ਪੰਜਾਬ ਵਿਜੀਲੈਂਸ ਕਰ ਰਹੀ ਐ ਜਾਂਚ, ਗਿ੍ਰਫ਼ਤਾਰੀ ਤੋਂ ਘਬਰਾਏ ਭਾਰਤ ਭੂਸ਼ਨ ਆਸੂ ਪੁੱਜੇ ਹਾਈ ਕੋਰਟ
ਹਾਈ ਕੋਰਟ ਤੋਂ ਕੀਤੀ ਮੰਗ, ਗਿ੍ਰਫਤਾਰ ਕਰਨ ਤੋਂ ਪਹਿਲਾਂ ਦਿੱਤਾ ਜਾਵੇ 7 ਦਿਨ ਦਾ ਨੋਟਿਸ
ਪੰਜਾਬ ਦੀ ਆਪ ਸਰਕਾਰ ਕਰ ਰਹੀ ਐ ਬਦਲੇ ਦੀ ਭਾਵਨਾ ਨਾਲ ਕਾਰਵਾਈ : ਆਸ਼ੂ
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਜੇਲ੍ਹ ਜਾਣ ਤੋਂ ਬਾਅਦ ਹੁਣ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ’ਤੇ ਕਾਰਵਾਈ ਦੀ ਤਲਵਾਰ ਲਟਕਣੀ ਸ਼ੁਰੂ ਹੋ ਗਈ ਹੈ। ਭਾਰਤ ਭੂਸ਼ਨ ਆਸ਼ੂ ਕਿ ਉਹ ਸੋਮਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੱਕ ਪੁੱਜ ਗਏ ਹਨ, ਜਿਥੇ ਕਿ ਉਨਾਂ ਵਲੋਂ ਗਿ੍ਰਫ਼ਤਾਰੀ ਤੋਂ ਪਹਿਲਾਂ 7 ਦਿਨ ਦਾ ਨੋਟਿਸ ਦੇਣ ਤੱਕ ਦੀ ਮੰਗ ਕੀਤੀ ਹੈ ਅਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਬਦਲੇ ਦੀ ਭਾਵਨਾ ਨਾਲ ਕਾਰਵਾਈ ਕਰਨ ਦਾ ਦੋਸ਼ ਵੀ ਲਗਾਇਆ ਗਿਆ ਹੈ।
ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਪਿਛਲੀ ਕਾਂਗਰਸ ਸਰਕਾਰ ਦਰਮਿਆਨ ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਮੰਤਰੀ ਰਹੇ ਹਨ। ਇਸ ਵਿਭਾਗ ਵਿੱਚ ਰਹਿੰਦੇ ਹੋਏ ਉਨਾਂ ਦੀ ਇਜਾਜ਼ਤ ਤੋਂ ਬਾਅਦ ਕਰੋੜਾ ਰੁਪਏ ਦੇ ਟੈਂਡਰ ਜਾਰੀ ਵੀ ਹੋਏ ਹਨ ਅਤੇ ਸਰਕਾਰੀ ਕਾਰੋਬਾਰ ਵੀ ਹੋਇਆ ਹੈ। ਹੁਣ ਕਾਂਗਰਸ ਦੇ ਸੱਤਾ ਤੋਂ ਬਾਹਰ ਹੋਣ ਤੋਂ ਬਾਅਦ ਪੰਜਾਬ ਵਿਜੀਲੈਂਸ ਵੱਲੋਂ 2 ਹਜ਼ਾਰ ਕਰੋੜ ਰੁਪਏ ਦੇ ਟੈਂਡਰ ਜਾਰੀ ਹੋਣ ਸਬੰਧੀ ਜਾਂਚ ਕੀਤੀ ਜਾ ਰਹੀ ਹੈ।
ਭਾਰਤ ਭੂਸ਼ਨ ਆਸ਼ੂ ’ਤੇ ਪੰਜਾਬ ਦੇ ਛੋਟੇ ਠੇਕੇਦਾਰਾਂ ਵਲੋਂ ਦੋਸ਼ ਲਗਾਏ ਗਏ ਹਨ ਕਿ ਪੰਜਾਬ ਦੀ ਮੰਡੀਆਂ ਵਿੱਚ ਹੋਣ ਵਾਲੀ ਖ਼ਰੀਦ ਨੂੰ ਲੈ ਕੇ ਲੇਬਰ ਅਤੇ ਟਰਾਂਸਪੋਰਟੇਸ਼ਨ ਵਿੱਚ ਵੱਡੇ ਪੱਧਰ ’ਤੇ ਘਪਲਾ ਹੋਇਆ ਹੈ। ਸਾਬਕਾ ਮੰਤਰੀ ਵਲੋਂ ਆਪਣੇ ਚਹੇਤੇ 20-25 ਵਿਅਕਤੀਆਂ ਨੂੰ ਹੀ ਫਾਇਦਾ ਪਹੁੰਚਾਇਆ ਹੈ, ਜਦੋਂ ਕਿ ਛੋਟੇ ਠੇਕੇਦਾਰਾਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਸੀ। ਇਸ ਦਰਮਿਆਨ 2 ਹਜ਼ਾਰ ਕਰੋੜ ਰੁਪਏ ਤੋਂ ਜਿਆਦਾ ਘਪਲਾ ਹੋਇਆ ਹੈ। ਇਸ ਤਰ੍ਹਾਂ ਦੇ ਦੋਸ਼ ਲੱਗਣ ਤੋਂ ਬਾਅਦ ਪੰਜਾਬ ਵਿਜੀਲੈਂਸ ਟੈਂਡਰ ਦੀ ਪ੍ਰਕਿ੍ਰਆ ਬਾਰੇ ਜਾਂਚ ਕਰ ਰਹੀ ਹੈ। ਇਸ ਮਾਮਲੇ ਵਿੱਚ ਦੋਸ਼ ਸਿੱਧੇ ਸਾਬਕਾ ਕੈਬਨਿਟ ਮੰਤਰੀ ’ਤੇ ਹੋਣ ਕਰਕੇ ਭਾਰਤ ਭੂਸ਼ਨ ਆਸ਼ੂ ਨੂੰ ਗਿ੍ਰਫ਼ਤਾਰੀ ਦਾ ਡਰ ਸਤਾ ਰਿਹਾ ਹੈ।
ਜਿਸ ਕਾਰਨ ਹੀ ਭਾਰਤ ਭੂਸ਼ਨ ਆਸ਼ੂ ਕਿਸੇ ਵੀ ਤਰਾਂ ਦੀ ਨੋਟਿਸ ਜਾਂ ਵਿਜੀਲੈਂਸ ਦੀ ਕਾਰਵਾਈ ਤੋਂ ਪਹਿਲਾਂ ਹੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪੁੱਜ ਗਏ ਹਨ,ਜਿਥੇ ਕਿਉਨਾਂ ਵੱਲੋਂ ਦੋਸ਼ ਲਗਾਇਆ ਗਿਆ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਦਲੇ ਦੀ ਭਾਵਨਾ ਨਾਲ ਕਾਰਵਾਈ ਕਰ ਰਹੀ ਹੈ। ਜਿਸ ਕਾਰਨ ਹੀ ਉਨਾਂ ਨੂੰ ਇਸ ਤਰਾਂ ਦਾ ਝੂਠੇ ਮਾਮਲੇ ਵਿੱਚ ਫਸਾਇਆ ਜਾ ਸਕਦਾ ਹੈ। ਇਸ ਲਈ ਕਿਸੇ ਵੀ ਮਾਮਲੇ ਵਿੱਚ ਉਨਾਂ ਨੂੰ ਗਿ੍ਰਫ਼ਤਾਰ ਕਰਨ ਤੋਂ ਪਹਿਲਾਂ 7 ਦਿਨ ਦਾ ਨੋਟਿਸ ਦਿੱਤਾ ਜਾਵੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ