Nirmal Yadav Case: ਸੀਬੀਆਈ ਅਦਾਲਤ ਵੱਲੋਂ ਸੁਣਾਇਆ ਗਿਆ ਫੈਸਲਾ, ਸਾਬਕਾ ਜਸਟਿਸ ਨੇ ਕਿਹਾ, ‘ਸੱਚ ਦੀ ਹੋਈ ਜਿੱਤ’
Nirmal Yadav Case: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਅਤੇ ਹਰਿਆਣਾ ਕੋਰਟ ਦੀ ਸਾਬਕਾ ਜਸਟਿਸ ਨਿਰਮਲ ਕੌਰ ਯਾਦਵ ਨੂੰ 17 ਸਾਲ ਪੁਰਾਣੇ ਨੋਟ ਕਾਂਡ ਵਿੱਚ ਸੀਬੀਆਈ ਅਦਾਲਤ ਨੇ ਬਰੀ ਕਰ ਦਿੱਤਾ ਹੈ। ਅਦਾਲਤ ਵੱਲੋਂ ਸ਼ਨਿੱਚਰਵਾਰ ਨੂੰ ਜਦੋਂ ਇਹ ਫੈਸਲਾ ਸੁਣਾਇਆ ਗਿਆ ਤਾਂ ਨਿਰਮਲ ਯਾਦਵ ਆਪਣੀ ਹੀ ਕਾਰ ਵਿੱਚ ਮੌਜ਼ੂਦ ਸਨ। ਲੱਤ ਟੁੱਟੀ ਹੋਣ ਕਰਕੇ ਨਿਰਮਲ ਯਾਦਵ ਨੂੰ ਅਦਾਲਤ ਦੀ ਉਪਰਲੀ ਮੰਜਿਲ ਵਿੱਚ ਪੇਸ਼ ਹੋਣ ਤੋਂ ਛੋਟ ਮਿਲੀ ਹੋਈ ਸੀ।
ਇਸ ਫੈਸਲੇ ਦੇ ਆਉਣ ਤੋਂ ਬਾਅਦ ਉਨ੍ਹਾਂ ਕਾਫ਼ੀ ਜ਼ਿਆਦਾ ਖ਼ੁਸ਼ ਨਜ਼ਰ ਆਏ ਅਤੇ ਉਨ੍ਹਾਂ ਕਿਹਾ ਕਿ ਆਖ਼ਰਕਾਰ ਸੱਚ ਦੀ ਜਿੱਤ ਹੋਈ। ਇੱਥੇ ਦੱਸਣਯੋਗ ਹੈ ਕਿ ਨਿਰਮਲ ਯਾਦਵ ਦੇ ਘਰ 15 ਲੱਖ ਰੁਪਏ ਨਕਦੀ ਪੁੱਜਣ ਤੋਂ ਬਾਅਦ ਇਸ ਮਾਮਲੇ ਵਿੱਚ ਐੱਫਆਈਆਰ ਦਰਜ ਹੋਈ ਸੀ ਅਤੇ ਸ਼ਨਿੱਚਰਵਾਰ ਨੂੰ ਸੀਬੀਆਈ ਦੀ ਸਪੈਸ਼ਲ ਜੱਜ ਅਲਕਾ ਮਲਿਕ ਵੱਲੋਂ ਸ਼ਾਮ 4 ਵਜੇ ਇਹ ਫੈਸਲਾ ਸੁਣਾਇਆ ਗਿਆ। Nirmal Yadav Case
Read Also : Punjab Government News: ਪੰਜਾਬ ‘ਚ ਕਾਰੋਬਾਰ ਪੱਖੀ ਮਾਹੌਲ ਬਣਾਉਣ ਲਈ ਸਰਕਾਰ ਦਾ ਮਹੱਤਵਪੂਰਨ ਯਤਨ
ਇਸ ਮਾਮਲੇ ਵਿੱਚ ਨਿਰਮਲ ਯਾਦਵ ਤੋਂ ਇਲਾਵਾ ਦਿੱਲੀ ਦੇ ਕਾਰੋਬਾਰੀ ਰਵਿੰਦਰ ਸਿੰਘ ਭਸੀਨ, ਪ੍ਰਾਪਰਟੀ ਡੀਲਰ ਰਾਜੀਵ ਗੁਪਤਾ ਅਤੇ ਨਿਰਮਲ ਸਿੰਘ ਨੂੰ ਵੀ ਬਰੀ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ 13 ਅਗਸਤ 2008 ਨੂੰ ਹਾਈ ਕੋਰਟ ਦੀ ਜਸਟਿਸ ਨਿਰਮਲਜੀਤ ਕੌਰ ਦੇ ਘਰ ’ਚ 15 ਲੱਖ ਰੁਪਏ ਨਕਦ ਪੁੱਜੇ ਸਨ ਤਾਂ ਇਹ ਪੈਸੇ ਪੁੱਜਣ ਤੋਂ ਬਾਅਦ ਨਿਰਮਲਜੀਤ ਕੌਰ ਦੇ ਚਪੜਾਸੀ ਅਮਰੀਕ ਸਿੰਘ ਨੇ 13 ਅਗਸਤ 2008 ਨੂੰ ਹੀ ਆਪਣੀ ਸ਼ਿਕਾਇਤ ਪੁਲਿਸ ਵਿੱਚ ਦਰਜ ਕਰਵਾਈ ਸੀ ਅਤੇ ਇਸ ਮਾਮਲੇ ਨੂੰ ਸੀਬੀਆਈ ਦੇ ਹਵਾਲੇ ਕਰ ਦਿੱਤਾ ਗਿਆ ਸੀ।
ਸੀਬੀਆਈ ਨੇ ਆਪਣੀ ਜਾਂਚ ਵਿੱਚ ਇਹ ਦੋਸ਼ ਲਾਏ ਕਿ ਇਹ ਪੈਸੇ ਨਿਰਮਲਜੀਤ ਕੌਰ ਦੇ ਲਈ ਨਹੀਂ, ਸਗੋਂ ਨਿਰਮਲ ਯਾਦਵ ਲਈ ਆਏ ਸਨ। ਪੈਸੇ ਭੇਜਣ ਵਾਲੇ ਅਤੇ ਇਸ ਵਿੱਚ ਸ਼ਾਮਲ ਵਿਅਕਤੀਆਂ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਦੀ ਧਾਰਾ 11 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਸੀਬੀਆਈ ਅਦਾਲਤ ਵਿੱਚ ਇਹ ਮਾਮਲਾ ਕਾਫ਼ੀ ਲੰਮਾ ਚੱਲਣ ਤੋਂ ਬਾਅਦ ਹੁਣ ਫੈਸਲਾ ਆਇਆ ਹੈ।