ਕਰ ਦਿੱਤਾ ਗਿਆ ਸੀ। ਇਸ ਸਮੇਂ ਰਾਜਜੀਤ ਸਿੰਘ ਮੁਹਾਲੀ ਦੀ ਚੌਥੀ ਬਟਾਲੀਅਨ ਵਿਖੇ ਕਮਾਂਡੈਂਟ ਤੈਨਾਤ ਹਨ।