ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਸਾਬਕਾ ਪ੍ਰਧਾਨ ਮੰਤਰੀ ਨੂੰ 5 ਸਾਲ ਲਈ ਅਯੋਗ ਠਹਿਰਾਇਆ
ਇਸਲਾਮਾਬਾਦ। ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਪੀਟੀਆਈ ਨੇਤਾ ਇਮਰਾਨ ਖਾਨ (Imran Khan Pakistan ) ਨੂੰ ਵੱਡਾ ਝਟਕਾ ਦਿੰਦੇ ਹੋਏ ਸਾਬਕਾ ਪ੍ਰਧਾਨ ਮੰਤਰੀ ਅਤੇ ਪੀਟੀਆਈ ਨੇਤਾ ਇਮਰਾਨ ਖਾਨ ਨੂੰ 5 ਸਾਲ ਲਈ ਅਯੋਗ ਕਰਾਰ ਦੇ ਦਿੱਤਾ ਹੈ। ਪਾਕਿਸਤਾਨ ਦੇ ਮੁੱਖ ਚੋਣ ਕਮਿਸ਼ਨਰ ਸਿਕੰਦਰ ਸੁਲਤਾਨ ਰਜ਼ਾ ਦੀ ਅਗਵਾਈ ਵਾਲੀ 4 ਮੈਂਬਰੀ ਬੈਂਚ ਨੇ ਇਮਰਾਨ ਖ਼ਿਲਾਫ਼ ਇਹ ਫ਼ੈਸਲਾ ਸੁਣਾਇਆ। ਚੋਣ ਕਮਿਸ਼ਨ ਨੇ ਇਹ ਫੈਸਲਾ ਤੋਸ਼ਖਾਨਾ ਮਾਮਲੇ ਵਿੱਚ ਮਿਲੀ ਸ਼ਿਕਾਇਤ ਤੋਂ ਬਾਅਦ ਲਿਆ ਹੈ।
ਇਮਰਾਨ ‘ਤੇ ਦੋਸ਼ ਸੀ ਕਿ ਉਹ ਪੀਐਮ ਦੇ ਦੌਰਾਨ ਮਿਲੇ ਤੋਹਫ਼ਿਆਂ ਨਾਲ ਜੁੜੀ ਜਾਣਕਾਰੀ ਨੂੰ ਛੁਪਾਉਣ ਅਤੇ ਤੋਸ਼ਖਾਨੇ ’ਚੋਂ ਕੁਛ ਕੱਢ ਕੇ ਵੇਚਣ ਦਾ ਦੋਸ਼ ਲੱਗਿਆ ਹੈ। ਕਮਿਸ਼ਨ ਨੇ ਇਮਰਾਨ ਦੀ ਸੰਸਦ ਦੀ ਮੈਂਬਰਸ਼ਿਪ ਵੀ ਰੱਦ ਕਰ ਦਿੱਤੀ ਹੈ। ਇਸ ਫੈਸਲੇ ਤੋਂ ਬਾਅਦ ਇਮਰਾਨ ਅਗਲੇ 5 ਸਾਲਾਂ ਤੱਕ ਚੋਣ ਨਹੀਂ ਲੜ ਸਕਣਗੇ।
ਇੱਥੇ ਇਸ ਫੈਸਲੇ ਦੇ ਖਿਲਾਫ ਇਮਰਾਨ ਸਮਰਥਕਾਂ ਨੇ ਚੋਣ ਕਮਿਸ਼ਨ ਦੇ ਦਫਤਰ ਦੇ ਬਾਹਰ ਹੰਗਾਮਾ ਕੀਤਾ। ਇਮਰਾਨ ਦੇ ਸਮਰਥਕਾਂ ਨੇ ਪਹਿਲਾਂ ਇੱਥੇ ਸੁਰੱਖਿਆ ਕਰਮੀਆਂ ਨਾਲ ਹੱਥੋਪਾਈ ਕੀਤੀ, ਫਿਰ ਹਵਾ ਵਿੱਚ ਫਾਇਰਿੰਗ ਕੀਤੀ। ਫਿਲਹਾਲ ਇਸ ਘਟਨਾ ‘ਚ ਕੁਝ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਕੁਝ ਦੋਸ਼ੀਆਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ।
ਇਮਰਾਨ ਖਾਨ ’ਤੇ ਕੀ ਹੈ ਦੋਸ਼?
ਇਮਰਾਨ ਖਾਨ ਦੇ ਪ੍ਰਧਾਨ ਮੰਤਰੀ ਕਾਰਜਕਾਲ ਦੌਰਾਨ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਇਸ ਮਾਮਲੇ ਦੀ ਚੋਣ ਕਮਿਸ਼ਨ ਕੋਲ ਸ਼ਿਕਾਇਤ ਕੀਤੀ ਸੀ। ਇਮਰਾਨ ‘ਤੇ ਦੋਸ਼ ਸੀ ਕਿ ਉਸ ਨੇ ਤੋਸ਼ਖਾਨੇ ‘ਚ ਰੱਖੇ ਤੋਹਫ਼ੇ ਸਸਤੇ ‘ਚ ਖਰੀਦੇ ਸਨ ਅਤੇ ਮਹਿੰਗੇ ਭਾਅ ‘ਤੇ ਵੇਚੇ ਸਨ। ਇਮਰਾਨ ਨੇ ਜੋ ਤੋਹਫ਼ੇ ਵੇਚੇ, ਉਨ੍ਹਾਂ ਵਿੱਚ ਇੱਕ ਕੀਮਤੀ ਘੜੀ, ਇੱਕ ਕਫ਼ਲਿੰਕ, ਇੱਕ ਮਹਿੰਗਾ ਪੈੱਨ, ਇੱਕ ਅੰਗੂਠੀ ਅਤੇ ਚਾਰ ਰੋਲੇਕਸ ਘੜੀਆਂ ਸ਼ਾਮਲ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ